ਬੇਲਾਰੂਸ: ਮਿੰਸਕ ਦੀਆਂ ਸੜਕਾਂ ’ਤੇ ਪ੍ਰਦਰਸ਼ਨਕਾਰੀਆਂ ਦਾ ਹੜ੍ਹ
ਮਿੰਸਕ, 23 ਅਗਸਤ
ਮਿੰਸਕ ਦੀਆਂ ਸੜਕਾਂ ’ਤੇ ਅੱਜ ਸਰਕਾਰ-ਵਿਰੋਧੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜ਼ਾਹਰਾ ਕੀਤਾ। ਦੂਜੇ ਪਾਸੇ, ਸਰਕਾਰ ਨੇ ਬੇਲਾਰੂਸ ਦੇ ਸਿਆਸੀ ਸੰਕਟ ਨੂੰ ਠੱਲ੍ਹਣ ਲਈ ਫੌਜ ਦੀ ਮੱਦਦ ਲਈ ਹੈ। ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਸਖ਼ਤ ਚਿਤਾਵਨੀ ’ਚ ਕਿਹਾ ਹੈ ਕਿ ਊਹ ਪੁਲੀਸ ਨਹੀਂ ਹੈ ਅਤੇ ਸ਼ਹਿਰ ਦੀਆਂ ਕੌਮੀ ਯਾਦਗਾਰਾਂ ਨੇੜੇ ਗੜਬੜੀ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਦੱਸਣਯੋਗ ਹੈ ਕਿ ਬੀਤੀ 9 ਅਗਸਤ ਨੂੰ ਸੀਨੀਅਰ ਆਗੂ ਅਲੈਗਜ਼ੈਂਡਰ ਲੁਕਾਸ਼ੈਂਕੋ ਦੇ ਛੇਵੀਂ ਵਾਰ ਮੁੜ ਸੱਤਾ ਵਿੱਚ ਆਊਣ ਖ਼ਿਲਾਫ਼ ਬੇਲਾਰੂਸ ਦੀ ਰਾਜਧਾਨੀ ਅਤੇ ਸ਼ਹਿਰਾਂ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਚੋਣਾਂ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਮਿੰਸਕ ਦੀਆਂ ਸੜਕਾਂ ’ਤੇ ਅੱਜ ਲਾਲ ਅਤੇ ਸਫੈਦ ਝੰਡਿਆਂ ਵਾਲੇ ਪ੍ਰਦਰਸ਼ਨਕਾਰੀਆਂ ਦਾ ਹੜ੍ਹ ਆ ਗਿਆ, ਜਿਨ੍ਹਾਂ 26 ਵਰ੍ਹਿਆਂ ਦੇ ਆਗੂ ਲੁਕਾਸ਼ੈਂਕੋ ਨੂੰ ਸੱਤਾ ਛੱਡਣ ਲਈ ਆਖਿਆ ਅਤੇ ਮੁੜ ਚੋਣਾਂ ਕਰਵਾਏ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਇੱਕ ਯਾਦਗਾਰ ਵੱਲ ਵਧੇ, ਜਿਸ ਨੂੰ ਫੌਜੀ ਵਰਦੀ ਵਿੱਚ ਤਾਇਨਾਤ ਸੁਰੱਖਿਆ ਕਰਮੀਆਂ ਨੇ ਘੇਰਿਆ ਹੋਇਆ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਊਸ ਵਲੋਂ ਅਜਿਹੀਆਂ ਯਾਦਗਾਰਾਂ ਦੀ ਰੱਖਿਆ ਦੀ ਜ਼ਿੰਮੇੇਵਾਰੀ ਲਈ ਗਈ ਹੈ ਅਤੇ ਇਨ੍ਹਾਂ ਨੇੜੇ ਕਿਸੇ ਵੀ ਤਰ੍ਹਾਂ ਦੇ ਤਣਾਅ ਨਾਲ ਫੌਜ ਵਲੋਂ ਨਜਿੱਠਿਆ ਜਾਵੇਗਾ। ਰੱਖਿਆ ਮੰਤਰਾਲੇ ਨੇ ਪ੍ਰਦਰਸ਼ਨਕਾਰੀਆਂ ਨੂੰ ਫਾਸ਼ੀਵਾਦੀ ਕਰਾਰ ਦਿੰਦਿਆਂ ਸਖ਼ਤ ਚਿਤਾਵਨੀ ਜਾਰੀ ਕੀਤੀ। -ਰਾਇਟਰਜ਼