ਪੱਤਰਕਾਰ ਦੀ ਹੋਣੀ
ਕਿਸੇ ਵੀ ਖਿੱਤੇ ਦੇ ਪੱਤਰਕਾਰਾਂ ਦੀ ਹੋਣੀ ਆਪਣੇ ਸਮਾਜ ਤੋਂ ਅਲੱਗ ਨਹੀਂ ਹੋ ਸਕਦੀ। ਫ਼ਲਸਤੀਨ ਵਿਚ ਅਲ-ਜਜ਼ੀਰਾ ਦੇ ਪੱਤਰਕਾਰ ਵਾਇਲ ਅਲ-ਦਹਦੌਹ ਦੇ ਪਰਿਵਾਰ ਦੇ ਜੀਆਂ ਦੀ ਮੌਤ ਅਜਿਹਾ ਹੀ ਦੁਖਾਂਤਕ ਹਾਦਸਾ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਦਹਦੌਹ ਦਾ ਪਰਿਵਾਰ ਗਾਜ਼ਾ ਵਿਚ ਸੰਯੁਕਤ ਰਾਸ਼ਟਰ ਵੱਲੋਂ ਸ਼ਰਨਾਰਥੀਆਂ ਲਈ ਬਣਾਏ ਵਸੇਬੇ ‘ਨੁਸੀਰਤ ਸ਼ਰਨਾਰਥੀ ਕੈਂਪ’ ਵਿਚ ਰਹਿ ਰਿਹਾ ਸੀ ਜਿਸ ਨੂੰ ਇਜ਼ਰਾਈਲ ਵੀ ਸੁਰੱਖਿਅਤ ਮੰਨਦਾ ਹੈ। 7 ਅਕਤੂਬਰ ਨੂੰ ਦਹਿਸ਼ਤਗਰਦ ਜਥੇਬੰਦੀ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤਾ ਹਮਲਾ ਅਜਿਹੀ ਹੌਲਨਾਕ ਕਾਰਵਾਈ ਸੀ ਜਿਸ ਵਿਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ’ਤੇ ਕਹਿਰ ਢਾਹਿਆ ਗਿਆ ਅਤੇ ਅਗਵਾ ਕੀਤੇ ਗਏ ਵਿਅਕਤੀਆਂ ਵਿਚ ਵੀ ਔਰਤਾਂ ਤੇ ਬਜ਼ੁਰਗ ਸ਼ਾਮਿਲ ਹਨ। ਜਿੱਥੇ ਹਮਾਸ ਦੀ ਕਾਰਵਾਈ ਨਿੰਦਣਯੋਗ ਹੈ ਉੱਥੇ ਇਜ਼ਰਾਈਲ ਵੱਲੋਂ ਢਾਹਿਆ ਜਾ ਰਿਹਾ ਕਹਿਰ ਵੀ ਓਨਾ ਹੀ ਹਿੰਸਕ ਤੇ ਅਣਮਨੁੱਖੀ ਹੈ। ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਚ 5000 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਜਨਿ੍ਹਾਂ ਵਿਚ ਵੱਡੀ ਗਿਣਤੀ ਬੱਚਿਆਂ ਦੀ ਹੈ; 2000 ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ।
ਗਾਜ਼ਾ ਬਾਰੇ ਹੋ ਰਹੀ ਪੱਤਰਕਾਰੀ/ਮੀਡੀਆ ਰਿਪੋਰਟਿੰਗ ਇਕਪਾਸੜ ਹੈ। ਅਮਰੀਕਾ ਤੇ ਯੂਰੋਪ ਦੇ ਟੈਲੀਵਿਜ਼ਨ ਚੈਨਲ, ਅਖ਼ਬਾਰਾਂ ਤੇ ਸੋਸ਼ਲ ਮੀਡੀਆ ਸਾਈਟਸ, ਸਭ ਇਜ਼ਰਾਈਲ ਦਾ ਪੱਖ ਪੂਰਦੀਆਂ ਖ਼ਬਰਾਂ ਦੇ ਰਹੇ ਹਨ। ਉਨ੍ਹਾਂ ਟੈਲੀਵਿਜ਼ਨ ਚੈਨਲਾਂ ’ਤੇ ਲਗਾਤਾਰ ਇਜ਼ਰਾਈਲ ਤੋਂ ਅਗਵਾ ਕੀਤੇ ਗਏ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਬਾਰੇ ਦੱਸਿਆ ਜਾ ਰਿਹਾ ਅਤੇ ਇਹ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਹਮਾਸ ਦੀ ਕਾਰਵਾਈ ਨਿਰੋਲ ਅਤਿਵਾਦੀ ਸੀ ਪਰ ਇਸ ਬਿਰਤਾਂਤ ਵਿਚ ਰੋਜ਼ ਸੈਂਕੜਿਆਂ ਦੀ ਤਾਦਾਦ ਵਿਚ ਮਰ ਰਹੇ ਫ਼ਲਸਤੀਨੀਆਂ ਦਾ ਦੁੱਖ-ਦਰਦ ਗ਼ੈਰ-ਹਾਜ਼ਰ ਹੈ; ਉਹ ਮਹਿਜ਼ ਅੰਕੜੇ ਬਣ ਕੇ ਰਹਿ ਗਏ ਹਨ। ਇਤਫ਼ਾਕ ਦੀ ਗੱਲ ਹੈ, ਹੁਣ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਤਰ ਦੇ ਹਾਕਮਾਂ ’ਤੇ ਇਹ ਦਬਾਅ ਪਾਇਆ ਹੈ ਕਿ ਉਹ ਅਲ-ਜਜ਼ੀਰਾ ਚੈਨਲ ਉੱਤੇ ਫ਼ਲਸਤੀਨੀਆਂ ’ਤੇ ਢਾਹੇ ਜਾ ਰਹੇ ਕਹਿਰ ਦੇ ਬਿਰਤਾਂਤ ਨੂੰ ਬਦਲਣ ਲਈ ਦਬਾਅ ਪਾਉਣ। ਅਮਰੀਕਾ ਤੇ ਯੂਰੋਪ ਦੁਆਰਾ ਇਜ਼ਰਾਈਲ ਦੀ ਪਿੱਠ ਠੋਕਣ ਨੇ ਇਜ਼ਰਾਈਲ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਸੰਸਥਾਵਾਂ ਦੀ ਅਵੱਗਿਆ ਕਰਨ ਲਈ ਉਤਸ਼ਾਹਿਤ ਕੀਤਾ ਹੈ। ਜਦੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿਚ ਸੰਸਥਾ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਹ ਕਿਹਾ ਕਿ ਹਮਾਸ ਦੀ ਕਾਰਵਾਈ ਕਿਸੇ ਖਿਲਾਅ ਵਿਚ ਨਹੀਂ ਹੋਈ ਤਾਂ ਇਜ਼ਰਾਈਲ ਨੇ ਉਸ ਦੇ ਅਸਤੀਫ਼ੇ ਦੀ ਮੰਗ ਕੀਤੀ। ਪੁਰਤਗਾਲ ਦਾ ਪ੍ਰਧਾਨ ਮੰਤਰੀ ਰਿਹਾ ਗੁਟੇਰੇਜ਼ ਕੌਮਾਂਤਰੀ ਪ੍ਰਸਿੱਧੀ ਦਾ ਪ੍ਰਸ਼ਾਸਕ ਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲਾ ਵਿਅਕਤੀ ਹੈ। ਪੁਰਤਗਾਲ ਦੀ ਸਮਾਜਵਾਦੀ (Socialist) ਪਾਰਟੀ ਨਾਲ ਸਬੰਧਿਤ ਇਹ ਆਗੂ ਦੁਨੀਆ ਦੀ ਸਮਾਜਵਾਦੀ ਲਹਿਰ ਦਾ ਆਗੂ ਰਿਹਾ ਹੈ। ਉਸ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਪਰ ਇਜ਼ਰਾਈਲ, ਅਮਰੀਕਾ ਤੇ ਪੱਛਮੀ ਦੇਸ਼ਾਂ ਨੂੰ ਇਹ ਪਸੰਦ ਨਹੀਂ।
ਦਹਦੌਹ ਦੀ ਪਤਨੀ ਤੇ ਬੱਚਿਆਂ ਦਾ ਇਜ਼ਰਾਈਲ ਦੇ ਹਮਲੇ ’ਚ ਦੇਹਾਂਤ ਹੋ ਗਿਆ। ਅਜਿਹੇ ਦੁੱਖ ਲਗਭੱਗ ਹਰ ਫ਼ਲਸਤੀਨੀ ਪਰਿਵਾਰ ਨੂੰ ਝੱਲਣੇ ਪੈ ਰਹੇ ਹਨ। ਇਸ ਬਾਰੇ ਦਹਦੌਹ ਨੇ ਕਿਹਾ, ‘‘ਸਾਨੂੰ ਇਹ ਝੱਲਣਾ ਪੈਣਾ ਹੈ; ਇਹ ਸਾਡੀ ਹੋਣੀ ਹੈ।’’ ਇਜ਼ਰਾਈਲ ਦੁਆਰਾ ਸ਼ੁਰੂ ਕੀਤੇ ਹਮਲੇ ’ਚ 22 ਪੱਤਰਕਾਰ ਫ਼ੌਤ ਹੋ ਚੁੱਕੇ ਹਨ, ਫਿਰ ਵੀ ਉਹ ਗਾਜ਼ਾ, ਵੈਸਟ ਬੈਂਕ ਤੇ ਹੋਰ ਖ਼ਤਰਨਾਕ ਥਾਵਾਂ ’ਤੇ ਰਹਿੰਦੇ ਲੋਕਾਂ ਤਕ ਖ਼ਬਰਾਂ ਪਹੁੰਚਾ ਰਹੇ ਹਨ। ਮਨੁੱਖਤਾ 21ਵੀਂ ਸਦੀ ਦੇ ਅਜਿਹੇ ਮਨੁੱਖੀ ਦੁਖਾਂਤ ’ਚੋਂ ਲੰਘ ਰਹੀ ਹੈ ਜਿਸ ਨੂੰ ਹੱਲ ਕਰਨ ਦਾ ਰਾਹ-ਰਸਤਾ ਦਿਖਾਈ ਨਹੀਂ ਦਿੰਦਾ।