ਕਾਨ ਫ਼ਿਲਮ ਮੇਲੇ ਵਿੱਚ ਸੇਨਗੁਪਤਾ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ
ਕਾਨ: ਬੁਲਗਾਰੀਅਨ ਨਿਰਦੇਸ਼ਕ ਕੋਨਸਟੈਂਟਿਨ ਬੋਜਾਨੋਵ ਦੀ ਹਿੰਦੀ ਫਿਲਮ ‘ਦਿ ਸ਼ੇਮਲੈੱਸ’ ਦੀ ਅਦਾਕਾਰਾ ਅਨਾਸੂਈਆ ਸੇਨਗੁਪਤਾ ਨੇ ਕਾਨ ਫਿਲਮ ਫੈਸਟੀਵਲ-2024 ’ਚ ‘ਅਨਸਰਟਨ ਰਿਗਾਰਡ’ ਸ਼੍ਰੇਣੀ ਵਿੱਚ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕੋਲਕਾਤਾ ਦੀ ਰਹਿਣ ਵਾਲੀ ਸੇਨਗੁਪਤਾ ਇਸ ਸ਼੍ਰੇਣੀ ਵਿੱਚ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਹੈ। ਜਾਣਕਾਰੀ ਅਨੁਸਾਰ ਕਾਨ ਫਿਲਮ ਮੇਲਾ ਅੱਜ ਸਮਾਪਤ ਹੋ ਗਿਆ ਹੈ। ਅਦਾਕਾਰਾ ਨੇ ਆਪਣਾ ਪੁਰਸਕਾਰ ਪੂਰੀ ਦੁਨੀਆ ਵਿੱਚ ਆਪਣੇ ਅਧਿਕਾਰਾਂ ਲਈ ਲੜ ਰਹੇ ‘ਸਮਲਿੰਗੀ’ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ਨੂੰ ਸਮਰਪਿਤ ਕੀਤਾ ਹੈ। ਅਦਾਕਾਰਾ ਨੇ ਕਿਹਾ, ‘‘ਤੁਹਾਨੂੰ ਬਰਾਬਰੀ ਲਈ ਲੜਾਈ ਲੜਨ ਦੀ ਲੋੜ ਨਹੀਂ, ਤੁਹਾਨੂੰ ਸਿਰਫ ਚੰਗੇ ਇਨਸਾਨ ਬਣਨ ਦੀ ਲੋੜ ਹੈ।’’ ਸੇਨਗੁਪਤਾ ਲਈ ਇਹ ਐਵਾਰਡ ਯਾਦਗਾਰੀ ਬਣ ਗਿਆ ਹੈ। ਅਦਾਕਾਰਾ ਨੂੰ ਇਸ ਤੋਂ ਪਹਿਲਾਂ 2009 ’ਚ ਆਈ ਬੰਗਾਲੀ ਫਿਲਮ ‘ਮੇਡਲੀ ਬੰਗਾਲੀ’ ਵਿੱਚ ਵੀ ਖਾਸ ਭੂਮਿਕਾ ਨਿਭਾਈ ਸੀ। -ਪੀਟੀਆਈ
ਪਾਇਲ ਕਬਾਡੀਆ ਦੀ ਫਿਲਮ ਦਾ ਵਰਲਡ ਪ੍ਰੀਮੀਅਰ
ਪਾਇਲ ਕਬਾਡੀਆ ਦੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ’ ਦਾ ਕਾਨ ਫਿਲਮ ਮੇਲੇ ਵਿੱਚ ਵਰਲਡ ਪ੍ਰੀਮੀਅਰ ਹੋਇਆ। ਇਹ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆਈ ਅਤੇ ਦਰਸ਼ਕ ਅੱਠ ਮਿੰਟ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਰਹੇ। ਇਹ ਮਹਿਜ਼ ਪਾਇਲ ਦੀ ਜਿੱਤ ਹੀ ਨਹੀਂ ਹੈ ਸਗੋਂ ਇਹ ਪਲ ਭਾਰਤੀ ਸਿਨੇ ਜਗਤ ਲਈ ਯਾਦਗਾਰੀ ਹੋ ਨਿਬੜੇ। ਕਪਾਡੀਆ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਿਲਮ ਨਿਰਮਾਤਾ ਹੈ। ਕਬਾਡੀਆ ਦੀ ਇਸ ਫਿਲਮ ਦੀ ਸ਼ੂਟਿੰਗ ਮੁੰਬਈ ਵਿੱਚ ਤਪਦੀ ਗਰਮੀ ਦੌਰਾਨ 25 ਦਿਨਾਂ ਵਿੱਚ ਪੂਰੀ ਕੀਤੀ ਗਈ ਹੈ। ਫਿਲਮ ਦੋ ਔਰਤਾਂ ਪ੍ਰਭਾ ਤੇ ਅਨੂ ਦੀ ਜ਼ਿੰਦਗੀ ਬਾਰੇ ਹੈ। -ਏਐੱਨਆਈ