For the best experience, open
https://m.punjabitribuneonline.com
on your mobile browser.
Advertisement

ਤਵਾਰੀਖ਼ ਦਾ ਗਵਾਹ ਬਹਿਰਾਮਪੁਰ

12:10 PM Dec 03, 2023 IST
ਤਵਾਰੀਖ਼ ਦਾ ਗਵਾਹ ਬਹਿਰਾਮਪੁਰ
Advertisement

ਇੰਦਰਜੀਤ ਸਿੰਘ ਹਰਪੁਰਾ

ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਤੋਂ ਪੱਛਮ ਵਾਲੇ ਪਾਸੇ ਤਕਰੀਬਨ ਅੱਠ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਨਗਰ ਬਹਿਰਾਮਪੁਰ ਤਵਾਰੀਖ਼ ਵਿੱਚ ਆਪਣਾ ਖ਼ਾਸ ਮੁਕਾਮ ਰੱਖਦਾ ਹੈ। ਜੰਮੂ ਅਤੇ ਕਾਂਗੜਾ ਦੇ ਗਵਰਨਰ ਰਹੇ ਹਾਜੀ ਬੈਰਮ ਖ਼ਾਨ ਵੱਲੋਂ 17ਵੀਂ ਸਦੀ ਦੇ ਅੱਧ ਵਿੱਚ ਵਸਾਏ ਗਏ ਇਸ ਨਗਰ ਬਹਿਰਾਮਪੁਰ ਵਿੱਚ ਅੱਜ ਵੀ ਕੁਝ ਤਵਾਰੀਖ਼ੀ ਇਮਾਰਤਾਂ ਮੌਜੂਦ ਹਨ ਜੋ ਇਸ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ। ਬਹਿਰਾਮਪੁਰ ਨਗਰ ਦਾ ਨਾਮ ਇਸ ਦੀ ਬੁਨਿਆਦ ਰੱਖਣ ਵਾਲੇ ਹਾਜੀ ਬੈਰਮ ਖ਼ਾਨ ਦੇ ਨਾਮ ਤੋਂ ਪਿਆ ਹੈ।
ਬਹਿਰਾਮਪੁਰ ਅਤੇ ਇਸ ਦੇ ਬਿਲਕੁਲ ਨਾਲ ਲੱਗਦੇ ਪਿੰਡ ਰਾਏਪੁਰ ਦਾ ਇਤਿਹਾਸ ਬਾਬਾ ਬੰਦਾ ਸਿਘ ਬਹਾਦਰ ਨਾਲ ਜੁੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1711 ਅਤੇ 1715 ਵਿੱਚ ਦੋ ਵਾਰ ਪਿੰਡ ਰਾਏਪੁਰ ਅਤੇ ਬਹਿਰਾਮਪੁਰ ਨੂੰ ਫ਼ਤਹਿ ਕੀਤਾ ਸੀ।
ਜਦੋਂ ਹਾਜੀ ਬੈਰਮ ਖ਼ਾਨ ਨੇ ਬਹਿਰਾਮ ਸ਼ਹਿਰ ਦੀ ਬੁਨਿਆਦ ਰੱਖੀ ਤਾਂ ਸ਼ਾਹ ਨਹਿਰ ਦੇ ਕੰਢੇ ਵੱਸੇ ਇਸ ਨਗਰ ਦਾ ਬਹੁਤ ਜਲਦੀ ਵਿਸਥਾਰ ਹੋਇਆ। ਦੇਖਦਿਆਂ ਹੀ ਦੇਖਦਿਆਂ ਇਹ ਇਲਾਕੇ ਦੇ ਪ੍ਰਮੁੱਖ ਨਗਰਾਂ ਵਿੱਚ ਸ਼ੁਮਾਰ ਹੋਣ ਲੱਗਾ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਵਿਖੇ ਆਉਂਦੇ ਸਨ ਤਾਂ ਅਕਸਰ ਹੀ ਉਹ ਬਹਿਰਾਮਪੁਰ ਵਿਖੇ ਵੀ ਕਿਆਮ ਕਰਦੇ ਸਨ।
ਇਤਿਹਾਸਕਾਰਾਂ ਅਨੁਸਾਰ ਸ਼ਾਹਜਹਾਂ ਦੇ ਕਾਲ (1627-1658) ਵਿੱਚ ਸ਼ਹਿਜ਼ਾਦਾ ਮੁਰਾਦ ਦੀ ਫ਼ੌਜ ਨੂਰਪੁਰ ਦੇ ਰਾਜਾ ਜਗਤ ਚੰਦ ਵਿਰੁੱਧ ਇੱਥੇ ਹੀ ਇਕੱਠੀ ਹੋਈ ਸੀ। ਜ਼ਕਰੀਆਂ ਖਾਂ ਨੇ ਅਦੀਨਾ ਬੇਗ ਨੂੰ ਬਹਿਰਾਮਪੁਰ ਦਾ ਗਵਰਨਰ ਬਣਾਇਆ ਸੀ। ਪਹਿਲਾਂ ਇਸ ਪਿੰਡ ਦੇ ਆਲੇ-ਦੁਆਲੇ ਉੱਚੀ ਕੰਧ ਅਤੇ 6 ਬੁਰਜ ਹੁੰਦੇ ਸਨ ਜੋ ਇਸ ਨਗਰ ਨੂੰ ਕਿਲ੍ਹੇ ਵਾਂਗ ਸੁਰੱਖਿਆ ਦਿੰਦੇ ਸਨ। ਇਹ ਕੰਧ ਤੇ ਬੁਰਜ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ।

Advertisement


ਬਹਿਰਾਮਪੁਰ ਆਪਣੀ ਬੁਨਿਆਦ ਤੋਂ ਸੰਨ 1947 ਤੱਕ ਇੱਕ ਮੁਸਲਿਮ ਬਹੁਗਿਣਤੀ ਵਸੋਂ ਵਾਲਾ ਸ਼ਹਿਰ ਰਿਹਾ ਹੈ। ਸ਼ਹਿਰ ਦੁਆਲੇ ਇੱਕ ਮਜ਼ਬੂਤ ਦੀਵਾਰ ਸੀ ਅਤੇ ਅੰਦਰ ਦਾਖ਼ਲ ਹੋਣ ਲਈ 7 ਦਰਵਾਜ਼ੇ ਸਨ। ਇਨ੍ਹਾਂ ਸੱਤ ਦਰਵਾਜ਼ਿਆਂ ਵਿੱਚੋਂ ਹੁਣ ਸਿਰਫ਼ ਇੱਕ ਦਰਵਾਜ਼ਾ ਰਾਜਪੂਤ ਮੁਹੱਲਾ ਵਿਖੇ ਬਚਿਆ ਹੈ ਜਿਸ ਨੂੰ ਤਾਕੀ ਦਰਵਾਜ਼ਾ ਕਿਹਾ ਜਾਂਦਾ ਹੈ ਜਦੋਂਕਿ ਬਾਕੀ ਦੇ ਦਰਵਾਜ਼ੇ ਖ਼ਤਮ ਹੋ ਚੁੱਕੇ ਹਨ। ਜੇਕਰ ਦਰਵਾਜ਼ਿਆਂ ਦੇ ਨਾਵਾਂ ਦੀ ਗੱਲ ਕਰੀਏ ਤਾਂ ਪੰਜ ਦਰਵਾਜ਼ਿਆਂ ਦੇ ਨਾਵਾਂ ਨੂੰ ਲੋਕ ਜਾਣਦੇ ਹਨ ਜਿਨ੍ਹਾਂ ਵਿੱਚ ਦੀਨਾਨਗਰੀ ਦਰਵਾਜ਼ਾ, ਸੁਲਤਾਨੀ ਦਰਵਾਜ਼ਾ, ਬਾਹਮਣੀ ਦਰਵਾਜ਼ਾ, ਤਾਕੀ ਦਰਵਾਜ਼ਾ, ਚੋਣਾ ਦਰਵਾਜ਼ਾ ਸ਼ਾਮਿਲ ਹਨ ਜਦੋਂਕਿ ਦੋ ਦਰਵਾਜ਼ਿਆਂ ਦੇ ਨਾਮ ਵੀ ਆਪਣੀ ਹੋਂਦ ਵਾਂਗ ਖ਼ਤਮ ਹੋ ਚੁੱਕੇ ਹਨ।
ਬਹਿਰਾਮਪੁਰ ਤੋਂ ਬਾਹਰਵਾਰ ਚੜ੍ਹਦੇ ਪਾਸੇ ਇੱਕ ਵੱਡੀ ਮਸੀਤ ਹੈ ਜੋ 1684 ਵਿੱਚ ਹਾਜੀ ਬਹਿਰਾਮ ਖ਼ਾਨ ਨੇ ਬਣਵਾਈ ਸੀ। ਇਹ ਮਸੀਤ ਅੱਜ ਵੀ ਬਹੁਤ ਚੰਗੀ ਹਾਲਤ ਵਿੱਚ ਮੌਜੂਦ ਹੈ। ਇੱਕ ਗੁੱਜਰ ਪਰਿਵਾਰ ਇਸ ਦੀ ਦੇਖਭਾਲ ਕਰਦਾ ਹੈ। ਮਸੀਤ ਤੋਂ ਥੋੜ੍ਹੀ ਦੂਰ ਦੱਖਣ-ਪੂਰਬ ਬਾਹੀ ’ਤੇ ਇੱਕ ਬਹੁਤ ਵੱਡੀ ਈਦਗਾਹ ਵੀ ਮੌਜੂਦ ਹੈ। ਇਸ ਈਦਗਾਹ ਦੀ ਤਕਰੀਬਨ 12 ਫੁੱਟ ਉੱਚੀ ਕੰਧ ਵਿੱਚ ਮਹਿਰਾਬ ਬਣਿਆ ਹੋਇਆ ਹੈ। ਇਹ ਈਦਗਾਹ ਏਨੀ ਵੱਡੀ ਸੀ ਕਿ ਈਦ ਮੌਕੇ ਇੱਥੇ ਹਜ਼ਾਰਾਂ ਦਾ ਇਕੱਠ ਹੁੰਦਾ ਸੀ।
ਬਹਿਰਾਮਪੁਰ ਸ਼ਹਿਰ ਦੇ ਪੂਰਬ ਵੱਲੋਂ ਸ਼ਾਹ ਨਹਿਰ ਲੰਘਦੀ ਸੀ। ਬਾਦਸ਼ਾਹ ਸ਼ਾਹਜਹਾਂ ਵੱਲੋਂ ਬਣਾਈ ਇਸ ਨਹਿਰ ਨੂੰ ਮੁਗ਼ਲ ਕਾਲ ਸਮੇਂ ਸ਼ਾਹ ਨਹਿਰ (ਬਾਦਸ਼ਾਹੀ ਨਹਿਰ) ਕਿਹਾ ਜਾਂਦਾ ਸੀ ਜੋ ਲਾਹੌਰ ਦੇ ਸ਼ਾਲੀਮਾਰ ਬਾਗ਼ ਨੂੰ ਸਿੰਜਦੀ ਸੀ। ਸਿੱਖ ਮਿਸਲਾਂ ਦੇ ਦੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਸ ਨੂੰ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਸੀ ਕਿਉਂਕਿ ਸਿੱਖ ਸਰਦਾਰਾਂ ਨੇ ਇਸ ਨਹਿਰ ਦੀ ਦੁਬਾਰਾ ਖੁਦਾਈ ਕਰ ਕੇ ਇਸਦਾ ਪਾਣੀ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਪਾਵਨ ਸਰੋਵਰ ਤੱਕ ਪਹੁੰਚਾਇਆ ਸੀ। ਅੰਗਰੇਜ਼ ਰਾਜ ਸਮੇਂ ਇਸੇ ਨਹਿਰ ਨੂੰ ਸਿੱਧੀ ਕਰਕੇ ਅਪਰਬਾਰੀ ਦੁਆਬ ਨਹਿਰ ਦਾ ਰੂਪ ਦਿੱਤਾ ਗਿਆ। ਹੁਣ ਬਹਿਰਾਮਪੁਰ ਕੋਲੋਂ ਸ਼ਾਹ ਨਹਿਰ ਤਾਂ ਨਹੀਂ ਲੰਘਦੀ, ਪਰ ਮੁਗ਼ਲ ਕਾਲ ਦੌਰਾਨ ਉਸ ਨਹਿਰ ਦੇ ਬਣੇ ਪੁਲ ਅੱਜ ਵੀ ਦੇਖੇ ਜਾ ਸਕਦੇ ਹਨ। ਨਹਿਰ ਦੇ ਨਾਲ ਹੀ ਬਹਿਰਾਮਪੁਰ ਦੇ ਵਸਨੀਕਾਂ ਲਈ ਇੱਕ ਤਲਾਬ ਬਣਾਇਆ ਗਿਆ ਸੀ ਜਿਸ ਦੇ ਨਿਸ਼ਾਨ ਵੀ ਮੌਜੂਦ ਹਨ।
ਜਦੋਂ ਅਸੀਂ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਧਿਆਏ ਪੜ੍ਹਦੇ ਹਾਂ ਤਾਂ ਰਾਏਪੁਰ ਤੇ ਬਹਿਰਾਮਪੁਰ ਦੀਆਂ ਜੰਗਾਂ ਦਾ ਜ਼ਿਕਰ ਵੀ ਆਉਂਦਾ ਹੈ ਜੋ ਸਿੱਖਾਂ ਅਤੇ ਮੁਗ਼ਲਾਂ ਦਰਮਿਆਨ ਹੋਈਆਂ ਸਨ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ 1711 ਅਤੇ 1715 ਵਿੱਚ ਦੋ ਵਾਰ ਜੰਗਾਂ ਲੜੀਆਂ ਸਨ। ਪਹਿਲੀ ਵਾਰ ਜੰਗ 6 ਮਾਰਚ 1711 ਨੂੰ ਹੋਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਾੜਾਂ ’ਚੋਂ ਵਾਪਸ ਮੈਦਾਨੀ ਇਲਾਕਿਆਂ ਨੂੰ ਸਰ ਕਰਨ ਲਈ ਨਿਕਲੇ ਸਨ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੰਘਾਂ ਦਾ ਟਾਕਰਾ ਜੰਮੂ ਦੇ ਫ਼ੌਜਦਾਰ ਬਾਯਜ਼ੀਦ ਖ਼ਾਨ ਖੇਸ਼ਗੀ, ਜਿਸ ਨੂੰ ਕੁਤਬੁਦੀਨ ਖ਼ਾਨ ਦਾ ਖ਼ਿਤਾਬ ਮਿਲਿਆ ਹੋਇਆ ਸੀ, ਉਸ ਦੇ ਭਤੀਜੇ ਸ਼ਮਸ ਖ਼ਾਨ ਅਤੇ ਸ਼ਾਹਦਾਦ ਖ਼ਾਨ ਦੀਆਂ ਫ਼ੌਜਾਂ ਨਾਲ ਹੋਇਆ ਜਿਸ ਵਿੱਚ ਮੁਗ਼ਲ ਫ਼ੌਜ ਦੇ ਇਹ ਤਿੰਨੇ ਪਠਾਣ ਸਰਦਾਰ ਮਾਰੇ ਗਏ ਸਨ ਅਤੇ ਜਿੱਤ ਖ਼ਾਲਸੇ ਦੀ ਹੋਈ ਸੀ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਾਨੌਰ, ਬਟਾਲਾ ਸਮੇਤ ਸਾਰੇ ਰਿਆੜਕੀ ਦੇ ਇਲਾਕੇ ਉੱਪਰ ਫ਼ਤਹਿ ਹਾਸਲ ਕਰ ਲਈ। ਸੰਨ 1715 ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਬਹਿਰਾਮਪੁਰ ਤੇ ਰਾਏਪੁਰ ਨੂੰ ਫ਼ਤਹਿ ਕੀਤਾ। ਉਸ ਤੋਂ ਬਾਅਦ ਉਹ ਕਲਾਨੌਰ ਤੇ ਬਟਾਲਾ ਵੱਲ ਵਧਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨੇ ਬਹਿਰਾਮਪੁਰ ਤੇ ਹੋਰ ਜਿੱਤਾਂ ਤੋਂ ਬਾਅਦ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਮਸੀਤਾਂ ਤੇ ਈਦਗਾਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜੋ ਅੱਜ ਵੀ ਪੂਰੀ ਤਰ੍ਹਾਂ ਠੀਕ ਹਾਲਤ ਵਿੱਚ ਦੇਖੀਆਂ ਜਾ ਸਕਦੀਆਂ ਹਨ।
ਬਹਿਰਾਮਪੁਰ ਅਤੇ ਰਾਏਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਹੋਈਆਂ ਜੰਗਾਂ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਰਾਏਪੁਰ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਗਿਆ ਹੈ।
ਸੰਨ 1947 ਦੀ ਵੰਡ ਮੌਕੇ ਮੁਸਲਿਮ ਬਹੁਗਿਣਤੀ ਵਸੋਂ ਵਾਲੇ ਇਹ ਨਗਰ ਬਹਿਰਾਮਪੁਰ ਅਤੇ ਰਾਏਪੁਰ ਪੂਰੀ ਤਰ੍ਹਾਂ ਉੱਜੜ ਗਏ ਅਤੇ ਇੱਥੋਂ ਸਾਰੀ ਮੁਸਲਿਮ ਆਅਬਾਦੀ ਲਹਿੰਦੇ ਪੰਜਾਬ ਵਿੱਚ ਹਿਜ਼ਰਤ ਕਰ ਗਈ। ਇਨ੍ਹਾਂ ਨਗਰਾਂ ਵਿੱਚ ਲਹਿੰਦੇ ਪੰਜਾਬ ਤੋਂ ਉੱਠ ਕੇ ਆਏ ਹਿੰਦੂ ਅਤੇ ਸਿੱਖ ਪਰਿਵਾਰ ਆਬਾਦ ਹੋਏ। ਕਦੇ ਬਾਰੀ ਦੁਆਬ ਦਾ ਪ੍ਰਮੁੱਖ ਨਗਰ ਰਿਹਾ ਬਹਿਰਾਮਪੁਰ ਅੱਜ ਸਰਹੱਦ ਦੇ ਨੇੜੇ ਹੋਣ ਕਾਰਨ ਹਾਸ਼ੀਏ ’ਤੇ ਚਲਾ ਗਿਆ ਹੈ। ਭਾਵੇਂ ਅੱਜ ਦਾ ਬਹਿਰਾਮਪੁਰ ਬਹੁਤ ਬਦਲ ਚੁੱਕਾ ਹੈ ਪਰ ਇੱਥੇ ਮੌਜੂਦ ਇਤਿਹਾਸਕ ਨਿਸ਼ਾਨੀਆਂ ਅਤੇ ਬੀਤੇ ਦੀਆਂ ਕਹਾਣੀਆਂ ਅਜੇ ਵੀ ਇਸ ਦੇ ਇਤਿਹਾਸ ਦੀ ਬਾਤ ਪਾਉਂਦੀਆਂ ਹਨ।

ਸੰਪਰਕ: 98155-77574

Advertisement
Author Image

sukhwinder singh

View all posts

Advertisement
Advertisement
×