ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਸ ਅੱਖੀਆਂ ਦੇ ਕੋਲ

11:42 AM Jul 23, 2023 IST

ਦੀਪਤੀ ਬਬੂਟਾ

ਕਥਾ ਪ੍ਰਵਾਹ

ਡੈਡੀ ਬੁਝੇ-ਬੁਝੇ ਨੇ। ਪਤਾ ਨਹੀਂ ਕਿਹੜਾ ਗ਼ਮ ਦਾ ਗੋਲਾ ਏ ਜੋ ਅੰਦਰੇ-ਅੰਦਰ ਫਿਸੂੰ-ਫਿਸੂੰ ਕਰਦਾ ਏ। ਨਾਸ਼ਤਾ ਬਣਾਉਂਦੀ ਸੋਚੀਂ ਪਈ ਹਾਂ ਕਿ ਰਮਨ ਦੇ ਬੋਲ ਕੰਨੀਂ ਪਏ, ‘‘ਕੀ ਹੋਇਐ ਡੈਡੀ? ਤਬੀਅਤ ਠੀਕ ਏ ਤੁਹਾਡੀ?’’ ‘‘ਹਾਂ।’’ ਡੈਡੀ ਦੀ ਮੱਧਮ ਜਿਹੀ ਆਵਾਜ਼ ਸੁਣ ਮੈਂ ਪਰੌਂਠਾ ਵੇਲਣ ਲੱਗੀ ਹਾਂ।
‘‘ਹੋਰ ਪਰੌਂਠਾ ਨਾ ਬਣਾਈਂ ਨਿਮਰ। ਡੈਡੀ ਨੇ ਨਾਸ਼ਤਾ ਨਹੀਂ ਲਿਆ। ਇਹੀ ਪਲੇਟ ਮੈਂ ਲੈ ਲੈਂਦਾਂ।’’ ਪਰੌਂਠਾ ਤਵੇ ’ਤੇ ਪਾਇਆ ਸੀ ਕਿ ਰਮਨ ਦੀ ਅਗਲੀ ਆਵਾਜ਼ ਕੰਨੀਂ ਪਈ।
ਰੁਟੀਨ ਮੁਤਾਬਿਕ ਡੈਡੀ ਦੀ ਪਸੰਦ ਦਾ ਲੌਂਗ-ਇਲਾਇਚੀ ਵਾਲਾ ਦੁੱਧ ਬਣਾਇਆ ਤੇ ਲੈ ਕੇ ਡਾਈਨਿੰਗ ਟੇਬਲ ’ਤੇ ਜਾ ਪਹੁੰਚੀ। ਦੁੱਧ ਦਾ ਗਿਲਾਸ ਉਨ੍ਹਾਂ ਵੱਲ ਵਧਾਉਂਦਿਆਂ ਸਹਿਜ-ਸੁਭਾਅ ਪੁੱਛ ਲਿਆ, ‘‘ਕੀ ਗੱਲ, ਨਾਸ਼ਤਾ ਕਿਉਂ ਨਹੀਂ ਕੀਤਾ ਡੈਡੀ? ਤੁਹਾਡੇ ਲਈ ਸਪੈਸ਼ਲ ਮੇਥੀ ਪਰੌਂਠਾ ਬਣਾਇਆ ਸੀ ਮੈਂ।’’ ਦੁੱਧ ਦਾ ਗਿਲਾਸ ਮੇਰੇ ਹੱਥੀਂ ਫੜਿਆ ਰਹਿ ਗਿਆ ਤੇ ਡੈਡੀ ਉੱਠ ਕੇ ਦਰਵਾਜ਼ਿਓਂ ਬਾਹਰ ਨਿਕਲ ਗਏ। ਸਕੂਟਰ ਸਟਾਰਟ ਹੋਣ ਦੀ ਆਵਾਜ਼ ਸੁਣ, ‘‘ਡੈਡੀ, ਡੈਡੀ’’ ਕਰਦਾ ਰਮਨ ਪਿੱਛੇ ਭੱਜਿਆ, ਪਰ ਡੈਡੀ ਤਾਂ ਗਲੀ ਦਾ ਮੋੜ ਵੀ ਮੁੜ ਗਏ ਸਨ। ‘‘ਹੱਦ ਹੋ’ਗੀ ਯਾਰ। ਕੋਈ ਪਰਾਬਲਮ ਹੈ ਤਾਂ ਦੱਸੇ ਬੰਦਾ। ਅਸੀਂ ਕਿਹੜਾ ਅੰਤਰਯਾਮੀ ਆਂ ਜਿਹੜਾ ਅੰਤਰਝਾਤ ਮਾਰ ਮਰਜ਼ ਪਛਾਣ ਲਈਏ।’’ ‘‘ਰਮਨ, ਤੁਸੀਂ ਆਫ਼ਿਸ ਜਾਂਦੇ ਹੋਏ ਡੈਡੀ ਕੋਲ ਢਾਬੇ ’ਤੇ ਹੁੰਦੇ ਜਾਣਾ। ਕੋਈ ਗੱਲ ਤਾਂ ਹੈ ਜਿਹੜਾ...!’’ ‘‘ਤੂੰ ਵੀ ਨਾ ਪਿੱਛੇ ਹੀ ਪੈ ਜਾਇਆ ਕਰ। ਮੈਂ ਪਹਿਲਾਂ ਈ ਲੇਟ ਆਂ। ਬਾਇਓਮੀਟਰਿਕ ਅਟੈਂਡੈਂਸ ਨੇ ਸਿੱਧਾ ਹਾਫ਼ ਡੇਅ ਕੱਟ ਮਰਵਾ ਦੇਣੈ ਮੇਰਾ।’’ ‘‘ਬੱਚਾ ਬੁੱਢਾ ਇੱਕ ਬਰਾਬਰ ਹੁੰਦੈ। ਇਨ੍ਹਾਂ ਦੇ ਮਨਾਂ ਦੀਆਂ ਜਾਣਨ ਲਈ ਸੌ ਪਾਪੜ ਵੇਲਣੇ ਪੈਂਦੇ ਆ। ਰਾਤ ਵੀ ਡੈਡੀ ਨੇ ਕੁਝ ਮੂੰਹ ਨਹੀਂ ਲਾਇਆ। ਦਾਦੂ-ਦਾਦੂ ਕਰਦੇ ਬੱਚੇ ਅੱਗੇ-ਪਿੱਛੇ ਹੁੰਦੇ ਰਹੇ। ਉਨ੍ਹਾਂ ਨਾਲ ਵੀ ਮਾੜੀ-ਮੋਟੀ ਹੂੰ-ਹਾਂ ਕਰਕੇ ਆਪਣੇ ਕਮਰੇ ਅੰਦਰ ਵੜ ਕੁੰਡੀ ਲਾ ਲਈ। ਵੇਖਿਆ ਨਹੀਂ, ਹੁਣ ਵੀ ਉਨ੍ਹਾਂ ਦੇ ਅੱਥਰੂ ਡਿਗੂੰ-ਡਿਗੂੰ...’’ ‘‘ਤੂੰ ਤਾਂ ਮੈਨੂੰ ਵੀ ਟੈਨਸ਼ਨ ਲਾ’ਤੀ ਯਾਰ।’’
‘‘ਮੇਰੀ ਮੰਨੋ ਇੱਕ ਵਾਰੀ ਵੇਖਦੇ ਜਾਇਓ। ਬਾਕੀ ਬੂਟੀਕ ਖੋਲ੍ਹ ਕੇ ਮੈਂ ਵੀ ਹੋ ਲਵਾਂਗੀ ਡੈਡੀ ਕੋਲ। ਮੈਂ ਆਸਟਰੇਲੀਆ ਵਾਲਾ ਆਰਡਰ ਤਿਆਰ ਕਰਵਾ ਕੇ ਕੈਨੇਡਾ ਵਾਲੇ ਆਰਡਰ ਦਾ ਕੰਮ ਸ਼ੁਰੂ ਕਰਵਾਉਣੈ। ਮੇਰੇ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ। ਉੱਤੋਂ ਡੈਡੀ ਜੀ ਦੀ ਹਾਲਤ ਠੀਕ ਨਹੀਂ, ਪਰ ਢਾਬੇ ਦਾ ਖਹਿੜਾ ਨਹੀਂ ਛੱਡਦੇ।’’
* * *
ਡੈਡੀ ਜੀ ਆਰਮੀ ’ਚੋਂ ਕੁੱਕ ਰਿਟਾਇਰ ਹੋ ਕੇ ਘਰ ਆਏ। ਸਾਡੇ ਭਾਅ ਦੀ ਮੁਸੀਬਤ ਹੋ ਗਈ। ਮੈਂ ਤੇ ਮੰਮੀ ਜੀ ਆਪਣੇ ਵੱਲੋਂ ਇੱਕ ਤੋਂ ਇੱਕ ਸੁਆਦਲਾ ਭੋਜਨ ਬਣਾ-ਬਣਾ ਪਰੋਸਦੀਆਂ, ਪਰ ਡੈਡੀ ਜੀ ਦੇ ਨੱਕ ’ਤੇ ਕੋਈ ਸੁਆਦ ਪ੍ਰਵਾਨ ਨਾ ਚੜ੍ਹਦਾ। ਉਹ ਆਦਤਨ ਦਾਲ-ਸਬਜ਼ੀ ਦੇ ਮਸਾਲੇ ਦੀ ਘਾਟ-ਵਾਧ ਸਮਝਾਉਂਦੇ, ਆਪਣੇ ਬਣਾਏ ਖਾਣਿਆਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗਦੇ। ਖਿੱਝ ਕੇ ਮੰਮੀ ਜੀ ਇੱਥੋਂ ਤੱਕ ਕਹਿ ਦਿੰਦੇ, ‘‘ਇਸ ਨਾਲੋਂ ਤਾਂ ਇਹ ਰਿਟਾਇਰ ਹੋ ਕੇ ਕਿਸੇ ਅਫ਼ਸਰ ਦਾ ਨਿੱਜੀ ਖਾਨਸਾਮਾ ਲੱਗ ਲੱਦਾਖ, ਰੋਹਤਾਂਗ ਚਲੇ ਜਾਂਦੇ। ਜਦੋਂ ਦੇ ਘਰ ਆਏ ਨੇ ਚੌਵੀ ਘੰਟੇ ਸਾਡੇ ’ਤੇ ਰਫ਼ਲ ਤਾਣੀ ਰੱਖਦੇ ਨੇ। ਕਦੀ ਇਨ੍ਹਾਂ ਨੂੰ ਸਫ਼ਾਈ ਪਸੰਦ ਨਹੀਂ ਆਉਂਦੀ, ਕਦੀ ਘਰ ਦਾ ਡਸਿਪਲਨਿ ਫ਼ੌਜ ਦੇ ਹਾਣ ਦਾ ਨਹੀਂ ਲੱਗਦਾ। ਵਿਹਲਾ ਬੰਦਾ ਸਿਰ ਦਾ ਖੌਅ। ਹੋਰ ਨਹੀਂ ਤਾਂ ਬੰਦਾ ਜਾ ਕੇ ਸਕਿਉਰਟੀ ਗਾਰਡ ਈ ਲੱਗ ਜਾਵੇ। ਨਾਲੇ ਪੁੰਨ ਨਾਲੇ ਫਲੀਆਂ।’’ ਮੰਮੀ ਜੀ ਡੈਡੀ ਨਾਲ ਬਨਿਾਂ ਜ਼ੁਬਾਨ ਸਾਂਝੀ ਕੀਤਿਆਂ ਉਨ੍ਹਾਂ ਦੇ ਕੰਨੀਂ ਮਨ ਆਈਆਂ ਬਾਤਾਂ ਦੇ ਤੀਰ ਮਾਰਨ ਤੋਂ ਰੱਤੀ ਭਰ ਗੁਰੇਜ਼ ਨਾ ਕਰਦੇ।
ਵੇਖਿਆ ਜਾਵੇ ਤਾਂ ਮੰਮੀ ਆਪਣੀ ਥਾਵੇਂ ਸੱਚੇ। ਫ਼ੌਜੀ ਨਾਲ ਵਿਆਹੀ ਜ਼ਨਾਨੀ ਜਿਉਂਦੀ ਸ਼ਹਾਦਤ ਹੰਢਾਉਂਦੀ ਹੈ। ਫਿਰ ਮੰਮੀ ਨੇ ਤਾਂ ਕਈ ਮੁਹਾਜ਼ਾਂ ’ਤੇ ਇਕੱਲਿਆਂ ਲੜਾਈ ਲੜੀ ਹੀ ਨਹੀਂ, ਜਿੱਤ ਦੇ ਝੰਡੇ ਵੀ ਗੱਡੇ ਹਨ। ਘਰ-ਬਾਹਰ ਸੰਭਾਲਦਿਆਂ ਬੰਦਿਆਂ ਨਾਲੋਂ ਵੱਧ ਕੰਮ ਕੀਤਾ। ਸਲਵਾਰਾਂ ਸਿਉਣ ਤੋਂ ਸ਼ੁਰੂ ਕਰਕੇ ਆਪਣਾ ਬੂਟੀਕ ਬਣਾਇਆ। ਮੁਹਾਲੀ ਜਿਹੇ ਮਹਿੰਗੇ ਸ਼ਹਿਰ ’ਚ ਆਪਣਾ ਘਰ ਬਣਾਉਣਾ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ। ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਸੈੱਟ ਕੀਤਾ। ਗੱਲ ਕੀ, ਕਬੀਲਦਾਰੀ ਨਜਿੱਠਣ ਦੀ ਅਜਿਹੀ ਆਦਤ ਪਈ, ਕਿਸੇ ਦੀ ਦਖਲਅੰਦਾਜ਼ੀ ਨਾਗਵਾਰ ਹੋ ਗਈ। ਭੁੱਲ-ਭੁਲੇਖੇ ਜੇ ਕੋਈ ਕੰਮ ਸਮਝਾਉਣ ਦੀ ਗੁਸਤਾਖ਼ੀ ਕਰ ਬੈਠਦਾ।
‘‘ਮੈਨੂੰ ਪਤੈ’’ ਆਖ ਅੱਗੋਂ ਵੱਢ ਖਾਣ ਨੂੰ ਪੈੈਣ ਤੱਕ ਜਾਂਦੇ। ‘ਇੱਕ ਨੇ ਕਹੀ ਦੂਜੇ ਨੇ ਮੰਨੀ’ ਵਾਲਾ ਗਿਆਨ ਨਾ ਮੰਮੀ ਦੇ ਹਿੱਸੇ ਆਇਆ ਸੀ ਨਾ ਡੈਡੀ ਜੀ ਦੇ। ਦੋ ਧਰੁਵ ਬਣੇ ਉਹ ਇੱਕ-ਦੂਜੇ ਦੇ ਕੋਲ ਬਹਿਣਾ ਦੂਰ ਇੱਕ-ਦੂਜੇ ਦਾ ਪਰਛਾਵਾਂ ਝੱਲਣ ਨੂੰ ਤਿਆਰ ਨਾ।
ਡੈਡੀ ਜੀ ਜਿੰਨੇ ਡਿਸਿਪਲਨਿ ਪਸੰਦ, ਮੰਮੀ ਉਨੀ ਹੀ ਖੁੱਲ੍ਹੇ-ਡੁੱਲ੍ਹੇ ਵਰਤਾਰੇ ਵਾਲੀ। ਇੱਕ ਖਿਲਾਰਾ ਵੇਖ ਕੇ ਖਿੱਝਦਾ, ਦੂਜੇ ਨੂੰ ਵੱਸਦੇ ਘਰ ਦੀ ਨਿਸ਼ਾਨੀ ਲੱਗਦੀ। ਥਾਂ-ਥਾਂ ਪਾਇਆ ਮੰਮੀ ਦਾ ਖਿਲਾਰਾ ਸਮੇਟਦੇ ਡੈਡੀ ਜੀ ਬੋਲਾਂ ਦੇ ਛਰ੍ਹੇ ਚਲਾਈ ਜਾਂਦੇ। ਆਪਣੀ ਕੋਈ ਚੀਜ਼ ਨਾ ਮਿਲਣ ’ਤੇ ਮੰਮੀ ਡੈਡੀ ਜੀ ਦਾ ਜਿਉਣਾ ਦੁਸ਼ਵਾਰ ਕਰ ਦਿੰਦੇ। ਇੱਕ ਨੂੰ ਦੂਜਾ ਘਰ ’ਚ ਤੁਰਦਾ ਫਿਰਦਾ ਵਿਹੁ ਲੱਗਦਾ। ਅਸਲੀ ਅਖਾੜਾ ਉਦੋਂ ਭਖਦਾ ਜਦੋਂ ਕਦੀ ਭੁੱਲ-ਭੁਲੇਖੇ ਦੋਵੇਂ ਇਕੱਠੇ ਰਸੋਈ ਵਿੱਚ ਵੜ ਜਾਂਦੇ। ਇੱਕ ਦੀ ਜ਼ਿੱਦ ਹੁੰਦੀ ਮਸਾਲਾ ਵੱਧ ਪਾਉਣ ਦੀ ਦੂਜਾ ਘੱਟ ’ਤੇ ਅੜ ਜਾਂਦਾ। ਤੇ ਬਸ ਫਿਰ। ਕੜਛੀ, ਵੇਲਣਾ ਹਟ ਪਰ੍ਹੇ ਕਰਦੇ ਰਸੋਈ ਛੱਡ ਆਪੋ-ਆਪਣੇ ਕਮਰਿਆਂ ’ਚ ਜਾ ਵੜਦੇ।
ਦੋਹਾਂ ਦੀ ਕੁਤਰ-ਕੁਤਰ ਵੇਖ ਮੇਰੇ ਅੰਦਰ ਚੱਲਦੀ ਕੇਰਾਂ ਮੂੰਹੋਂ ਕਿਰ ਗਈ, ‘‘ਪਤਾ ਨਹੀਂ ਇਨ੍ਹਾਂ ਦੋ ਨਿਆਣੇ ਕਿਵੇਂ ਜੰਮ’ਤੇ। ਮਿੱਠੀਆਂ ਮਾਰਨੀਆਂ ਤਾਂ ਦੂਰ ਇਨ੍ਹਾਂ ਨੂੰ ਕਦੀ ਇੱਕ ਮਿੰਟ ਇਕੱਠੇ ਬੈਠੇ ਨਹੀਂ ਵੇਖਿਆ।’’ ਸੁਣ ਕੇ ਰਮਨ ਨੂੰ ਉੱਥੂ ਛਿੜ ਗਿਆ।
ਚੂਹੇ-ਬਿੱਲੀ ਦੀ ਇਸ ਖਿੱਚੋਤਾਣ ਨੇ ਘਰ ਦੇ ਨਸੀਬ ਉਦੋਂ ਬਦਲੇ ਜਦੋਂ ਡੈਡੀ ਜੀ ਨੇ ਮੰਮੀ ਦੇ ਬੂਟੀਕ ਦੇ ਗੁਆਂਢ ’ਚ ਸ਼ੋਅਰੂਮ ਕਿਰਾਏ ’ਤੇ ਲੈ ਕੇ ਫ਼ੌਜੀ ਢਾਬਾ ਖੋਲ੍ਹ ਦਿੱਤਾ। ਸਾਫ਼-ਸੁਥਰਾ ਵਾਤਾਵਰਣ ਤੇ ਕਾਇਦੇ ਕਾਨੂੰਨ ਨਾਲ ਪਰੋਸਿਆ ਜਾਂਦਾ ਖਾਣਾ ਦਨਿਾਂ ਵਿੱਚ ਫ਼ੌਜੀ ਢਾਬੇ ਦੀ ਪਛਾਣ ਹੋ ਗਿਆ। ਸਾਨੂੰ ਵੀ ਢਾਬੇ ਦੇ ਖਾਣੇ ਦਾ ਅਜਿਹਾ ਚਸਕਾ ਪਿਆ ਕਿ ਆਪਣੇ ਹੱਥ ਬੇਸੁਆਦੇ ਲੱਗਣ ਲੱਗੇ।
ਸੱਚ ਆਖਾਂ, ਜਦੋਂ ਤੋਂ ਡੈਡੀ ਜੀ ਨੇ ਮੰਮੀ ਦੇ ਬੂਟੀਕ ਨਾਲ ਢਾਬੇ ਦੀ ਕੰਧ ਸਾਂਝੀ ਕੀਤੀ ਹੈ ਸਾਡੀ ਰਸੋਈ ਦੀ ਅੱਧੀ ਨਾਲੋਂ ਵੱਧ ਜ਼ਿੰਮੇਵਾਰੀ ਢਾਬੇ ਨੇ ਚੁੱਕ ਲਈ ਹੈ। ਢਾਬਾ ਸਾਡੇ ਲਈ ‘ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ’ ਦਾ ਯਥਾਰਥ ਹੋ ਨਬਿੜਿਆ ਹੈ।
ਹੁਣ ਘਰ ਵਿੱਚ ਸਿਰਫ਼ ਸਵੇਰ ਦਾ ਨਾਸ਼ਤਾ ਹੀ ਬਣਦਾ ਹੈ। ਬੱਚੇ ਤੇ ਰਮਨ ਲੰਚ ਬਾਕਸ ਨਾਲ ਲੈ ਜਾਂਦੇ ਨੇ। ਮੈਂ ਤੇ ਮੰਮੀ ਦੁਪਹਿਰ ਦਾ ਖਾਣਾ ਢਾਬੇ ’ਤੇ ਖਾ ਲੈਂਦੀਆਂ ਹਾਂ। ਰਾਤ ਲਈ ਦਾਲ-ਸਬਜ਼ੀ ਢਾਬੇ ਤੋਂ ਆ ਜਾਂਦੀ ਹੈ। ਫੁਲਕੇ ਹੁੰਦੇ ਨੇ ਤਵੇ ’ਤੇ ਗਰਮਾ-ਗਰਮ ਲਾਹ ਲਈਦੇ ਨੇ। ਜੇ ਕਦੇ ਤੰਦੂਰੀ ਫੁਲਕਾ ਖਾਣ ਦਾ ਮਨ ਹੋਵੇ, ਘਰ ਦੀ ਮੁਰਗੀ ਦਾਲ ਬਰਾਬਰ। ਆਊਟਿੰਗ ਦੇ ਬਹਾਨੇ ਅਸੀਂ ਡਨਿਰ ਢਾਬੇ ’ਤੇ ਕਰਨ ਪਹੁੰਚ ਜਾਂਦੇ ਹਾਂ। ਸੰਡੇ ਸਪੈਸ਼ਲ ਪੂਰੀ ਭਾਜੀ ਖਾਣ ਲਈ ਫ਼ੌਜੀ ਢਾਬੇ ’ਤੇ ਲੱਗਦੀਆਂ ਗਾਹਕਾਂ ਦੀਆਂ ਲਾਈਨਾਂ ਸਾਨੂੰ ਵੀ ਧੂਹ ਕੇ ਲਾਈਨ ’ਚ ਜਾ ਖਲਾਰਦੀਆਂ ਹਨ।
ਡਿਸਿਪਲਨਿ ਦੇ ਪੱਕੇ ਡੈਡੀ ਜੀ ਪੂਰਾ ਬਿੱਲ ਬਣਾ ਕੇ ਮੰਮੀ ਜੀ ਦੇ ਅੱਗੇ ਲਿਆ ਰੱਖਦੇ ਹਨ। ਮੰਮੀ ਵੀ ਬੜੀ ਤੈਸ਼ ਨਾਲ ਕੱਛ ’ਚੋਂ ਪਰਸ ਕੱਢ ਜ਼ਿੱਪ ਖੋਲ੍ਹਦੇ ਹਨ ਤੇ ਨੋਟ ਗਿਣ ਕੇ ਬਿੱਲ ਭੁਗਤਾਉਂਦੇ ਟਿੱਪ ਦੇਣਾ ਕਦੀ ਨਹੀਂ ਭੁੱਲਦੇ।
ਢਾਬੇ ਦੇ ਖਾਣੇ ਦਾ ਸੁਆਦ ਸਾਡੇ ਬੂਟੀਕ ਦੀਆਂ ਕਸਟਮਰ ਸੂਟਾਂ ਨਾਲੋਂ ਵੱਧ ਸਾਡੇ ਨਾਲ ਡਿਸਕਸ ਕਰਨ ਲੱਗਦੀਆਂ। ਸੁਣ ਕੇ ਮੰਮੀ ਦੇ ਮੱਥੇ ’ਤੇ ਵੱਟ ਉੱਭਰਦੇ, ਪਰ ਨਾਲ ਦੇ ਨਾਲ ਆਪਮੁਹਾਰੇ ਵਾਛਾਂ ਖਿੜ ਜਾਂਦੀਆਂ। ਮੰਮੀ ਜੀ ਮੇਰੇ ਕੰਨ ’ਚ ਫੂਕ ਮਾਰਦੇ, ‘‘ਲੈ ਨਿਮਰ ਖੋਟਾ ਸਿੱਕਾ ਕਿਧਰੇ ਤਾਂ ਚੱਲਿਆ।’’ ਹੈਰਾਨ ਹੋਣ ਦੀ ਬਜਾਏ ਮੇਰਾ ਹਾਸਾ ਨਿਕਲ ਜਾਂਦਾ ਤੇ ਮੰਮੀ ਜੀ ਖਿੜਖਿੜਾ ਕੇ ਹੱਸ ਪੈਂਦੇ। ਚਹੁੰ ਕੂੰਟੀਂ ਫ਼ੌਜੀ ਢਾਬੇ ਦੇ ਚਰਚੇ ਸੁਣ ਸਾਨੂੰ ਵੀ ਯਕੀਨ ਹੋਣ ਲੱਗਿਆ ਕਿ ਡੈਡੀ ਜੀ ਐਵੇਂ ਹੀ ਆਪਣੇ ਹੱਥਾਂ ਦੇ ਸੁਆਦ ਦੇ ਕਸੀਦੇ ਨਹੀਂ ਸੀ ਪੜ੍ਹਦੇ।
* * *
ਬੂਟੀਕ ਖੋਲ੍ਹ ਕੇ ਮਾਸਟਰ ਨੂੰ ਕੰਮ ਸਮਝਾਇਆ ਤੇ ਮੈਂ ਡੈਡੀ ਜੀ ਨੂੰ ਵੇਖਣ ਢਾਬੇ ’ਤੇ ਚਲੀ ਗਈ। ਪਤਾ ਲੱਗਿਆ ਡੈਡੀ ਜੀ ਵਰਕਰਾਂ ਨੂੰ ਕੰਮ ਸੰਭਾਲ ਕੇ ਸਵੇਰੇ ਹੀ ਕਿਧਰੇ ਚਲੇ ਗਏ ਸਨ।
‘ਕੋਈ ਸਾਮਾਨ ਲੈਣ ਗਏ ਹੋਣਗੇ’। ਸੋਚ, ਮੈਂ ਵਾਪਸ ਆ ਕੇ ਕੰਮ ’ਚ ਰੁੱਝ ਗਈ। ਤੀਆਂ ਦੇ ਤਿਉਹਾਰ ਦੇ ਚੱਕਰ ’ਚ ਬੂਟੀਕ ’ਤੇ ਸਾਹ ਲੈਣ ਦੀ ਵਿਹਲ ਨਾ। ਇਨ੍ਹੀਂ ਦਨਿੀਂ ਕੈਨੇਡਾ, ਆਸਟਰੇਲੀਆ ’ਚ ਲੱਗਣ ਵਾਲੇ ਪੰਜਾਬੀ ਸੱਭਿਆਚਾਰਕ ਮੇਲਿਆਂ ਦੀ ਬਦੌਲਤ ਬਾਹਰਲੇ ਕਸਟਮਰਜ਼ ਦੇ ਆਰਡਰਾਂ ਦੀ ਭਰਮਾਰ ਹੁੰਦੀ ਹੈ। ਮੈਂ ਆਸਟਰੇਲੀਆ ਭੇਜਣ ਵਾਲੇ ਕੱਪੜਿਆਂ ਦਾ ਪਾਰਸਲ ਤਿਆਰ ਕਰਵਾ ਰਹੀ ਸੀ ਕਿ ਢਾਬੇ ਤੋਂ ਲੰਚ ਕਰਕੇ ਬੂਟੀਕ ’ਤੇ ਕੱਪੜੇ ਸਿਉਣੇ ਦੇਣ ਆਈ ਇੱਕ ਕਸਟਮਰ ਮਸੋਸਿਆ ਜਿਹਾ ਮੂੰਹ ਬਣਾ ਆਖਣ ਲੱਗੀ, ‘‘ਨਿਮਰ ਜੀ ਮਾਂਈਂਡ ਨਾ ਕਰਨਾ। ਅੱਜ ਢਾਬੇ ’ਤੇ ਖਾਣਾ ਖਾਣ ਦਾ ਪਹਿਲਾਂ ਵਰਗਾ ਆਨੰਦ ਨਹੀਂ ਆਇਆ। ਸਮਥਿੰਗ ਵਾਜ਼ ਮਿਸਿੰਗ...’’
‘‘ਕੀ?’’ ਮੈਂ ਅੱਖਾਂ ਵੱਡੀਆਂ ਕਰ ਕੇ ਉਸ ਵੱਲ ਤੱਕਣ ਲੱਗੀ। ‘‘ਗੁੱਸਾ ਨਾ ਕਰਨਾ ਪਲੀਜ਼, ਪਰ ਅੱਜ ਢਾਬੇ ’ਤੇ ਜ਼ਿੰਦਗੀ ਧੜਕਦੀ ਨਹੀਂ ਲੱਗੀ। ਸਭ ਠੀਕ ਤਾਂ ਹੈ ਨਾ? ਢਾਬੇ ’ਤੇ ਪਹਿਲਾਂ ਵਾਂਗ ਪੁਰਾਣਾ ਰੁਮਾਂਟਿਕ ਮਿਉਜ਼ਿਕ ਵੀ ਨਹੀਂ ਸੀ ਚੱਲ ਰਿਹਾ, ਕੋਈ ਮਿਸਹੈਪਨਿੰਗ?’’
‘‘ਨਹੀਂ, ਨਹੀਂ। ਸਭ ਠੀਕ ਹੈ।’’
ਉਸ ਨੂੰ ਤਾਂ ਸਭ ਠੀਕ ਹੈ ਕਹਿ ਦਿੱਤਾ, ਪਰ ਮੈਨੂੰ ਅਜੀਬ ਜਿਹਾ ਧੁੜਕੂ ਲੱਗ ਗਿਆ।
‘‘ਹੇ ਵਾਹਿਗੁਰੂ ਮਿਹਰ ਰੱਖੀਂ।’’ ਅਰਦਾਸ ਕਰਦਿਆਂ ਮੇਰਾ ਧਿਆਨ ਡੈਡੀ ਜੀ ਦੀ ਗੁਆਚੀ ਰੂਹ ਦੀ ਤਲਾਸ਼ ਵਿੱਚ ਭਟਕਣ ਲੱਗਿਆ। ਕਾਹਲੇ ਪੈਰੀਂ ਢਾਬੇ ’ਤੇ ਜਾ ਪਹੁੰਚੀ। ਬੈਰੇ ਨੂੰ ਲੱਗਿਆ ਰੋਜ਼ਾਨਾ ਵਾਂਗ ਲੰਚ ਕਰਨ ਆਈ ਹੋਵਾਂਗੀ। ਉਹ ਕੱਪੜਾ ਮਾਰਨ ਲਈ ਮੇਜ਼ ਵੱਲ ਅਹੁਲਿਆ। ਮੇਰੇ ਦਿਮਾਗ਼ ’ਚ ਬੂਟੀਕ ਵਾਲੀ ਕਸਟਮਰ ਖੌਰੂ ਪਾਉਣ ਲੱਗੀ। ਅੱਖਾਂ ਢਾਬੇ ਦਾ ਜਾਇਜ਼ਾ ਲੈਣ ਲੱਗੀਆਂ। ਵਾਕਈ ਅੱਜ ਢਾਬੇ ਤੋਂ ਪਹਿਲਾਂ ਵਾਲੀ ਰੌਣਕ ਗਾਇਬ ਸੀ। ਮੁਹੱਬਤ ਦਾ ਤਰੌਂਕਾ ਕਰਦੇ ਲਗਾਤਾਰ ਚੱਲਣ ਵਾਲੇ ਪੁਰਾਣੇ ਹਿੰਦੀ ਗਾਣਿਆਂ ਤੋਂ ਬਗੈਰ ਢਾਬਾ ਨਿਰਜਿੰਦ ਹੀ ਤਾਂ ਲੱਗ ਰਿਹਾ ਸੀ।
‘‘ਕੀ ਗੱਲ ਮੈਡਮ ਅੱਜ ਲੇਟ ਹੋ’ਗੇ ਲੰਚ ਲਈ?’’
ਮੈਂ ਘੜੀ ਵੱਲ ਵੇਖਿਆ। ਸ਼ਾਮ ਦੇ ਸਾਢੇ ਚਾਰ ਵੱਜ ਚੁੱਕੇ ਸਨ।
‘‘ਸਰਦਾਰ ਜੀ ਕਿੱਥੇ ਨੇ? ਮਿਊਜ਼ਿਕ ਸਿਸਟਮ ਖਰਾਬ ਹੋਇਐ ਕਿ?’’
‘‘ਸਰਦਾਰ ਜੀ ਦੱਸ ਕੇ ਨਹੀਂ ਗਏ। ਕੁਝ ਢਿੱਲੇ ਜਿਹੇ ਲੱਗਦੇ ਨੇ। ਅੱਜ ਤਾਂ ਢਾਬੇ ’ਤੇ ਇੱਕ ਮਿੰਟ ਟਿਕ ਕੇ ਨਹੀਂ ਬੈਠੇ। ਕਿੱਥੇ ਇੱਕ-ਇੱਕ ਮਸਾਲਾ ਹੱਥੀਂ ਪਾਉਂਦੇ ਸੀ ਸਬਜ਼ੀਆਂ ’ਚ। ਅੱਜ ਰਸੋਈ ਵੱਲ ਮੂੰਹ ਤੱਕ ਨਹੀਂ ਕੀਤਾ। ਹੁਣ ਵੀ ਪਿੱਛੇ ਕਮਰੇ ’ਚ ਸੁੱਤੇ ਪਏ ਨੇ। ਕਹਿੰਦੇ ਗਾਣੇ ਨਾ ਚਲਾਉਣਾ, ਸਿਰ ਪੀੜ ਚੜ੍ਹਦੀ ਏ। ਤੁਸੀਂ ਦੱਸੋ, ਖਾਣੇ ਵਿੱਚ ਕੀ ਲਉਗੇ?’’
‘‘ਖਾਣਾ ਨਹੀਂ ਖਾਣਾ ਮੈਂ। ਭੁਜੀਆ ਬਦਾਨਾ ਬਣਾਇਐ ਤਾਂ ਪੈਕ ਕਰ ਦਿਉ।’’
‘‘ਮੈਡਮ ਜੀ ਅੱਜ ਛੇਵਾਂ ਦਨਿ ਹੋ ਗਿਆ। ਭੁਜੀਆ ਬਦਾਨਾ ਨਹੀਂ ਬਣਿਆ। ਕਹੋ ਤਾਂ ਕੁਝ ਹੋਰ ਪੈਕ ਕਰਵਾ ਲਿਆਵਾਂ?’’ ‘‘ਰਹਿਣ ਦਿਉ।’’ ਅਸਲ ’ਚ ਸਵੇਰੇ ਫਾਲਤੂ ਬਣੀ ਪਰੌਂਠੀ ਮੈਂ ਨਾਲ ਪੈਕ ਕਰ ਲਈ ਸੀ ਜੋ ਖਾ ਚੁੱਕੀ ਹੋਣ ਕਰਕੇ ਹੋਰ ਖਾਣ ਦੀ ਨਾ ਭੁੱਖ ਸੀ ਨਾ ਇੱਛਾ। ਡੈਡੀ ਜੀ ਨੂੰ ਇੱਕ ਵਾਰੀ ਅੱਖੀਂ ਵੇਖਣ ਲਈ ਮੈਂ ਕੈਸ਼ ਕਾਉਂਟਰ ਦੇ ਮਗਰ ਬਣੇ ਕਮਰੇ ਵੱਲ ਹੋ ਗਈ। ਹੌਲੀ ਜਿਹੇ ਦਰਵਾਜ਼ਾ ਖੋਲ੍ਹਿਆ।
‘‘ਡੈਡੀ ਜੀ ਤਾਂ ਹੈਨੀ ਅੰਦਰ। ਕੋਈ ਦੱਸੇਗਾ ਡੈਡੀ ਜੀ ਕਿੱਥੇ ਨੇ?’’ ‘‘ਮੈਡਮ, ਸਰਦਾਰ ਜੀ ਬੋਲ ਕਰ ਗਏ ਹੈਂ ਘਬਰਾਹਟ ਹੋ ਰਹੀ ਹੈ। ਅਭੀ ਆਤਾ ਹੂੰ।’’ ਹੱਥ ’ਚ ਪਤੀਲਾ ਫੜੀ ਬਹਾਦੁਰ ਬੋਲਿਆ।
‘‘ਡੈਡੀ ਜੀ ਆ ਜਾਣ ਤਾਂ ਕਹਿਣਾ ਮੇਰੇ ਨਾਲ ਫ਼ੋਨ ’ਤੇ ਗੱਲ ਕਰਨ।’’ ਆਖ ਕੇ ਮੈਂ ਬਾਹਰ ਨਿਕਲ ਆਈ, ਪਰ ਮਨ ਨੂੰ ਠਹਿਰ ਨਾ ਆਵੇ। ਢਾਬੇ ਤੋਂ ਬਾਹਰ ਨਿਕਲ ਮੈਂ ਆਪ ਹੀ ਡੈਡੀ ਜੀ ਦਾ ਫ਼ੋਨ ਨੰਬਰ ਡਾਇਲ ਕਰ ਲਿਆ। ਸਵਿੱਚ ਆਫ਼। ਘਬਰਾ ਕੇ ਰਮਨ ਦਾ ਨੰਬਰ ਡਾਇਲ ਕੀਤਾ। ਲੰਬੀ ਰਿੰਗ ਜਾ ਕੇ ਬੰਦ ਹੋ ਗਿਆ। ‘ਕਿੱਥੇ ਗਏ ਹੋਣਗੇ ਡੈਡੀ ਜੀ?’ ਮੈਂ ਘਰ ਵੱਲ ਭੱਜੀ। ਬੱਚਿਆਂ ਨੂੰ ਪੜ੍ਹਾਉਣ ਲਈ ਹੋਮ ਟਿਊਟਰ ਆਈ ਹੋਈ ਸੀ।
‘‘ਦਾਦੂ ਕਿੱਥੇ ਨੇ ਬੇਟੇ?’’ ‘‘ਘਰ ਨਹੀਂ ਆਏ ਮੰਮਾ।’’ ਆਖ ਬਾਲ ਪੜ੍ਹਨ ’ਚ ਮਗਨ ਹੋ ਗਏ।
ਸਮਝ ਨਾ ਆਵੇ ਕੀ ਕਰਾਂ। ਡੈਡੀ ਨੂੰ ਕਿੱਥੇ ਭਾਲਾਂ। ਕਰੀਬ ਸਾਢੇ ਪੰਜ ਟਿਊਟਰ ਪੜ੍ਹਾ ਕੇ ਚਲੀ ਗਈ। ਮੈਂ ਬਾਲਾਂ ਨੂੰ ਦੁੱਧ ਦਿੱਤਾ ਤੇ ਨਾਲ ਲੈ ਕੇ ਪਾਰਕ ਵੱਲ ਚੱਲ ਪਈ।
* * *
ਕਿੰਨਾ ਵੀ ਕੰਮ ਕਿਉਂ ਨਾ ਹੁੰਦਾ। ਸ਼ਾਮ ਦੇ ਛੇ ਵੱਜਦੇ। ਬੂਟੀਕ ਦਾ ਕੰਮ ਮਾਸਟਰ ਨੂੰ ਸੰਭਾਲ ਮੈਂ ਤੇ ਮੰਮੀ ਜੀ ਬੱਚਿਆਂ ਨੂੰ ਲੈ ਕੇ ਨੇਬਰਹੁੱਡ ਪਾਰਕ ਪਹੁੰਚ ਜਾਂਦੀਆਂ। ਬੱਚੇ ਬੱਚਿਆਂ ਨਾਲ ਖੇਡੀਂ ਪੈ ਜਾਂਦੇ। ਮੰਮੀ ਜੀ ਆਪਣੀਆਂ ਸਾਥਣਾਂ ਨਾਲ ਗੱਪਸ਼ੱਪ ਮਾਰਦੇ ਪੋਤੇ-ਪੋਤੀ ਵੱਲ ਵੀ ਨਜ਼ਰ ਰੱਖ ਲੈਂਦੇ ਤੇ ਮੈਂ ਆਪਣੀਆਂ ਸਹੇਲੀਆਂ ਨਾਲ ਸੈਰ ’ਤੇ ਨਿਕਲ ਪੈਂਦੀ। ਢਾਬੇ ’ਤੇ ਵੀ ਇਹ ਸਮਾਂ ਲਗਭਗ ਵਿਹਲ ਦਾ ਹੁੰਦਾ। ਸਟਾਫ਼ ਨੂੰ ਰਾਤ ਦੇ ਖਾਣੇ ਦੀ ਤਿਆਰੀ ’ਚ ਲਗਾ ਕੇ ਡੈਡੀ ਜੀ ਵੀ ਪਾਰਕ ਆ ਜਾਂਦੇ। ਆਉਂਦੇ ਹੀ ਬੱਚਿਆਂ ਨੂੰ ਤਾਜ਼ਾ ਬਣਿਆ ਭੁਜੀਆ ਬਦਾਨਾ ਫੜਾਉਂਦੇ ਤੇ ਬਜ਼ੁਰਗ ਸਾਥੀਆਂ ਨਾਲ ਜਾ ਬਹਿੰਦੇ। ਉਨ੍ਹਾਂ ਦੇ ਠਹਾਕਿਆਂ ਦੀ ਆਵਾਜ਼ ਤੁਰਦੇ-ਫਿਰਦੇ ਕੰਨਾਂ ’ਚ ਪੈਂਦੀ ਰਹਿੰਦੀ। ਇਸ ਵੇਲੇ ਡੈਡੀ ਜੀ ਦਾ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲਦਾ। ਲੱਗਦਾ ਬਗਲਿਆਂ ਦੀ ਡਾਰ ਜ਼ਿੰਦਗੀ ਦੇ ਨਜ਼ਾਰੇ ਲੁੱਟ ਰਹੀ ਹੋਵੇ।
ਸੈਰ ਕਰਦਿਆਂ ਮੇਰਾ ਧਿਆਨ ਡੈਡੀ ਜੀ ਵਿੱਚ। ਸਾਰੇ ਬਜ਼ੁਰਗ ਗੱਲੀਂ ਰੁੱਝੇ ਹੋਏ ਤੇ ਡੈਡੀ ਜੀ ਗੁੰਮ-ਸੁੰਮ। ਮੇਰੇ ਜੀਅ ਨੂੰ ਕੁਝ ਹੋਇਆ ਤੇ ਪਾਰਕ ਦਾ ਗੇੜਾ ਦੇ ਕੇ ਦੁਬਾਰਾ ਡੈਡੀ ਜੀ ਨੂੰ ਵੇਖਣ ਤੁਰ ਪਈ। ਬਜ਼ੁਰਗ ਲਾਫਿੰਗ ਥਰੇਪੀ ਦੇ ਠਹਾਕੇ ਲਗਾ ਰਹੇ ਤੇ ਡੈਡੀ ਜੀ ਗਾਇਬ।
‘ਬੱਚਿਆਂ ਕੋਲ ਚਲੇ ਗਏ ਹੋਣਗੇ।’ ਸੋਚਦੀ ਮੈਂ ਬਾਲਾਂ ਕੋਲ ਜਾ ਪਹੁੰਚੀ। ਡੈਡੀ ਜੀ ਇੱਥੇ ਵੀ ਨਾ।
‘‘ਜਪੁਜੀ ਪੁੱਤੂ ਦਾਦੂ ਕਿੱਥੇ ਆ?’’ ਮੈਂ ਧੀ ਨੂੰ ਪੁੱਛਿਆ।
‘‘ਪਤਾ ਨਹੀਂ।’’ ਆਖ ਉਹ ਮਿੱਟੀ ਦਾ ਘਰ ਬਣਾਉਣ ’ਚ ਮਸਤ। ਸ਼ਾਨ ਨੂੰ ਪੁੱਛਣ ਲਈ ਆਵਾਜ਼ਾਂ ਮਾਰਾਂ। ਫੁੱਟਬਾਲ ਨੂੰ ਕਿੱਕ ਮਾਰਦਾ ਉਹ ਅਗਲੇ ਗਰਾਉਂਡ ’ਚ ਜਾ ਪਹੁੰਚਿਆ। ਹਾਰ ਕੇ ਡੈਡੀ ਜੀ ਨੂੰ ਵੇਖਣ ਲਈ ਮੈਂ ਫਿਰ ਬਜ਼ੁਰਗਾਂ ਦੀ ਟੋਲੀ ਵੱਲ ਨਜ਼ਰ ਦੌੜਾਈ। ਡੈਡੀ ਜੀ ਵਾਲੀ ਥਾਂ ਖਾਲੀ ਦੀ ਖਾਲੀ।
‘‘ਕੀ ਹੋਇਆ ਨਿਮਰ, ਪਰੇਸ਼ਾਨ ਏਂ ਬੇਟੇ?’’
‘‘ਸਾਸਰੀਕਾਲ ਆਂਟੀ। ਨਹੀਂ ਬਸ।’’ ਆਖ ਮੇਰੀਆਂ ਅੱਖਾਂ ਡੈਡੀ ਜੀ ਦੀ ਭਾਲ ’ਚ ਚੱਕਰੀ ਬਣੀਆਂ ਹੋਈਆਂ।
‘‘ਬੇਟੇ ਕੁਝ ਹੈ ਤਾਂ ਦੱਸ? ਗੱਲ ਕੀਤਿਆਂ ਢਿੱਡ ਹੌਲਾ ਹੋ ਜਾਂਦੈ। ਸਰਦਾਰ ਜੀ ਦੱਸਦੇ ਸੀ, ਭਾ’ਜੀ ਵੀ ਕੁਝ ਦਨਿਾਂ ਦੇ ਚੁੱਪ-ਚੁੱਪ ਨੇ। ਘਰ ਤਾਂ ਠੀਕ ਏ ਨਾ ਸਭ?’’
‘‘ਹੋਰ ਕੀ ਦੱਸਦੇ ਸੀ ਅੰਕਲ ਜੀ ਡੈਡੀ ਜੀ ਬਾਰੇ?’’ ਮੈਂ ਉਤਸੁਕਤਾ ਵੱਸ ਆਂਟੀ ਵੱਲ ਮੁੜੀ।
‘‘ਕਿਵੇਂ ਜਪੁਜੀ ਪੁੱਤਰ ਦਾਦੂ ਭੁਜੀਆ ਬਦਾਨਾ ਨਹੀਂ ਘੱਲਦੇ ਹੁਣ?’’ ਮੰਮੀ ਦੀ ਇੱਕ ਹੋਰ ਸਹੇਲੀ ਆਪਣੇ ਪੋਤੇ-ਪੋਤੀ ਨੂੰ ਵੇਖਣ ਆਈ ਮੇਰੀ ਧੀ ਨੂੰ ਹੱਸਦੀ ਹੋਈ ਪੁੱਛਣ ਲੱਗੀ।
ਮੇਰਾ ਮੱਥਾ ਠਣਕਿਆ। ਮੇਰੇ ਲੱਖ ਰੋਕਣ ਦੇ ਬਾਵਜੂਦ ਡੈਡੀ ਰੋਜ਼ਾਨਾ ਭੁਜੀਆ ਬਦਾਨਾ ਲਿਆ ਕੇ ਬੱਚਿਆਂ ਨੂੰ ਕਿਉਂ ਫੜਾਉਂਦੇ ਸਨ ਜਦੋਂਕਿ ਬੱਚੇ ਤਾਂ ਭੁਜੀਆ-ਬਦਾਨੇ ਨੂੰ ਮੂੰਹ ਵੀ ਨਹੀਂ ਸਨ ਲਾਉਂਦੇ। ਡੈਡੀ ਕੋਲੋਂ ਤਾਜ਼ੇ ਭੁਜੀਏ-ਬਦਾਨੇ ਦਾ ਲਿਫ਼ਾਫ਼ਾ ਫੜ ਬੱਚੇ ਭੱਜ ਕੇ ਦਾਦੀ ਨੂੰ ਦੇ ਆਉਂਦੇ। ਮੁੜ-ਮੁੜ ਤੱਕਦੇ ਡੈਡੀ ਜੀ ਆਪਣੇ ਸਾਥੀਆਂ ਵੱਲ ਹੋ ਜਾਂਦੇ। ਡੈਡੀ ਦੀ ਚੁੱਪ ਦਾ ਕੁਝ-ਕੁਝ ਸਿਰਾ ਮੇਰੇ ਹੱਥ ਆਉਣ ਲੱਗਿਆ ਤੇ ਮੈਂ ਉਲਝੀਆਂ ਤੰਦਾਂ ਸੁਲਾਉਣ ਲਈ ਕੜੀ ਨਾਲ ਕੜੀ ਜੋੜਨ ਲੱਗੀ।
* * *
ਦਵਿੰਦਰ ਭੈਣਜੀ ਚਾਰ ਸਾਲਾਂ ਬਾਅਦ ਪਰਿਵਾਰ ਸਮੇਤ ਆਸਟਰੇਲੀਆ ਤੋਂ ਮਿਲਣ ਆਏ ਸਨ। ਉਨ੍ਹਾਂ ਦੇ ਆਏ ਤੋਂ ਬੂਟੀਕ ’ਤੇ ਆਸਟਰੇਲੀਆ ਭੇਜਣ ਲਈ ਪੰਜਾਬੀ ਸੱਭਿਆਚਾਰਕ ਪਹਿਰਾਵੇ ਬਣਨ ਦਾ ਜ਼ੋਰ ਚੱਲ ਰਿਹਾ ਸੀ। ਪਿਛਲੇ ਕਈ ਸਾਲਾਂ ਤੋਂ ਉਹ ਉੱਥੇ ਤੀਆਂ ਦਾ ਮੇਲਾ ਲਗਵਾਉਂਦੇ ਆ ਰਹੇ ਹਨ। ਮੰਮੀ ਜੀ ਕਈ ਵਾਰ ਇਨ੍ਹਾਂ ਵੇਲਿਆਂ ’ਤੇ ਆਸਟਰੇਲੀਆ ਜਾ ਚੁੱਕੇ ਸਨ, ਪਰ ਇਸ ਵਾਰ ਦਵਿੰਦਰ ਭੈਣਜੀ ਨੇ ਮੰਮੀ ਜੀ ਤੇ ਡੈਡੀ ਜੀ ਦੋਹਾਂ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਜ਼ਿੱਦ ਫੜ ਲਈ। ਭਾਅ ਜੀ ਤੇ ਭੈਣ ਜੀ ਦੇ ਜ਼ੋਰ ਪਾਉਣ ’ਤੇ ਮੰਮੀ ਤੇ ਡੈਡੀ ਜੀ ਨੇ ਵੀਜ਼ਾ ਅਪਲਾਈ ਕਰ ਦਿੱਤਾ। ਦੋਹਾਂ ਦਾ ਵੀਜ਼ਾ ਲੱਗ ਵੀ ਗਿਆ। ਜਾਣ ਦਾ ਵੇਲਾ ਹੋਇਆ ਡੈਡੀ ਜੀ ਨੇ ‘‘ਮੈਂ ਨਹੀਂ ਜਾਣਾ’’ ਦੀ ਰਟ ਫੜ ਲਈ। ਅਖੇ, ‘‘ਖੇਤੀ ਖਸਮਾਂ ਸੇਤੀ। ਕੋਈ ਕਿਤੇ ਵੀ ਜਾਏ ਬੂਟੀਕ ਨੂੰ ਕੀ ਫ਼ਰਕ ਪੈਣੈ। ਸੱਸ ਗਈ ਤੋਂ ਨਿਮਰ ਪੁੱਤਰ ਸੰਭਾਲ ਲਵੇਗੀ। ਮਾਰ ਤਾਂ ਫ਼ੌਜੀ ਢਾਬੇ ਨੂੰ ਪਵੇਗੀ। ਆਪਾਂ ਤਾਂ ਆਪਣੀ ਜਪੁਜੀ ਤੇ ਨਿਸ਼ਾਨ ਪੁੱਤਰ ਨਾਲ ਰਹਾਂਗੇ। ਜਿਹਨੂੰ ਬਾਲਾਂ ਦਾ ਮੋਹ ਨਹੀਂ ਉਹ ਜਾਵੇ ਜਿੱਥੇ ਜਾਣੈ। ਜਿਹਨੂੰ ਪੈਸੇ ਦਾ ਲਾਲਚ ਮਾਰਦੈ ਉਹਨੂੰ ਕਿਸੇ ਦਾ ਕੀ ਭਾਅ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਨਹੀਂ ਘੋੋਲ-ਘੋਲ ਡਾਲਰ ਪੀਵੇ। ਮੇਲੇ ਲਾ-ਲਾ ਡਾਲਰ ਇਕੱਠੇ ਕਰ ਲਓ ਜਿੰਨੇ ਮਰਜ਼ੀ ਕਿਹੜਾ ਮਰ ਕੇ ਨਾਲ ਪੰਡ ਬੰਨ੍ਹੀ ਜਾਣੀ ਏ। ਜੇ ਮਰ ਕੇ ਡਾਲਰ ਉੱਤੇ ਲੈ ਵੀ ਗਏ, ਵਿਚਾਰਾ ਧਰਮਰਾਜ ਸਾਂਭੂ ਕਿੱਥੇ? ਉਹੀ ਜਿਹੜਾ ਦੋ-ਚਾਰ ਸਾਲ ਹੋਰ ਜਿਉਣੈ ਬੰਦਾ ਚੈਨ-ਸਕੂਨ ਨਾਲ ਜੀਅ ਲਵੇ। ਹੁਣ ਜਿਸ ਦਾ ਸਕੂਨ ਹੀ ਪੈਸਾ ਹੋਵੇ, ਉਹਦਾ ਕੋਈ ਕੀ ਕਰੇ। ਯਾਰਾਂ ਨੂੰ ਤਾਂ ਚਾਹ ਦਾ ਨਸ਼ਾ ਬਥੇਰਾ।’’ ਬੋਲਦਿਆਂ ਹੱਥ ’ਚ ਫੜੇ ਚਾਹ ਦੇ ਦੋ ਕੱਪਾਂ ’ਚੋਂ ਇੱਕ ਟੇਬਲ ’ਤੇ ਰੱਖ ਦੂਜੇ ’ਚੋਂ ਘੁੱਟ ਭਰਦਿਆਂ ਡੈਡੀ ਜੀ ਨੇ ਮਿਊਜ਼ਿਕ ਸਿਸਟਮ ਆਨ ਕਰ ਦਿੱਤਾ।
‘‘ਕਿਸੇ ਦਾ ਵੱਸ ਚੱਲੇ ਤਾਂ ਮੈਨੂੰ ਹੁਣੇ ਧਰਮਰਾਜ ਦੇ ਰੱਥ ਚੜ੍ਹਾ ਕੇ ਸਾਹ ਲਵੇ। ਲੱਗਦੈ ਆਹ ਚਾਹ ਵੀ ਮੈਨੂੰ ਮਾਰਨ ਦਾ ਰਾਹ ਲੱਭਿਐ। ਮੈਂ ਸਾਰੀ ਉਮਰ ਚਾਹ ਮੂੰਹ ਨਹੀਂ ਸੀ ਲਾਈ। ਜਦੋਂ ਦੇ ਘਰ ਆਏ ਨੇ, ਆਵਦੇ ਨਾਲ ਮੈਨੂੰ ਵੀ ਚਾਹ ਪਿਆ-ਪਿਆ ਅੰਦਰ ਸਾੜ ਕੇ ਰੱਖ’ਤਾ ਮੇਰਾ।’’ ਨੱਕ ਬੁੱਲ੍ਹ ਵੱਟਦੇ ਮੰਮੀ ਚਾਹ ਦੀਆਂ ਚੁਸਕੀਆਂ ਭਰਨ ਲੱਗੇ।
ਬਨਿਾਂ ਬੋਲੇ ਡੈਡੀ ਜੀ ਟੇਢਾ ਜਿਹਾ ਝਾਕੇ ਤੇ ਅੱਖਾਂ ਬੰਦ ਕਰ ਕੇ ਆਰਾਮ ਕੁਰਸੀ ’ਤੇ ਢਾਸਣਾ ਲਾ ਚੱਲ ਰਹੇ ਗੀਤ ਦੀ ਧੁਨ ’ਤੇ ਹਲਕਾ-ਹਲਕਾ ਮੁਸਕਰਾਉਂਦੇ ਗੁਣਗੁਣਾਉਣ ਲੱਗੇ।
ਆਸਟਰੇਲੀਆ ਜਾਣ ਲਈ ਉਤਸੁਕ ਮੰਮੀ ਜੀ ਜਾਣ ਤੋਂ ਕਈ ਦਨਿ ਪਹਿਲਾਂ ਹੀ ਬੂਟੀਕ ਮੈਨੂੰ ਸੰਭਾਲ ਤਿਆਰੀਆਂ ’ਚ ਰੁੱਝ ਗਏ ਸਨ।
ਆਪਣੀ ਪੈਕਿੰਗ ਕਰਦੇ ਮੰਮੀ ਜੀ ਨੇ ਡੈਡੀ ਜੀ ਦਾ ਅਟੈਚੀ ਵੀ ਤਿਆਰ ਕਰ ਲਿਆ। ਡੈਡੀ ਜੀ ਬੋਲਾਂ ਦੇ ਪੱਕੇ ਰਹੇ। ਸਾਰਾ ਟੱਬਰ ਤਰਲੇ ਲੈ ਹਟਿਆ। ਉਹ ਟੱਸ ਤੋਂ ਮੱਸ ਨਾ ਹੋਏ।
ਆਖ਼ਰ ਜਾਣ ਦਾ ਦਨਿ ਆ ਪਹੁੰਚਿਆ। ਰਵਾਨਗੀ ਦੀ ਸਾਰੀ ਤਿਆਰੀ ਹੋ ਗਈ। ਸਾਮਾਨ ਗੱਡੀ ’ਚ ਰੱਖਿਆ ਗਿਆ। ਆਖੇ ਧੀ ਨੂੰ ਸੁਣਾਵੇ ਨੂੰਹ ਨੂੰ। ਮੰਮੀ ਜੀ ਬੋਲੇ, ‘‘ਵੇਖ ਲੈ ਦਵਿੰਦਰ, ਇੰਨੇ ਲੰਬੇ ਸਫ਼ਰ ’ਤੇ ਜਾਣੈ ਆਪਾਂ, ਕਿਸੇ ਨੇ ਇੰਨਾ ਨਹੀਂ ਕੀਤਾ ਬਈ ਚਾਹ ਦੀ ਕੈਟਲ ਬਣਾ ਕੇ ਨਾਲ ਰੱਖ ਦੇਵੇ।’’
ਮਨ ਦੀਆਂ ਬੁੱਝਣ ਵਾਂਗ ਡੈਡੀ ਜੀ ਬੋਲੇ, ‘‘ਆਹੋ ਸਾਰੀਆਂ ਸਿਆਣਪਾਂ ਘੋਲ ਕੇ ਪੀਣ ਦਾ ਠੇਕਾ ਕਿਸੇ ਇੱਕ ਨੇ ਜੁ ਲੈ ਰੱਖਿਐ। ਦਵਿੰਦਰ ਪੁੱਤਰ, ਪਿਛਲੀ ਸੀਟ ਦੇ ਪੈਰਾਂ ਵਿੱਚ ਰੱਖੇ ਬੈਗ ’ਚ ਪਈ ਏ ਚਾਹ ਦੀ ਕੈਟਲ। ਪੀ ਲੈਣਾ ਰਾਹ ਵਿੱਚ। ਹਾਂ, ਭੁਜੀਆ ਬਦਾਨਾ ਵੀ ਰੱਖਿਐ। ਛੋਟੇ ਪੈਕੇਟ ਰਸਤੇ ’ਚ ਖੋਲ੍ਹ ਕੇ ਖਾ ਲੈਣਾ। ਵੱਡੇ ਤੇਰੀ ਮੰਮੀ ਦੇ ਬੈਗ ’ਚ ਰੱਖੇ ਨੇ ਆਸਟਰੇਲੀਆ ਜਾ ਕੇ ਖਾਂਦੇ ਰਹਿਣਾ। ਫ਼ੌਜੀ ਢਾਬੇ ਦਾ ਸੁਆਦ ਪੂਰੀ ਦੁਨੀਆਂ ’ਚ ਲੱਭ ਜੇ ਨੀਵੀਂ ਥਾਂ ਬਿਠਾ ਲੈਣਾ।’’ ਬੋਲਦੇ-ਬੋਲਦੇ ਡੈਡੀ ਜੀ ਅੱਖ ’ਚ ਕੁਝ ਪੈਣ ਦਾ ਬਹਾਨਾ ਬਣਾ ਮੂੰਹ ਫੇਰ ਕੇ ਖੜੋ ਗਏ ਸਨ।
ਕਾਰ ਚਲੀ ਗਈ। ਅਸੀਂ ਅੰਦਰ ਆ ਗਏ। ਹੁਣ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਚੇਤਾ ਆਇਆ ਡੈਡੀ ਜੀ ਕਾਰ ਅੱਖੋਂ ਓਹਲੇ ਹੋ ਜਾਣ ਤੋਂ ਕਿੰਨਾ ਚਿਰ ਬਾਅਦ ਤੱਕ ਦਹਿਲੀਜ਼ ਫੜ ਕੇ ਖੜ੍ਹੇ ਰਹੇ ਸਨ।
ਦਨਿ-ਰਾਤ ਟਾਈਮ ਦੇ ਫ਼ਰਕ ਦਾ ਹਿਸਾਬ ਲਾ ਮੈਂ ਭੈਣਜੀ ਨੂੰ ਵੀਡਿਓ ਕਾਲ ਲਗਾ ਲਈ। ਸਾਸਰੀ ਕਾਲ ਬੁਲਾਈ ਸੀ ਕਿ ਭੈਣਜੀ ਸ਼ੁਰੂ ਹੋ’ਗੇ, ‘‘ਗਲਤੀ ਕਰ’ਲੀ ਮੰਮੀ ਨੂੰ ਨਾਲ ਲਿਆ ਕੇ। ਪਹਿਲਾਂ ਆਉਂਦੇ ਹੀ ਮੰਮੀ ਮੇਰੇ ਪਿੱਛੇ ਪੈ ਜਾਂਦੀ ਸੀ, ਪੰਜਾਬਣਾਂ ਨੂੰ ਘਰ ਸੱਦਾ ਦੇਵਾਂ ਤੇ ਮੰਮੀ ਦੀਆਂ ਬਣਾਈਆਂ ਡਰੈਸਿਜ਼ ਵਿਕਵਾਵਾਂ। ਕਿੰਨੇ-ਕਿੰਨੇ ਪਾਰਸਲ ਤੁਸੀਂ ਮਗਰ ਘੱਲਦੇ, ਪਰ ਇਸ ਵਾਰ ਮਾਂ ਨੂੰ ਪਤਾ ਨਹੀਂ ਕਿਹੜਾ ਤੇਈਆ ਤਾਪ ਚੜ੍ਹਿਐ। ਹਫ਼ਤਾ ਹੋ ਗਿਆ ਆਇਆਂ ਨੂੰ। ਮੇਰੀਆਂ ਸਹੇਲੀਆਂ ਨੇ ਮੇਲੇ ਦੀਆਂ ਤਿਆਰੀਆਂ ਦਾ ਪਿੜ ਬੰਨ੍ਹਣ ਲਈ ਮੈਨੂੰ ਹੱਥੜੇ ਪਾ ਰੱਖੇ ਨੇ ਤੇ ਇੱਧਰ ਮੰਮੀ ਨੇ ਅਜਿਹਾ ਬੈੱਡ ਮੱਲਿਐ, ਕੀ ਦੱਸਾਂ? ਅੱਜ ਚੌਥਾ ਦਨਿ ਹੋ ਗਿਆ, ਖਾਣਾ-ਪੀਣਾ ਛੱਡੇ ਨੂੰ। ਅਖੇ ‘ਪਤਾ ਨਹੀਂ ਕੀ ਹੋ ਗਿਐ ਅੰਦਰ ਕੁਝ ਲੰਘਦਾ ਹੀ ਨਹੀਂ।’ ਹੋਰ ਕੁਝ ਨਹੀਂ ਤਾਂ ਚੰਗਾ ਭਲਾ ਭੁਜੀਏ-ਬਦਾਨੇ ਨਾਲ ਚਾਹ ਦਾ ਕੱਪ ਪੀ ਲੈਂਦੇ ਸਨ। ਕੱਲ੍ਹ ਦਾ ਉਹ ਵੀ ਮੂੰਹ ਨਹੀਂ ਲਾਇਆ। ਆਹ ਵੇਖੋ ਹੁਣ ਵੀ ਗਰਮ ਬਣਾ ਕੇ ਲਿਆਈ ਆਂ ਚਾਹ ਤੇ ਨਾਲ ਭੁਜੀਆ-ਬਦਾਨਾ।’’ ‘‘ਕੀ ਹੋਇਐ ਮੰਮੀ? ਇੰਝ ਭੁੱਖੇ ਰਹਿਣ ਨਾਲ ਜ਼ਿਆਦਾ ਬੀਮਾਰ ਹੋ ਗਏ ਤਾਂ ਕੀ ਬਣੂ?’’ ਮੈਂ ਮੰਮੀ ਜੀ ਨਾਲ ਗੱਲ ਕਰਦੀ ਜਾਣ ਬੁੱਝ ਕੇ ਉੱਚੀ ਬੋਲੀ ਹਾਂ ਤਾਂ ਕਿ ਡੈਡੀ ਜੀ ਨੂੰ ਸੁਣ ਜਾਵੇ। ‘‘ਜੀਅ ਅੰਦਰੋਂ-ਅੰਦਰੀਂ ਘਟੀ ਜਾਂਦੈ। ਕਲੇਜਾ ਮੂੰਹ ਨੂੰ ਆਉਂਦੈ। ਛਾਤੀ ਨੂੰ ਖੋਹ ਪਈ ਜਾਂਦੀ ਏ। ਪਤਾ ਨਹੀਂ ਕੀ ਹੋ ਗਿਐ। ਦਿਲ ਫਿਸੂੰ-ਫਿਸੂੰ ਕਰਦੈ। ਚਾਹ ਦਾ ਘੁੱਟ ਤੱਕ ਅੰਦਰ ਲੰਘਣਾ ਔਖਾ ਹੋਇਐ। ਰੱਜ ਕੇ ਰੋਣ ਨੂੰ ਜੀਅ ਕਰਦੈ।’’ ਬੋਲਦੇ ਮੰਮੀ ਜੀ ਦਾ ਗੱਚ ਭਰ ਆਇਆ।
ਮੈਂ ਵੇਖਿਆ। ਮੰਮੀ ਜੀ ਗੱਲ ਮੇਰੇ ਨਾਲ ਕਰਦੇ ਪਏ ਨੇ, ਨਜ਼ਰਾਂ ਨੂੰ ਭਾਲ ਕਿਸੇ ਹੋਰ ਦੀ। ‘‘ਹੋਰ ਬਾਲਾਂ ਦਾ ਕੀ ਹਾਲ ਏ? ਯਾਦ ਕਰਦੇ ਨੇ ਮੈਨੂੰ ਕਿ ਨਹੀਂ? ਰਮਨ ਕਿੱਥੇ ਏ? ਹੋਰ ਘਰ ’ਚ ਹੁਣ ਖਿਲਾਰਾ ਤਾਂ ਨਹੀਂ ਪਾਉਂਦਾ ਕੋਈ? ਖ਼ੁਸ਼ ਏ ਫ਼ੌਜੀ ਢਾਬਾ?’’ ਘੁੰਮ-ਘੁਮਾ ਕੇ ਮੰਮੀ ਨੇੇ ਸੂਈ ਦੇ ਨੱਕੇ ’ਚ ਧਾਗਾ ਪਾ ਹੀ ਦਿੱਤਾ।
‘‘ਖ਼ੁਸ਼? ਕੀ ਦੱਸਾਂ?’’ ਮੇਰਾ ਹਾਸਾ ਨਿਕਲ ਗਿਆ ਹੈ। ‘‘ਚੱਲ ਇਹ ਤਾਂ ਦੱਸ, ਉਹ ਜਿਹੜਾ ਤੇਰੇ ਮਗਰ ਕੰਨਾਂ ਦੇ ਬੂਹੇ ਬਾਰੀਆਂ ਖੋਲ੍ਹ-ਖੋਲ੍ਹ ਸੁਣਦੈ ਉਸ ਢਾਬਾ ਮਾਸਟਰ ਦਾ ਢਾਬਾ ਕਿਵੇਂ ਚੱਲਦੈ?’’ ਮੈਂ ਪਿੱਛੇ ਗਰਦਨ ਘੁਮਾਉਂਦੀ ਕਿ ਡੈਡੀ ਜੀ ਦੇ ਬੋਲ ਕੰਨੀਂ ਪਏ, ‘‘ਕਹਿ ਦੇ ਨਿਮਰ ਪੁੱਤਰ, ਢਾਬਾ ਚੱਲਦਾ ਨਹੀਂ ਦੌੜਦਾ ਏ ਦੌੜਦਾ। ਨਹੀਂ ਯਕੀਨ ਤਾਂ ਰਮਨ ਕੋਲੋਂ ਪੁੱਛ ਲਵੇ। ਰਮਨ ਦੱਸ ਅੱਗੇ ਹੋ ਕੇ। ਢਾਬਾ ਕਿਵੇਂ ਹਵਾ ਨਾਲ ਗੱਲਾਂ ਕਰਦੈ।’’
‘‘ਆਹੋ ਇੰਨੀ ਸਪੀਡ ਨਾਲ ਉੱਡਿਆ ਫਿਰਦੈ ਕਿ ਢਾਬੇ ਦੀ ਹਵਾ ਨਿਕਲੀ ਪਈ ਏ।’’ ਸੁਣ ਕੇ ਡੈਡੀ ਨੀਵੀਂ ਪਾ ਇੱਕ ਪਾਸੇ ਹੋ ਖਲੋਤੇ ਹਨ।
‘‘ਭਰਜਾਈ ਤੀਜ ਵਾਲੀਆਂ ਡਰੈਸਿਜ਼ ਦਾ ਪਾਰਸਲ ਹੋ ਗਿਆ ਤਿਆਰ ਕਿ ਨਹੀਂ?’’ ‘‘ਬਸ ਤਿਆਰ ਹੈ ਭੈਣਜੀ। ਪਰਸੋਂ ਤੱਕ ਭੇਜ ਦਿਆਂਗੀ।’’
‘‘ਮੈਂ ਕਹਿੰਦੀ ਸੀ ਡੈਡੀ ਜੀ ਆ ਜਾਣ ਤੇ ਨਾਲ ਕੱਪੜੇ ਵੀ ਲੈਂਦੇ ਆਉਣ।’’ ‘‘ਮੈਨੂੰ ਫਾਹੇ ਟੰਗੋ ਤੁਸੀਂ। ਜਹਾਜ਼ ਚੜ੍ਹਾ ਕੇ ਹੀ ਸਾਹ ਲਉਗੇ।’’ ਬੋਲਦੇ ਡੈਡੀ ਜੀ ਨੇ ਕੈਮਰੇ ਵੱਲ ਵੇਖਿਆ ਹੈ। ਕੈਮਰੇ ਵੱਲੋਂ ਨਜ਼ਰਾਂ ਚੁਰਾਉਂਦੇ ਮੰਮੀ ਜੀ ਭੁਜੀਏ-ਬਦਾਨੇ ਦਾ ਫੱਕਾ ਮਾਰ ਚਾਹ ਦੀਆਂ ਘੁੱਟਾਂ ਭਰਨ ਲੱਗੇ ਹਨ।
ਸੰਪਰਕ: 98146-70707

Advertisement

Advertisement