ਬੰਗਾਲ: ਭਾਜਪਾ ਵਰਕਰ ਅਤੇ ਪਰਿਵਾਰਕ ਮੈਂਬਰਾਂ ਦੀ ਹੱਤਿਆ, ਤਣਾਅ ਵਧਿਆ
ਕੋਲਕਾਤਾ, 6 ਜੁਲਾਈ
ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿਚ ਭਾਜਪਾ ਕਾਰਕੁੰਨ, ੳਸਦੀ ਪਤਨੀ ਅਤੇ ਬੱਚੇ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ।
ਮ੍ਰਿਤਕ ਗੋਬਿੰਦੋ ਅਧਿਕਾਰੀ ਭਾਜਪਾ ਦਾ ਸਰਗਰਮ ਵਰਕਰ ਸੀ ਅਤੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਿਸ ਬੂਥ ਤੋਂ ਭਾਜਪਾ ਅੱਗੇ ਸੀ ਉਥੇ ਉਹ ਪੋਲਿੰਗ ਏਜੰਟ ਸੀ। ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਗੋਬਿੰਦੋ ਅਤੇ ਉਸਦੇ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਉਹ ਤ੍ਰਿਣਮੂਲ ਕਾਂਗਰਸ ਦੇ ਵਰਕਰ ਹਨ।
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਿਆਸੀ ਘਮਾਸਾਨ ਮਚ ਗਿਆ ਹੈ। ਭਾਜਪਾ ਆਗੂ ਦੇਵਨਾਥ ਚਕਰਵਰਤੀ ਨੇ ਦੋਸ਼ ਲਾਇਆ ਕਿ ਗੋਬਿੰਦੋ ਨੂੰ ਕੁੱਝ ਗੁੰਡਿਆ ਵੱਲੋਂ ਧਮਕੀ ਦਿੱਤੀ ਗਈ ਸੀ, ਜਿਨ੍ਹਾਂ ਦੇ ਸਿਰ 'ਤੇ ਸੱਤਾਧਾਰੀ ਪਾਰਟੀ ਦਾ ਹੱਥ ਹੈ। ਉੱਧਰ ਤ੍ਰਿਣਮੂਲ ਕਾਂਗਰਸ ਦੇ ਕੌਂਸਲਰ ਰਾਜੀਵ ਪੁਰੋਹਿਤ ਨੇ ਕਿਹਾ ਇਸ ਮਾਮਲੇ ਵਿਚ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।—ਏਐੱਨਆਈ