ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀ ਗਰਾਂਟ ਨੂੰ ਤਰਸੇ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 5 ਜੂਨ
ਬਲਾਕ ਸ਼ਾਹਕੋਟ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗ੍ਰਾਂਟ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦੀ ਦਿਖਾਈ ਦੇ ਰਹੀ ਹੈ। ਬਲਾਕ ਦੇ ਪਿੰਡ ਸੇਖੇਵਾਲ ਦੇ ਲਾਭਪਾਤਰੀ ਜਸਵਿੰਦਰ ਕੌਰ, ਰਸ਼ਪਾਲ, ਪਰਮਜੀਤ ਅਤੇ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਲਈ ਗਰਾਂਟਾਂ ਜਾਰੀ ਹੋਈਆਂ ਸਨ। ਪਹਿਲੀਆਂ ਕਿਸ਼ਤਾਂ ਨਾਲ ਉਨ੍ਹਾਂ ਦੇ ਮਕਾਨਾਂ ਦੇ ਢਾਂਚੇ ਤਾਂ ਖੜ੍ਹੇ ਹੋ ਗਏ ਪਰ ਉਨ੍ਹਾਂ ਨੂੰ ਮੁਕੰਮਲ ਕਰਨ ਲਈ ਅਗਲੀਆਂ ਕਿਸ਼ਤਾਂ ਨਾ ਦਿੱਤੇ ਜਾਣ ਕਾਰਨ ਮਕਾਨ ਅੱਧ ਵਿਚਕਾਰ ਹੀ ਲਟਕ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਗਰਾਂਟਾਂ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਾਹਕੋਟ ਦੇ ਦਫ਼ਤਰ ਗਏ ਤਾਂ ਉੱਥੇ ਤਾਇਨਾਤ ਕੰਪਿਊਟਰ ਅਪਰੇਟਰ ਨੇ ਗਰਾਂਟਾਂ ਜਾਰੀ ਕਰਨ ਬਦਲੇ ਪ੍ਰਤੀ ਮੈਂਬਰ 2000 ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਕੀਤੀ। ਇਸ ਸਬੰਧੀ ਉਨ੍ਹਾਂ ਨੇ ਬੀਡੀਪੀਓ ਨੂੰ ਲਿਖਤੀ ਸ਼ਿਕਾਇਤ ਕੀਤੀ ਜਿਸ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਸੇਖੇਵਾਲ ਦੇ ਸਰਪੰਚ ਰਾਜਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਗਰਾਂਟਾਂ ਜਾਰੀ ਹੋਈਆਂ ਸਨ। ਗਰਾਂਟਾਂ ਦੀਆਂ ਇੱਕ ਜਾਂ ਦੋ ਕਿਸ਼ਤਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਬੀਡੀਪੀਓ ਦਫ਼ਤਰ ਸ਼ਾਹਕੋਟ ਵੱਲੋਂ ਕੋਈ ਗਰਾਂਟ ਨਹੀਂ ਦਿੱਤੀ ਗਈ। ਉਨ੍ਹਾਂ ਬੀਡੀਪੀਓ ਦਫ਼ਤਰ ਸ਼ਾਹਕੋਟ ਦੇ ਕੰਪਿਊਟਰ ਅਪਰੇਟਰ ਉੱਪਰ ਰਿਸ਼ਵਤ ਮੰਗਣ ਦਾ ਕਥਿਤ ਦੋਸ਼ ਲਗਾਇਆ।
ਕੰਪਿਊਟਰ ਆਪਰੇਟਰ ਸੰਦੀਪ ਸਿੰਘ ਨੇ ਉਨ੍ਹਾਂ ਉੱਪਰ ਰਿਸ਼ਵਤ ਲੈਣ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠੇ ਦੱਸਿਆ।
ਜਾਂਚ ਮਗਰੋਂ ਕਾਰਵਾਈ ਹੋਵੇਗੀ: ਅਧਿਕਾਰੀ
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਾਹਕੋਟ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਬਲਾਕ ਦਾ ਚਾਰਜ ਸੰਭਾਲਿਆ ਹੈ। ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਜਾਂਚ ਤੋਂ ਬਾਅਦ ਜੇ ਕੰਪਿਊਟਰ ਅਪਰੇਟਰ ਉੱਪਰ ਲਗਾਏ ਦੋਸ਼ ਸੱਚ ਸਾਬਿਤ ਹੋਏ ਤਾਂ ਉਸ ਉੱਪਰ ਵਿਭਾਗੀ ਕਾਨੂੰਨੀ ਕਾਰਵਾਈ ਕਰਵਾਉਣਗੇ।