For the best experience, open
https://m.punjabitribuneonline.com
on your mobile browser.
Advertisement

ਬੰਗਾਲ ਪੰਚਾਇਤ ਚੋਣਾਂ: 700 ਦੇ ਕਰੀਬ ਬੂਥਾਂ ’ਤੇ ਮੁੜ ਪੋਲਿੰਗ

07:18 AM Jul 11, 2023 IST
ਬੰਗਾਲ ਪੰਚਾਇਤ ਚੋਣਾਂ  700 ਦੇ ਕਰੀਬ ਬੂਥਾਂ ’ਤੇ ਮੁੜ ਪੋਲਿੰਗ
ਮੁਰਸ਼ਿਦਾਬਾਦ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਕਤਾਰ ਵਿੱਚ ਖਡ਼੍ਹੇ ਲੋਕ। -ਫੋਟੋ: ਪੀਟੀਆਈ
Advertisement

ਕੋਲਕਾਤਾ, 10 ਜੁਲਾਈ
ਪੱਛਮੀ ਬੰਗਾਲ ਦੇ 19 ਜ਼ਿਲ੍ਹਿਆਂ ਵਿੱਚ 700 ਦੇ ਕਰੀਬ ਬੂਥਾਂ ਵਿੱਚ ਅੱਜ ਨਵੇਂ ਸਿਰੇ ਤੋਂ ਵੋਟਾਂ ਪਈਆਂ। ਵੋਟਾਂ ਦਾ ਅਮਲ ਇਕ ਦੋ ਥਾਵਾਂ ’ਤੇ ਮਾਮੂਲੀ ਝਗੜਿਆਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਹੋਵੇਗੀ। ਉੋਂਜ ਸ਼ਨਿੱਚਰਵਾਰ ਨੂੰ ਵੋਟਿੰਗ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਆਗੂ ਅੱਜ ਵੀ ਮਿਹਣੋ-ਮਿਹਣੀ ਹੁੰਦੇ ਰਹੇ। ਇਸ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ.ਆਨੰਦਾ ਬੋਸ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੂਬੇ ਦੇ ਹਾਲਾਤ ਤੋਂ ਜਾਣੂ ਕਰਵਾਇਆ। ਚੇਤੇ ਰਹੇ ਕਿ ਬੈਲਟ ਬਕਸਿਆਂ ਨਾਲ ਕਥਿਤ ਛੇੜਛਾੜ ਤੇ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ 15 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਸੂਬਾਈ ਚੋਣ ਕਮਿਸ਼ਨ ਨੇ ਐਤਵਾਰ ਸ਼ਾਮ ਨੂੰ 696 ਬੂਥਾਂ ’ਤੇ ਮੁੜ ਪੋਲਿੰਗ ਦੇ ਹੁਕਮ ਦਿੱਤੇ ਸਨ।
ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਅੱਜ ਸਵੇਰੇ ਸੱਤ ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ। ਸੂਬਾਈ ਪੁਲੀਸ ਤੋਂ ਇਲਾਵਾ ਕੇਂਦਰੀ ਬਲਾਂ ਦੇ ਚਾਰ ਜਵਾਨ ਹਰੇਕ ਬੂਥ ’ਤੇ ਤਾਇਨਾਤ ਰਹੇ। ਬਾਅਦ ਦੁਪਹਿਰ ਪੰਜ ਵਜੇ ਤੱਕ 69.85 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਬੂਥਾਂ ਨੂੰ ਪੋਲਿੰਗ ਦਾ ਅਮਲ ਸਿਰੇ ਚਾੜ੍ਹਨ ਲਈ ਓਨਾ ਹੀ ਵਾਧੂ ਸਮਾਂ ਦਿੱਤਾ ਗਿਆ। ਸੂਬਾਈ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ, ‘‘ਜਨਿ੍ਹਾਂ ਜ਼ਿਲ੍ਹਿਆਂ ਵਿੱਚ ਮੁੜ ਤੋਂ ਪੋਲਿੰਗ ਹੋਈ, ਉਥੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਇੱਕ ਦੋ ਥਾਵਾਂ ’ਤੇ ਮਾਮੂਲੀ ਝਗੜੇ ਹੋਏ, ਜਿਸ ਨੂੰ ਪੁਲੀਸ ਨੇ ਆਪਣੇ ਪੱਧਰ ’ਤੇ ਨਜਿੱਠ ਲਿਆ।’’ ਮਾਲਦਾ ਵਿਚ ਸਥਾਨਕ ਲੋਕਾਂ ਨੇ ਗਾਜ਼ੋਲੇ ਬਲਾਕ ਵਿੱਚ ਰਾਣੀਗੰਜ ਪੰਚਾਇਤ ਵਿੱਚ ਆਉਂਦੇ ਡੋਗਾਚੀ ਬੂਥ ਨੂੰ ਘੇਰਾ ਪਾ ਕੇ ਅਧਿਕਾਰੀਆਂ ਨੂੰ ਮੁੜ ਵੋਟਿੰਗ ਕਰਵਾਉਣ ਤੋਂ ਰੋਕਿਆ। ਸਥਾਨਕ ਲੋਕਾਂ ਵੱਲੋਂ ਸੜਕ ਮੁਰੰਮਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕੀਤੇ ਵੋਟਾਂ ਦੇ ਬਾਈਕਾਟ ਕਰਕੇ ਸ਼ਨਿੱਚਰਵਾਰ ਨੂੰ ਵੀ ਇਸ ਬੂਥ ’ਤੇ ਪੋਲਿੰਗ ਨਹੀਂ ਹੋਈ ਸੀ। ਲੋਕਾਂ ਨੇ ਬੂਥ ਨੂੰ ਤਾਲਾ ਜੜ ਦਿੱਤਾ ਸੀ। ਜਨਿ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਮੁੜ ਪੋਲਿੰਗ ਹੋਈ ਉਨ੍ਹਾਂ ਵਿਚ ਮੁਰਸ਼ਿਦਾਬਾਦ ਦੇ 175 ਬੂਥ, ਮਾਲਦਾ ਦੇ 109, ਨਾਦੀਆ 89, ਕੂਚ ਬਿਹਾਰ 53, ਉਤਰੀ 24 ਪਰਗਨਾ 46, ਉੱਤਰੀ ਦੀਨਾਜਪੁਰ 42,ਦੱਖਣੀ 24 ਪਰਗਨਾ 36, ਪੂਰਬੀ ਮੇਦਨੀਪੁਰ 31 ਤੇ ਹੁਗਲੀ 29 ਬੂਥ ਸ਼ਾਮਲ ਹਨ। ਸ਼ਨਿੱਚਰਵਾਰ ਨੂੰ ਤਿੰੰਨ ਪਰਤੀ ਪੰਚਾਇਤ ਚੋਣਾਂ ਲਈ 61,000 ਤੋਂ ਵੱਧ ਬੂਥਾਂ ’ਤੇ ਵੋਟਾਂ ਪਈਆਂ ਸਨ। ਇਸੇ ਦੌਰਾਨ ਕਈ ਬੂਥਾਂ ’ਤੇ ਬੈਲਟ ਬਕਸਿਆਂ ਦੀ ਲੁੱਟ-ਖੋਹ ਕੀਤੀ ਗਈ ਜਦੋਂਕਿ ਕਈ ਥਾਈਂ ਇਨ੍ਹਾਂ ਬਕਸਿਆਂ ਨੂੰ ਅੱਗ ਲਾ ਦਿੱਤੀ ਗਈ ਜਾਂ ਫਿਰ ਤਲਾਬਾਂ ਵਿੱਚ ਸੁੱਟ ਦਿੱਤਾ ਗਿਆ। ਟੀਐੱਮਸੀ ਆਗੂਆਂ ਨੇ ਕਿਹਾ ਕਿ ਦੋ ਦਨਿ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਦੌਰਾਨ ਹੋਈ ਸਿਆਸੀ ਵਰਕਰਾਂ ਦੀ ਮੌਤ ਨਾਲ ਸਾਡੇ ਸਾਰਿਆਂ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। -ਪੀਟੀਆਈ

Advertisement

ਬੰਗਾਲ ’ਚ ਮੁਸਲਮਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹੈ: ਓਵਾਇਸੀ

ਹੈਦਰਾਬਾਦ/ਕੋਲਕਾਤਾ: ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਪੰਚਾਇਤ ਚੋਣ ਹਿੰਸਾ ਦੌਰਾਨ ਭੋਲੇ-ਭਾਲੇ ਮੁਸਲਮਾਨਾਂ ਨੂੰ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹੈ। ਓਵਾਇਸੀ ਨੇ ਚੋਣਾਂ ਵਾਲੇ ਦਨਿ 15 ਮੁਸਲਮਾਨਾਂ ਦੀ ਹੱਤਿਆ ਕੀਤੇ ਜਾਣ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਕੀਤੇ ਟਵੀਟ ਵਿੱਚ ਕਿਹਾ, ‘‘ਇਹ ਮੌਕਾਪ੍ਰਸਤ ‘ਧਰਮ-ਨਿਰਪੱਖਤਾ’ ਦਾ ਜ਼ਹਿਰੀਲਾ ਫਲ ਹੈ। ਭਾਜਪਾ ਤੇ ਟੀਐੈੱਮਸੀ ਜਿੱਥੇ ਸਿਆਸੀ ਤਾਕਤ ਦੇ ਲਾਹੇ ਲਈ ਲੜ ਰਹੇ ਹਨ, ਉਥੇ ਭੋਲੇ-ਭਾਲੇ ਮੁਸਲਮਾਨਾਂ ਨੂੰ ਮਹਿਜ਼ ਬਲੀ ਦਾ ਬੱਕਰਾ ਬਣਾਇਆ ਜਾ ਰਿਹੈ।’’

ਹਾਈ ਕੋਰਟ ਨੇ ਨੋਡਲ ਅਧਿਕਾਰੀ ਤੋਂ ਰਿਪੋਰਟ ਮੰਗੀ

ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਪੰਚਾਇਤ ਚੋਣਾਂ ਦੌਰਾਨ ਕੇਂਦਰੀ ਬਲਾਂ ਦੀ ਤਾਇਨਾਤੀ ਲਈ ਨੋਡਲ ਅਧਿਕਾਰੀ ਬੀਐੱਸਐੱਫ ਦੇ ਇੰਸਪੈਕਟਰ ਜਨਰਲ ਤੋਂ 8 ਜੁਲਾਈ ਨੂੰ ਵੱਖ ਵੱਖ ਚੋਣ ਬੂਥਾਂ ’ਤੇ ਹੋਈ ਹਿੰਸਾ ਸਬੰਧੀ ਰਿਪੋਰਟ ਮੰਗ ਲਈ ਹੈ। ਚੀਫ ਜਸਟਿਸ ਟੀ.ਐੱਸ.ਸ਼ਿਵਾਗਨਮ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਕਥਿਤ ਚੋਣ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਤੇ ਜ਼ਖ਼ਮੀਆਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਕਰੇ। ਚੇਤੇ ਰਹੇ ਕਿ ਬਰਹਾਮਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਥਰੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਚੋਣ ਹਿੰਸਾ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਕੀਤੇ ਜਾਣ ਦੀ ਅਪੀਲ ਕੀਤੀ ਸੀ। ਚੌਧਰੀ ਨੇ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਸੀ। -ਪੀਟੀਆਈ

ਸਬੂਤਾਂ ਸਮੇਤ ਕਲਕੱਤਾ ਹਾਈ ਕੋਰਟ ਦਾ ਰੁਖ਼ ਕਰਾਂਗੇ: ਅਧਿਕਾਰੀ

ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਕਿ ਪੰਚਾਇਤ ਚੋਣਾਂ ਦੌਰਾਨ ਕਥਿਤ ਧਾਂਦਲੀ ਖਿਲਾਫ਼ ਉਹ ਸਬੂਤਾਂ ਸਮੇਤ ਹਾਈ ਕੋਰਟ ਦਾ ਰੁਖ਼ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੁੜ ਵੋਟਿੰਗ ਦੀ ਮੰਗ ਕਰਦਿਆਂ ਰਾਜ ਚੋਣ ਕਮਿਸ਼ਨ ਨੂੰ 6000 ਬੂਥਾਂ ਦੀ ਸੂਚੀ ਸੌਂਪੀ ਸੀ, ਪਰ ਕਮਿਸ਼ਨ ਨੇ ਹਜ਼ਾਰਾਂ ਬੂਥਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿਰਫ਼ 694 ਬੂਥਾਂ ’ਤੇ ਹੀ ਮੁੜ ਵੋਟਿੰਗ ਦੇ ਹੁਕਮ ਦਿੱਤੇ। ਅਧਿਕਾਰੀ ਨੇ ਦਾਅਵਾ ਕੀਤਾ, ‘‘ਟੀਐੱਮਸੀ ਦੇ ਕਹਿਣ ’ਤੇ 18000 ਬੂਥਾਂ ਵਿੱਚ ਫਰਜ਼ੀ ਵੋਟਿੰਗ ਹੋਈ ਹੈ। ਅਸੀਂ ਹੋਰ ਸਬੂਤ ਇਕੱਤਰ ਕਰ ਰਹੇ ਹਾਂ। ਰਾਜ ਚੋਣ ਕਮਿਸ਼ਨਰ ਰਾਜੀਵ ਸਨਿਹਾ ਨੇ ਸਾਡੀ ਸੂਚੀ ਨੂੰ ਜਾਣਬੁੁਝ ਕੇ ਨਜ਼ਰਅੰਦਾਜ਼ ਕੀਤਾ।’’ ਅਧਿਕਾਰੀ ਨੇ ਕਿਹਾ ਕਿ ਕਲਕੱਤਾ ਹਾਈ ਕੋਰਟ ਨੂੰ ਵੀਡੀਓ ਫੁਟੇਜ ਸਣੇ ਵੇਰਵੇ ਸਹਿਤ ਹੋਰ ਸਬੂਤ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਨਿ ਸੌਂਪੇ ਜਾਣਗੇ। -ਪੀਟੀਆਈ

ਪ੍ਰਸਾਦ ਦੀ ਅਗਵਾਈ ’ਚ ਤੱਥ-ਖੋਜ ਕਮੇਟੀ ਅੱਜ ਜਾਏਗੀ ਬੰਗਾਲ

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਾਲੀ ਭਾਜਪਾ ਸੰਸਦ ਮੈਂਬਰਾਂ ਦੀ ਚਾਰ ਮੈਂਬਰੀ ਤੱਥ-ਖੋਜ ਕਮੇਟੀ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਨਾਲ ਜੁੜੇ ਕੇਸਾਂ ਦੀ ਜਾਂਚ ਲਈ ਮੰਗਲਵਾਰ ਨੂੰ ਪੱਛਮੀ ਬੰਗਾਲ ਜਾਏਗੀ। ਕਮੇਟੀ ਆਪਣੀ ਰਿਪੋਰਟ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੂੰ ਸੌਂਪੇਗੀ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਸਤਿਆਪਾਲ ਸਿੰਘ, ਰਾਜਦੀਪ ਰੌਏ ਤੇ ਪਾਰਟੀ ਦੀ ਉਪ ਪ੍ਰਧਾਨ ਰੇਖਾ ਵਰਮਾ ਸ਼ਾਮਲ ਹੋਣਗੇ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×