ਬੰਗਾਲ ਧਮਾਕਾ: ਐੱਨਆਈਏ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ, 6 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੱਛਮੀ ਬੰਗਾਲ ਦੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਵਿੱਚ ਭੀੜ ਵੱਲੋਂ ਜਾਂਚ ਏਜੰਸੀ ਦੀ ਟੀਮ ’ਤੇ ਹਮਲਾ ਕੀਤੇ ਜਾਣ ਦੇ ਬਾਵਜੂਦ 2022 ਦੇ ਧਮਾਕੇ ਦੇ ਮਾਮਲੇ ਵਿੱਚ ਅੱਜ ਦੋ ਸਾਜ਼ਿਸ਼ਘਾੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਹਾਂ ਮੁਲਜ਼ਮਾਂ ਨੂੰ ਕੋਲਕਾਤਾ ਵਿੱਚ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨ ਲਈ ਐੱਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ।
ਸੰਘੀ ਜਾਂਚ ਏਜੰਸੀ ਦੇ ਇਕ ਤਰਜਮਾਨ ਨੇ ਦੱਸਿਆ ਕਿ ਹਮਲੇ ਵਿੱਚ ਐੱਨਆਈਏ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ ਅਤੇ ਜਾਂਚ ਏਜੰਸੀ ਦਾ ਇਕ ਵਾਹਨ ਵੀ ਨੁਕਸਾਨਿਆ ਗਿਆ। ਅੱਜ ਦੀ ਇਸ ਘਟਨਾ ਨੇ 5 ਜਨਵਰੀ ਦੀ ਉਸ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਉੱਤਰੀ 24 ਪਰਗਨਾ ਦੇ ਸੰਦੇਸ਼ਖਲੀ ਇਲਾਕੇ ਵਿੱਚ ਰਾਸ਼ਨ ਘੁਟਾਲੇ ਦੇ ਸਬੰਧ ਵਿੱਚ ਮਾਰੇ ਗਏ ਛਾਪੇ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ’ਤੇ ਹਮਲਾ ਹੋਇਆ ਸੀ।
ਐੱਨਆਈ ਦੇ ਇਕ ਤਰਜਮਾਨ ਨੇ ਅੱਜ ਕਿਹਾ, ‘‘ਪੱਛਮੀ ਬੰਗਾਲ ਦੇ ਭੂਪਤੀਨਗਰ ਧਮਾਕਾ ਮਾਮਲੇ ਵਿੱਚ ਇਕ ਵੱਡੀ ਸਫ਼ਲਤਾ ਮਿਲੀ ਹੈ।’’ ਐੱਨਆਈਏ ਨੇ ਸੂਬੇ ਦੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਵਿੱਚ ਭੀੜ ਦੇ ਸਖ਼ਤ ਰੋਹ ਵਿਚਾਲੇ ਦੋ ਪ੍ਰਮੁੱਖ ਸਾਜ਼ਿਸ਼ਘਾੜਿਆਂ ਨੂੰ ਗ੍ਰਿਫ਼ਤਾਰ ਕੀਤਾ। ਦਸੰਬਰ 2022 ਵਿੱਚ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ।’’ ਤਰਜਮਾਨ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਬਲਾਈ ਚਰਨ ਮੈਤੀ ਅਤੇ ਮਨੋਬ੍ਰਤ ਜਾਨਾ ਨੂੰ ਪੰਜ ਥਾਵਾਂ ’ਤੇ ਵਿਆਪਕ ਤਲਾਸ਼ੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਐੱਨਆਈਏ ਦੀ ਟੀਮ ਨੇ ਜਾਨਾ ਦੇ ਘਰ ਦੀ ਤਲਾਸ਼ੀ ਵੀ ਲਈ ਜਿੱਥੇ ਸਥਾਨਕ ਲੋਕਾਂ ਨੇ ਐੱਨਆਈਏ ਦੀ ਟੀਮ ਦੇ ਕੰਮ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਐੱਨਆਈਏ ਦੀ ਟੀਮ, ਉਸ ਦੇ ਸੁਰੱਖਿਆ ਮੁਲਾਜ਼ਮਾਂ ਤੇ ਵਾਹਨ ਨੂੰ ਭੂਪਤੀਨਗਰ ਪੁਲੀਸ ਥਾਣੇ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਐੱਨਆਈਏ ਨੇ ਇਸ ਸਬੰਧੀ ਸਥਾਨਕ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਐੱਨਆਈਏ ਦੇ ਤਰਜਮਾਨ ਨੇ ਕਿਹਾ ਕਿ ਜਾਨਾ ਅਤੇ ਮੈਤੀ ’ਤੇ ਦਹਿਸ਼ਤ ਫੈਲਾਉਣ ਲਈ ਦੇਸੀ ਬੰਬ ਬਣਾਉਣ ਅਤੇ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਭੂਪਤੀਨਗਰ ਵਿੱਚ 3 ਦਸੰਬਰ 2022 ਨੂੰ ਰਾਜਕੁਮਾਰ ਮੰਨਾ ਦੇ ਕੱਚੇ ਮਕਾਨ ਵਿੱਚ ਹੋਏ ਧਮਾਕੇ ’ਚ ਰਾਜਕੁਮਾਰ ਮੰਨਾ, ਬਿਸਵਜੀਤ ਅਤੇ ਬੁੱਧਦੇਵ ਮੰਨਾ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਬਾਅਦ ਵਿੱਚ ਤਿੰਨੋਂ ਜਣਿਆਂ ਦੀ ਮੌਤ ਹੋ ਗਈ ਸੀ। ਸੂਬੇ ਦੀ ਪੁਲੀਸ ਨੇ ਸ਼ੁਰੂਆਤ ਵਿੱਚ ਧਮਾਕੇ ’ਚ ਮਾਰੇ ਗਏ ਤਿੰਨੋਂ ਵਿਅਕਤੀਆਂ ਖ਼ਿਲਾਫ਼ 3 ਦਸੰਬਰ 2022 ਨੂੰ ਐੱਫਆਈਆਰ ਦਰਜ ਕੀਤੀ ਸੀ ਪਰ ਧਮਾਕਾਖੇਜ਼ ਸਮੱਗਰੀ ਐਕਟ ਦੀਆਂ ਧਾਰਾਵਾਂ ਨਹੀਂ ਲਗਾਈਆਂ ਸਨ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੇ ਜਾਣ ਦੀ ਅਪੀਲ ਕੀਤੀ ਗਈ ਸੀ।
ਐੱਨਆਈਏ ਨੇ ਹਾਈ ਕੋਰਟ ਦੇ 21 ਮਾਰਚ 2023 ਦੇ ਹੁਕਮਾਂ ’ਤੇ 4 ਜੂਨ 2023 ਨੂੰ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੰਭਾਲ ਲਿਆ ਅਤੇ ਧਮਾਕਾਖੇਜ਼ ਸਮੱਗਰੀ ਐਕਟ ਸਣੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁੜ ਤੋਂ ਕੇਸ ਦਰਜ ਕੀਤਾ। ਤਰਜਮਾਨ ਨੇ ਦੱਸਿਆ ਕਿ ਅੱਜ ਦੇ ਹਮਲੇ ਵਿੱਚ ਐੱਨਆਈਏ ਦੀ ਟੀਮ ਦੇ ਇਕ ਮੈਂਬਰ ਨੂੰ ਮਾਮੂਲੀ ਸੱਟ ਲੱਗੀ ਹੈ ਅਤੇ ਏਜੰਸੀ ਦਾ ਇਕ ਵਾਹਨ ਵੀ ਨੁਕਸਾਨਿਆ ਗਿਆ ਹੈ। ਜਾਂਚ ਦੌਰਾਨ ਐੱਨਆਈਏ ਨੇ ਮਾਮਲੇ ਵਿੱਚ ਕਈ ਹੋਰ ਮੁਲਜ਼ਮਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਜਿਨ੍ਹਾਂ ਵਿੱਚ ਨਰੂਬਿਲਾ ਪਿੰਡ ਦਾ ਮਨੋਬ੍ਰਤ ਜਾਨਾ ਅਤੇ ਨੀਨਾਰੁਆ ਅਨਲਬੇਰੀਆ ਦਾ ਬਲਾਈ ਚਰਨ ਮੈਤੀ ਸ਼ਾਮਲ ਹਨ। ਤਰਜਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਨੂੰ ਕੋਲਕਾਤਾ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ
ਚੋਣ ਕਮਿਸ਼ਨ ਨੇ ਮਾਮਲੇ ਦੀ ਰਿਪੋਰਟ ਮੰਗੀ
ਕੋਲਕਾਤਾ: ਪੱਛਮੀ ਬੰਗਾਲ ਦੇ ਪੂਰਬੀ ਮੈਦਿਨੀਪੁਰ ਜ਼ਿਲ੍ਹੇ ਵਿੱਚ ਪੈਂਦੇ ਭੂਪਤੀਨਗਰ ਵਿੱਚ ਐੱਨਆਈਏ ਦੀ ਟੀਮ ਤੇ ਪਿੰਡ ਵਾਸੀਆਂ ਵਿਚਾਲੇ ਪੈਦਾ ਹੋਏ ਤਣਾਅ ਦੇ ਮਾਮਲੇ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਰਾਹੀਂ ਪੂਰਬੀ ਮੈਦਿਨੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਕੋਲੋਂ ਮਾਮਲੇ ਸਬੰਧੀ ਵਿਸਥਾਰ ਵਿੱਚ ਰਿਪੋਰਟ ਮੰਗ ਲਈ ਹੈ। -ਆਈਏਐੱਨਐੱਸ
ਹਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ: ਰਾਜਪਾਲ
ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਐੱਨਆਈਏ ਦੀ ਟੀਮ ’ਤੇ ਹਮਲੇ ਸਬੰਧੀ ਕਿਹਾ ਕਿ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਰਾਜਪਾਲ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾਲ ਕਿਸੇ ਦਾ ਫਾਇਦਾ ਨਹੀਂ ਹੋਵੇਗਾ ਅਤੇ ਇਸ ਮਾਮਲੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। -ਪੀਟੀਆਈ
ਹਮਲਾ ਟੀਐੱਮਸੀ ਦੀ ਤਾਲਬਿਾਨੀ ਮਾਨਸਿਕਤਾ ਦਾ ਪ੍ਰਤੱਖ ਸਬੂਤ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਬੰਗਾਲ ਵਿੱਚ ਐੱਨਆਈਏ ਅਧਿਕਾਰੀਆਂ ’ਤੇ ਹੋਏ ਹਮਲੇ ਨੂੰ ‘ਸਟੇਟ-ਸਪਾਂਸਰਡ ਹਮਲਾ’ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2022 ਧਮਾਕਾ ਮਾਮਲੇ ਦੀ ਜਾਂਚ ਵਿੱਚ ਅੜਿੱਕਾ ਡਾਹੁਣ ਲਈ ਹਿੰਸਾ ਭੜਕਾਈ ਤਾਂ ਜੋ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਬਚਾਇਆ ਜਾ ਸਕੇ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘‘ਐੱਨਆਈਏ ਅਧਿਕਾਰੀਆਂ ’ਤੇ ਹਮਲਾ ਬੰਬ ਧਮਾਕਾ ਮਾਮਲੇ ਦੀ ਜਾਂਚ ਵਿੱਚ ਅੜਿੱਕਾ ਡਾਹੁਣ ਲਈ ਸੂਬਾ ਸਰਕਾਰ ਵੱਲੋਂ ਕਰਵਾਇਆ ਗਿਆ ਸੰਦੇਸ਼ਖਲੀ 2.0 ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਇਹ ਮਹਿਜ਼ ਇਕ ਸੰਜੋਗ ਨਹੀਂ, ਬਲਕਿ ਇਕ ਸੋਚਿਆ ਸਮਝਿਆ ਪ੍ਰਯੋਗ ਹੈ। ਇਹ ਐੱਨਆਈਏ ਦੇ ਅਧਿਕਾਰੀਆਂ ’ਤੇ ਸਟੇਟ-ਸਪਾਂਸਰਡ ਹਮਲਾ ਹੈ। ਇਹ ਹਮਲਾ ਸੱਤਾਧਾਰੀ ਧਿਰ ਟੀਐੱਮਸੀ ਵੱਲੋਂ ਕਰਵਾਇਆ ਗਿਆ ਹੈ।’’ -ਪੀਟੀਆਈ