ਕੈਮਰਾ ਨਿਰਾਸ਼ਾ ਬਾਹਰ ਕੱਢਣ ਦਾ ਸਭ ਤੋਂ ਵਧੀਆ ਜ਼ਰੀਆ: ਨਾਨਾ ਪਾਟੇਕਰ
ਨਵੀਂ ਦਿੱਲੀ: ਫ਼ਿਲਮ ‘ਦਿ ਵੈਕਸੀਨ ਵਾਰ’ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਅਦਾਕਾਰ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕੈਮਰੇ ਮੂਹਰੇ ਗੱਲਬਾਤ ਕਰਕੇ ਆਪਣੀ ਨਿਰਾਸ਼ਾ ਬਾਹਰ ਨਿਕਲ ਜਾਂਦੀ ਹੈ। ਰਾਜਧਾਨੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ‘ ਅਭਿਨੇਤਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਾਡੇ ਕੋਲ ਕੈਮਰੇ ਦੀ ਮਦਦ ਨਾਲ ਆਪਣੀ ਨਿਰਾਸ਼ਾ ਨੂੰ ਬਾਹਰ ਕੱਢਣ ਦਾ ਸਭ ਤੋਂ ਵਧੀਆ ਸਾਧਨ ਹੈ। ਜੇ ਮੇਰੇ ਕੋਲ ਇਹ ਮਾਧਿਅਮ ਨਾ ਹੁੰਦਾ, ਤਾਂ ਮੈਂ ਪਾਗਲ ਹੋ ਜਾਂਦਾ। ਵੈਸੇ ਵੀ ਮੈਨੂੰ ਪਾਗਲ ਕਿਹਾ ਜਾਂਦਾ ਹੈ ਪਰ ਇਹ ਸਾਡੇ ਲਈ ਬਹੁਤ ਵੱਡਾ ਸਾਧਨ ਹੈ।’’ ਇਸ ਮੌਕੇ ਅਦਾਕਾਰ ਨਾਲ ਦੱਖਣ ਦੀਆਂ ਫਿਲਮਾਂ ਵਿੱਚ ਕੰਮ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ। ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਵੱਲੋਂ ਬਣਾਈ ਫ਼ਿਲਮ ‘ਦਿ ਵੈਕਸੀਨ ਵਾਰ’ ਨੂੰ ਭਾਰਤ ਦੀ ਪਹਿਲੀ ਬਾਇਓ-ਸਾਇੰਸ ਫਿਲਮ ਵਜੋਂ ਜਾਣਿਆ ਜਾਂਦਾ ਹੈ। ਇਹ ਫ਼ਿਲਮ ਉਨ੍ਹਾਂ ਮਾਹਿਰ ਵਿਗਿਆਨੀਆਂ ਬਾਰੇ ਗੱਲ ਕਰਦੀ ਹੈ, ਜਿਨ੍ਹਾਂ ਨੇੇ ਸਵਦੇਸ਼ੀ ਬੀਬੀਵੀ152 ਵੈਕਸੀਨ, ਜਿਸ ਨੂੰ ਆਮ ਤੌਰ ’ਤੇ ਕੋਵੈਕਸਿਨ ਵਜੋਂ ਜਾਣਿਆ ਜਾਂਦਾ ਹੈ, ਨੂੰ ਵਿਕਸਤ ਕੀਤਾ ਹੈ। ਫ਼ਿਲਮ ਵਿੱਚ ਪੱਲਵੀ ਜੋਸ਼ੀ, ਅਨੁਪਮ ਖੇਰ, ਰਾਇਮਾ ਸੇਨ ਅਤੇ ਸਪਤਾਮੀ ਗੌੜਾ ਵੀ ਹਨ। ਇਹ ਫਿਲਮ 28 ਸਤੰਬਰ ਨੂੰ 10 ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐਨਐਸ