ਭਾਰਤੀ ਮੂਲ ਦੇ ਦੋ ਵਿਗਿਆਨੀਆਂ ਨੂੰ ਸਰਵੋਤਮ ਵਿਗਿਆਨਕ ਪੁਰਸਕਾਰ
ਵਾਸ਼ਿੰਗਟਨ, 25 ਅਕਤੂਬਰ
ਅਮਰੀਕਾ ਦੇਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਭਾਰਤੀ-ਅਮਰੀਕੀ ਵਿਗਿਆਨੀਆਂ ਨੂੰ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਅਸ਼ੋਕ ਗਡਗਿਲ ਤੇ ਸੁਬਰਾ ਸੁਰੇਸ਼ ਨੂੰ ਇਹ ਸਨਮਾਨ ਇਨ੍ਹਾਂ ਵੱਲੋਂ ਵਿਗਿਆਨ ਤੇ ਤਕਨੀਕ ਖੇਤਰ ਲਈ ਦਿੱਤੇ ਯੋਗਦਾਨ ਬਦਲੇ ਦਿੱਤਾ ਗਿਆ ਹੈ। ਬਾਇਡਨ ਨੇ ਗਡਗਿਲ ਨੂੰ ਵੱਕਾਰੀ ਵਾਈਟ ਹਾਊਸ ‘ਨੈਸ਼ਨਲ ਮੈਡਲ ਫਾਰ ਟੈਕਨਾਲੋਜੀ ਐਂਡ ਇਨੋਵੇਸ਼ਨ’ ਪ੍ਰਦਾਨ ਕੀਤਾ। ਅਸ਼ੋਕ ਗਡਗਿਲ ਯੂਸੀ ਬਰਕਲੇ ’ਚ ਸਿਵਲ ਤੇ ਐੱਨਵਾਇਰਮੈਂਟਲ ਇੰਜਨੀਅਰਿੰਗ ਦੇ ਪ੍ਰੋਫੈਸਰ ਹਨ। ਉਨ੍ਹਾਂ ਪੂਰੇ ਸੰਸਾਰ ਵਿਚ ਲੋਕਾਂ ਨੂੰ ਜੀਵਨ ਜਿਊਣ ਵਾਲੇ ਸਰੋਤ ਪ੍ਰਦਾਨ ਕਰਨ ਵਿਚ ਮਦਦ ਕੀਤੀ ਹੈ। ਉਨ੍ਹਾਂ ਪੀਣ ਵਾਲੇ ਸਾਫ਼ ਪਾਣੀ ਨਾਲ ਜੁੜੀਆਂ ਤਕਨੀਕਾਂ, ਘੱਟ ਊਰਜਾ ਖ਼ਪਤ ਵਾਲੇ ਸਟੋਵ ਤੇ ਕਿਫਾਇਤੀ ਇਲੈਕਟ੍ਰਿਕ ਲਾਈਟਿੰਗ ਵਿਕਸਿਤ ਕੀਤੀ ਹੈ। ਉਨ੍ਹਾਂ ਦੀ ਖੋਜ ਨੇ ਵਿਕਾਸਸ਼ੀਲ ਦੇਸ਼ਾਂ ਵਿਚ 10 ਕਰੋੜ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਹੈ। ਗਡਗਿਲ ਨੇ ਮੁੰਬਈ ਯੂਨੀਵਰਸਿਟੀ ਤੇ ਆਈਆਈਟੀ ਕਾਨਪੁਰ ਤੋਂ ਫਿਜ਼ੀਕਸ ’ਚ ਡਿਗਰੀਆਂ ਕੀਤੀਆਂ ਹਨ। ਯੂਸੀ ਬਰਕਲੇ ਤੋਂ ਉਨ੍ਹਾਂ ਪੀਐਚਡੀ ਕੀਤੀ ਸੀ। ਸੁਰੇਸ਼, ਜੋ ਕਿ ਬਰਾਊਨ ਯੂਨੀਵਰਸਿਟੀ ਦੇ ਇੰਜਨੀਅਰਿੰਗ ਸਕੂਲ ’ਚ ਪ੍ਰੋਫੈਸਰ ਹਨ, ਨੂੰ ਇਹ ਸਨਮਾਨ ਇੰਜਨੀਅਰਿੰਗ, ਫਿਜ਼ੀਕਲ ਤੇ ਲਾਈਫ ਸਾਇੰਸਿਜ਼ ’ਚ ਕੀਤੀ ਖੋਜ ਲਈ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਮਟੀਰੀਅਲ ਸਾਇੰਸ ਤੇ ਹੋਰਨਾਂ ਵਿਸ਼ਿਆਂ ’ਚ ਵਰਤੋਂ ਦਾ ਅਧਿਐਨ ਕੀਤਾ ਹੈ। ਸੁਰੇਸ਼ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਸਾਬਕਾ ਮੁਖੀ ਹਨ। ਭਾਰਤ ਵਿਚ 1956 ’ਚ ਜਨਮੇ ਸੁਰੇਸ਼ ਨੇ 15 ਸਾਲ ਦੀ ਉਮਰ ਵਿਚ ਹਾਈ ਸਕੂਲ ਪਾਸ ਕੀਤਾ ਸੀ ਤੇ 25 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਨ੍ਹਾਂ ਗਰੈਜੂਏਟ, ਮਾਸਟਰ’ਜ਼ ਤੇ ਪੀਐਚਡੀ ਦੀ ਡਿਗਰੀ ਕਰ ਲਈ ਸੀ। -ਪੀਟੀਆਈ