For the best experience, open
https://m.punjabitribuneonline.com
on your mobile browser.
Advertisement

ਬੰਗਾਲ: ਟੀਐੱਮਸੀ ਨੇ ਸਾਰੇ 42 ਲੋਕ ਸਭਾ ਉਮੀਦਵਾਰ ਐਲਾਨੇ

07:50 AM Mar 11, 2024 IST
ਬੰਗਾਲ  ਟੀਐੱਮਸੀ ਨੇ ਸਾਰੇ 42 ਲੋਕ ਸਭਾ ਉਮੀਦਵਾਰ ਐਲਾਨੇ
Advertisement
ਕੋਲਕਾਤਾ, 10 ਮਾਰਚ
ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਸਾਰੇ 42 ਲੋਕ ਸਭਾ ਹਲਕਿਆਂ ਤੋਂ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮੌਜੂਦਾ ਸੱਤ ਸੰਸਦ ਮੈਂਬਰਾਂ ਨੂੰ ਛੱਡ ਕੇ ਸਾਬਕਾ ਕ੍ਰਿਕਟਰ ਯੂਸੁਫ਼ ਪਠਾਣ ਸਮੇਤ ਵੱਡੀ ਗਿਣਤੀ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਟੀਐੱਮਸੀ ਨੇ ਪੁਰਾਣੇ ਤੇ ਅਗਲੀ ਪੀੜ੍ਹੀ ਦੇ ਆਗੂਆਂ ਦਰਮਿਆਨ ਕਥਿਤ ਕਸ਼ਮਕਸ਼ ਦੇ ਮੱਦੇਨਜ਼ਰ ਤਜਰਬੇ ਤੇ ਨਵੀਂ ਪ੍ਰਤਿਭਾ ਦਾ ਸਾਂਝਾ ਸੁਮੇਲ ਕਾਇਮ ਰੱਖਿਆ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਨੂੰ ਮੁੜ ਟਿਕਟ ਦਿੱਤੀ ਗਈ ਹੈ।
ਅਭਿਸ਼ੇਕ ਬੈਨਰਜੀ, ਸ਼ਤਰੂਘਨ ਸਿਨਹਾ, ਮਹੂਆ ਮੋਇਤਰਾ, ਕੀਰਤੀ ਆਜ਼ਾਦ, ਯੂਸੁਫ਼ ਪਠਾਣ
ਉਨ੍ਹਾਂ ਟੀਐੱਮਸੀ ਦੀ ਟਿਕਟ ’ਤੇ 2022 ਵਿੱਚ ਆਸਨਸੋਲ ਹਲਕੇ ਦੀ ਜ਼ਿਮਨੀ ਚੋਣ ਜਿੱਤੀ ਸੀ। ਟੀਐੱਮਸੀ ਵਿੱਚ ਦੂਸਰੇ ਨੰਬਰ ਦੇ ਆਗੂ ਅਭਿਸ਼ੇਕ ਬੈਨਰਜੀ ਨੂੰ ਡਾਇਮੰਡ ਹਾਰਬਰ, ਜਦੋਂਕਿ ਸਾਬਕਾ ਕ੍ਰਿਕਟਰ ਤੇ ਪਾਰਟੀ ਆਗੂ ਕੀਰਤੀ ਆਜ਼ਾਦ ਨੂੰ ਬਰਧਮਾਨ-ਦੁਰਗਾਪੁਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਸੰਸਦ ਮੈਂਬਰ ਨੂਰੁਲ ਇਸਲਾਮ ਨੂੰ ਅਦਾਕਾਰਾ ਨੁਸਰਤ ਜਹਾਂ ਦੀ ਥਾਂ ਬਸੀਰਹਾਟ ਲੋਕ ਸਭਾ ਹਲਕੇ ਤੋਂ ਉਤਾਰਿਆ ਗਿਆ ਹੈ। ਇਸ ਹਲਕੇ ਦਾ ਸੰਦੇਸ਼ਖਲੀ ਇਲਾਕਾ ਇਸ ਸਮੇਂ ਸੁਰਖ਼ੀਆਂ ਵਿੱਚ ਹੈ। ਮੌਜੂਦਾ 23 ਸੰਸਦ ਮੈਂਬਰਾਂ ਵਿੱਚੋਂ 16 ਨੂੰ ਮੁੜ ਟਿਕਟ ਦਿੱਤੀ ਗਈ ਹੈ। ਭਾਜਪਾ ਵਿੱਚੋਂ ਕੱਢੇ ਗਏ ਦਲਬਦਲੂ ਅਰਜੁਨ ਸਿੰਘ ਨੂੰ ਬੈਰਕਪੁਰ ਤੋਂ ਮੌਕਾ ਨਹੀਂ ਦਿੱਤਾ ਗਿਆ। ਉਹ ਦੋ ਸਾਲ ਪਹਿਲਾਂ ਟੀਐੱਮਸੀ ਵਿੱਚ ਸ਼ਾਮਲ ਹੋਇਆ ਸੀ। ਨਵੇਂ ਚਿਹਰਿਆਂ ਵਿੱਚ 12 ਮਹਿਲਾ ਉਮੀਦਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਟੀਐੱਮਸੀ ਨੇ ਪੱਛਮੀ ਬੰਗਾਲ ਦੇ ਦੋ ਮੰਤਰੀਆਂ ਪਾਰਥ ਭੌਮਿਕ ਅਤੇ ਬਿਪਲਵ ਮਿਤਰਾ ਸਮੇਤ ਨੌਂ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਹੈ। ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਉਮੀਦਵਾਰ ਖੜ੍ਹੇ ਕੀਤੇ ਹਨ। ਕੁੱਝ ਰਹਿ ਗਏ ਹਨ। ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੌਕਾ ਮਿਲੇਗਾ।’’ ਸਾਬਕਾ  ਕ੍ਰਿਕਟਰ ਯੂਸੁਫ਼ ਪਠਾਣ ਨੂੰ ਬਹਿਰਾਮਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦ ਕੀਤਾ ਗਿਆ ਹੈ। ਇਹ ਇਤਿਹਾਸਕ ਤੌਰ ’ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਪੰਜ ਵਾਰ ਸੰਸਦ ਮੈਂਬਰ ਰਹੇ ਅਧੀਰ ਰੰਜਨ ਚੌਧਰੀ ਦਾ ਗੜ੍ਹ ਹੈ। ‘ਸਵਾਲ ਬਦਲੇ ਕੈਸ਼’ ਦੇ ਕੇਸ ਵਿੱਚ ਪਿਛਲੇ ਸਾਲ ਲੋਕ ਸਭਾ ਵਿੱਚੋਂ ਕੱਢੀ ਗਈ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਕ੍ਰਿਸ਼ਨਾਨਗਰ ਹਲਕੇ ਤੋਂ ਟੀਐੱਮਸੀ ਦਾ ਉਮੀਦਵਾਰ ਐਲਾਨਿਆ ਗਿਆ ਹੈ। -ਪੀਟੀਆਈ

ਭਾਜਪਾ ਦੇ ਦਬਾਅ ਅੱਗੇ ਨਾ ਝੁਕਣ ਲਈ ਗੋਇਲ ਨੂੰ ਸਲਾਮ: ਮਮਤਾ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਵਾਲੇ ਅਰੁਣ ਗੋਇਲ ਦੀ ਭਾਜਪਾ ਦੇ ਦਬਾਅ ਅੱਗੇ ‘ਨਾ ਝੁਕਣ’ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਗਾਮੀ ਚੋਣਾਂ ’ਚ ਭਗਵਾਂ ਕੈਂਪ ਦੀ ਹਾਰ ਹੋਵੇਗੀ। ਇੱਥੇ ਬ੍ਰਿਗੇਡ ਪਰੇਡ ਮੈਦਾਨ ’ਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਰੈਲੀ ’ਚ ਬੈਨਰਜੀ ਨੇ ਕਿਹਾ ਕਿ ਗੋਇਲ ਦਾ ਅਚਾਨਕ ਅਸਤੀਫ਼ਾ ਸਾਬਤ ਕਰਦਾ ਹੈ ਕਿ ‘‘ਭਾਜਪਾ ਲੋਕ ਸਭਾ ਚੋਣਾਂ ’ਚ ਵੋਟਾਂ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ, ‘‘ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਸਬੰਧੀ ਦਿੱਲੀ ਦੇ ਨੇਤਾਵਾਂ (ਭਾਜਪਾ ਦੇ) ਅਤੇ ਉਨ੍ਹਾਂ ਦੇ ਉੱਚ ਆਕਾਵਾਂ ਦੇ ਦਬਾਅ ਅੱਗੇ ਨਾ ਝੁਕਣ ਲਈ ਮੈਂ ਅਰੁਣ ਗੋਇਲ ਨੂੰ ਸਲਾਮ ਕਰਦੀ ਹਾਂ। ਇਹ ਸਾਬਤ ਹੋ ਗਿਆ ਹੈ ਕਿ ਉਹ (ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ) ਚੋਣਾਂ ਦੇ ਨਾਂ ’ਤੇ ਕੀ ਕਰਨਾ ਚਾਹੁੰਦੀ ਹੈ। ਉਹ ਵੋਟਾਂ ਲੁੱਟਣਾ ਚਾਹੁੰਦੇ ਹਨ।’’ -ਪੀਟੀਆਈ
Advertisement
Advertisement
Author Image

Advertisement