ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ 500 ਵਿੱਚ ਮਿਲੇਗਾ ਸਿਲੰਡਰ: ਮੁੱਖ ਮੰਤਰੀ
ਮਹਾਂਵੀਰ ਮਿੱਤਲ
ਜੀਂਦ, 7 ਅਗਸਤ
ਹਰਿਆਲੀ ਤੀਜ ਮੌਕੇ ਹਰਿਆਣਾ ਸਰਕਾਰ ਨੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਇੱਥੇ ਤੀਜ ਮਹਾ-ਉਤਸਵ ਮੌਕੇ ਕਰਵਾਏ ਗਏ ਸੂਬਾਈ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਪੀਐੱਮ ਉਜਵਲ ਯੋਜਨਾ ਤਹਿਤ ਹੁਣ ਲਾਭਪਾਤਰੀਆਂ ਨੂੰ 500 ਰੁਪਏ ਵਿੱਚ ਗੈਸ ਦਾ ਸਿਲੰਡਰ ਮਿਲੇਗਾ। ਇਸ ਨਾਲ 1 ਲੱਖ, 80 ਹਜ਼ਾਰ ਤੋਂ ਘੱਟ ਆਮਦਨੀ ਵਾਲੇ ਲਗਪਗ 46 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਸ੍ਰੀ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਤਹਿਤ ਹੁਣ ਸਕੂਲਾਂ ਵਿੱਚ ਪੜ੍ਹਨ ਵਾਲੀਆਂ 14 ਤੋਂ 18 ਸਾਲ ਦੀ ਧੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ 150 ਦਿਨ ਦੁੱਧ ਦਿੱਤਾ ਜਾਵੇਗਾ। ਇਸ ਨਾਲ 2.65 ਲੱਖ ਲੜਕੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਮਾਤਰਸ਼ਕਤੀ ਉਦਯਮਿਤਾ ਯੋਜਨਾ ਤਹਿਤ ਸਵੈ-ਰੁਜ਼ਗਾਰ ਸਥਾਪਤ ਕਰਨ ਲਈ ਦਿੱਤੀ ਜਾਣ ਵਾਲੀ ਤਿੰਨ ਲੱਖ ਰੁਪਏ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ 100 ਕਰੋੜ ਰੁਪਏ ਦੇ ਕਰਜ਼ੇ ਬਿਨਾਂ ਵਿਆਜ ਤੋਂ ਮੁਹੱਈਆ ਕੀਤੇ। ਉਨ੍ਹਾਂ ਕਿਹਾ ਕਿ ਇਸ ਚਾਲੂ ਸਾਲ ਵਿੱਚ ਸਵੈ-ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੀ ਰਾਸ਼ੀ ਦੇ ਕਰਜ਼ੇ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸਵੈ-ਸਹਾਇਤਾ ਸਮੂਹ ਨੂੰ ਕੁੱਲ 38 ਲੱਖ, 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 15 ਅਗਸਤ 2023 ਦੇ ਸਮਾਰੋਹ ਵਿੱਚ ਲੱਖਪਤੀ ਦੀਦੀ ਯੋਜਨਾ ਸੁਰੂ ਕੀਤੀ ਸੀ। ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਹਰਿਆਣਾ ਸਰਕਾਰ ਨੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ 2 ਲੱਖ ਭੈਣਾਂ-ਧੀਆਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਮਿੱਥਿਆ ਹੈ। ਪਹਿਲੇ ਪੜਾਅ ਵਿੱਚ ਸਾਡਾ ਟੀਚਾ ਇਨ੍ਹਾਂ 62 ਹਜ਼ਾਰ ਭੈਣ-ਧੀਆਂ ਨੂੰ ਲੱਖਪਤੀ ਦੀਦੀ ਬਣਾਉਣਾ ਹੈ। ਇਸ ਮੌਕੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਕੰਮ ਕਰਦੇ ਹਨ। ਇਸ ਮੌਕੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਮਹੀਂਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਰ 20 ਕਿਲੋਮੀਟਰ ਦੇ ਫਾਸਲੇ ’ਤੇ ਮਹਿਲਾ ਕਾਲਜ ਸਥਾਪਤ ਕੀਤਾ ਹੈ। ਇਸ ਮੌਕੇ ਉੱਤੇ ਭਾਜਪਾ ਦੇ ਸੂਬਾਈ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਸੰਬੋਧਨ ਕੀਤਾ। ਇਸ ਮੌਕੇ ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ, ਸਾਬਕਾ ਮੰਤਰੀ ਤੇ ਪ੍ਰਦੇਸ ਮਹਾਂ-ਮੰਤਰੀ ਕ੍ਰਿਸ਼ਨ ਬੇਦੀ, ਸੁਰਿੰਦਰ ਪੂਨੀਆ ਹਾਜ਼ਰ ਸਨ।
ਤੀਜ ਮੌਕੇ ਕੋਠਲੀਆਂ ਭੇਟ ਕਰਕੇ ਆਸ਼ੀਰਵਾਦ ਲਿਆ: ਮੁੱਖ ਮੰਤਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਉਣ ਮਹੀਨੇ ਸਾਡੀ ਪੁਰਾਣੀ ਸੰਸਕ੍ਰਿਤੀ ਅਨੁਸਾਰ ਭਰਾ ਭੈਣ ਨੂੰ ਕੋਠਲੀ ਦਿੰਦਾ ਹੈ ਅਤੇ ਭੈਣ ਆਪਣੇ ਭਰਾ ਲਈ ਉਸ ਦੀ ਤੱਰਕੀ ਲਈ ਕਾਮਨਾ ਕਰਦੀ ਹੈ। ਇਸ ਸਦਕਾ ਉਨ੍ਹਾਂ ਅੱਜ ਸੂਬੇ ਦੀਆਂ 30 ਹਜ਼ਾਰ ਮਹਿਲਾਵਾਂ ਨੂੰ ਤੀਜ ਮੌਕੇ ਕੋਠਲੀਆਂ ਭੇਟ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਹੈ।