ਪੇਈਚਿੰਗ: ਐੱਸਸੀਓ ਸਕੱਤਰੇਤ ਵਿੱਚ ਨਵੀਂ ਦਿੱਲੀ ਹਾਲ ਦਾ ਉਦਘਾਟਨ
ਪੇਈਚਿੰਗ, 27 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਐੱਸਸੀਓ ਸਕੱਤਰੇਤ ਵਿੱਚ ‘ਨਵੀਂ ਦਿੱਲੀ ਹਾਲ’ ਦਾ ਉਦਘਾਟਨ ਕਰਦਿਆਂ ਇਸ ਨੂੰ ‘ਮਿਨੀ ਇੰਡੀਆ’ ਕਰਾਰ ਦਿੱਤਾ। ਭਾਰਤ ਦੀ ਪ੍ਰਧਾਨਗੀ ਹੇਠ ਅਗਲੇ ਮਹੀਨੇ ਹੋਣ ਜਾ ਰਹੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਦੇ ਮੱਦੇਨਜ਼ਰ ਜੈਸ਼ੰਕਰ ਵੱਲੋਂ ਇਸ ਹਾਲ ਦਾ ਵਰਚੁਅਲ ਢੰਗ ਨਾਲ ਉਦਘਾਟਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਠ ਮੈਂਬਰੀ ਐੱਸਸੀਓ ਸਮੂਹ ਵਿੱਚ ਸ਼ਾਮਿਲ ਚੀਨ, ਰੂਸ, ਕਜ਼ਾਖਸਤਾਨ, ਕਿਰਗਿਜ਼ਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਦਾ ਸਕੱਤਰੇਤ ਪੇਈਚਿੰਗ ਦੇ ਕੂਟਨੀਤਕ ਖੇਤਰ ਵਿੱਚ ਸਥਿਤ ਹੈ। ਸੰਗਠਨ ਦੇ ਛੇ ਸੰਸਥਾਪਕ ਮੈਂਬਰਾਂ ਚੀਨ, ਰੂਸ, ਕਜ਼ਾਖਸਤਾਨ, ਕਿਰਗਿਜ਼ਤਾਨ, ਤਾਜਿਕਿਸਤਾਨ ਤੇ ਉਜਬੇਕਿਸਤਾਨ ਦੇ ਹਾਲ ਪਹਿਲਾਂ ਹੀ ਸਕੱਤਰੇਤ ਵਿੱਚ ਸਥਿਤ ਹਨ ਜੋ ਇਨ੍ਹਾਂ ਮੁਲਕਾਂ ਦੇ ਸੱਭਿਆਚਾਰ ਤੇ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ। ਭਾਰਤ ਨੇ ਚਾਰ ਜੁਲਾਈ ਤੋਂ ਵਰਚੁਅਲ ਢੰਗ ਨਾਲ ਸ਼ੁਰੂ ਹੋ ਰਹੇ ਐੱਸਸੀਓ ਸੰਮੇਲਨ ਤੋਂ ਪਹਿਲਾਂ ਅਧਿਕਾਰਿਤ ਤੌਰ ‘ਤੇ ‘ਨਵੀਂ ਦਿੱਲੀ ਹਾਲ’ ਦਾ ਉਦਘਾਟਨ ਕੀਤਾ ਹੈ। ਪਾਕਿਸਤਾਨ ਨੂੰ ਆਪਣਾ ਭਵਨ (ਹਾਲ) ਸਥਾਪਿਤ ਕਰਨ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਜੈਸ਼ੰਕਰ ਨੇ ਵੀਡੀਓ ਸੰਦੇਸ਼ ਵਿੱਚ ਕਿਹਾ,’ ਮੈਨੂੰ ਅੱਜ ਐੱਸਸੀਓ ਸਕੱਤਰੇਤ ਵਿੱਚ ਨਵੀਂ ਦਿੱਲੀ ਹਾਲ ਦਾ ਉਦਘਾਟਨ ਕਰ ਕੇ ਖੁਸ਼ੀ ਹੋ ਰਹੀ ਹੈ। ਇਹ ਦੱਸਦਿਆਂ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਭਾਰਤ ਦੀ ਪ੍ਰਧਾਨਗੀ ਹੇਠ ਐੱਸਸੀਓ ਸੰਮੇਲਨ ਹੋ ਰਿਹਾ ਹੈ।’ -ਪੀਟੀਆਈ