ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਜ਼ਾਦੀ ਦੇ ਓਹਲੇ

08:10 AM Aug 18, 2024 IST

ਗਗਨਦੀਪ ਸਿੰਘ ਢਿੱਲੋਂ

Advertisement

ਪਿੰਡ ਦੇ ਪਿਆਰਾਂ ਵਿੱਚ ਅੱਗ ਲੱਗ ਗਈ। ਸਭ ਕੁਝ ਸੜ ਕੇ ਸੁਆਹ ਹੋ ਗਿਆ। ਪਿੰਡ ਦੀ ਜੂਹ ਵਿੱਚ ਲੱਗੇ ਬੋਹੜ ਪਿੱਪਲ ਨਿੰਮ ਦੁਹਾਈਆਂ ਪਾਵਣ। ਅੱਜ ਉਨ੍ਹਾਂ ਰੁੱਖਾਂ ਹੇਠ ਧਰਤੀ ਦਾ ਰੰਗ ਲਾਲ ਹੋ ਰਿਹਾ ਸੀ ਜਿਨ੍ਹਾਂ ਹੇਠ ਪਿੰਡ ਦੇ ਸਾਰੇ ਮਜ਼ਹਬਾਂ ਦੇ ਲੋਕ ਇਕੱਠੇ ਹੋ ਹੋ ਬਹਿੰਦੇ ਸਨ। ਉਦੋਂ ਚਿਹਰਿਆਂ ਦਾ ਰੰਗ ਲਾਲ ਰਹਿੰਦਾ ਸੀ। ਲਾਲ ਰੰਗ ਅੱਜ ਵੀ ਸੀ ਪਰ ਅੱਜ ਨਫ਼ਰਤ ਦੇ ਲਹੂ ਦਾ ਵਹਿੰਦਾ ਰੰਗ ਸੀ।

ਰਾਤ ਦਾ ਉਨੀਂਦਰਾ ਸੀ ਬਾਬਾ ਮੁਕੰਦ ਸਿੰਹੁ। ਨੀਂਦ ਆਈ ਨਹੀਂ ਸਾਰੀ ਰਾਤ। ਆਹ ਦਿਨਾਂ ’ਚ ਨੀਂਦ ਕਿੱਥੇ?? ਸਵੇਰੇ ਉੱਠਿਆ ਤਾਂ ਉੱਠਣ ਨੂੰ ਜੀਅ ਨਾ ਕੀਤਾ। ਜੀਅ ਕਰੇ ਬੱਸ ਰੋਈ ਜਾਵੇ। ਕਿੰਨੇ ਵਰ੍ਹਿਆਂ ਤੋਂ ਇਹ ਪੀੜਾਂ ਦਰਦ ਦੀਆਂ ਚੀਸਾਂ ਵਧਾਉਣ ਆ ਜਾਂਦੀਆਂ ਨੇ ਆਹ ਦਿਨਾਂ ’ਚ। ਕੱਲ੍ਹ ਘਰੇ ਪੜਪੋਤਿਆਂ ਦੇ ਮੂੰਹੋਂ ਸੁਣਿਆ ਸੀ ਕਿ ਕੱਲ੍ਹ ਨੂੰ ਝੰਡਾ ਚਾੜ੍ਹਨਾ। ਕਹਿੰਦੇ ਦੇਸ਼ ਆਜ਼ਾਦ ਹੋਇਆ ਸੀ, ਝੰਡਾ ਚਾੜ੍ਹਾਂਗੇ, ਸਾਜ਼ ਵਾਜ ਵਜਾਵਾਂਗੇ।
ਬਾਬਾ ਮੁਕੰਦ ਸਿੰਹੁ ਉੱਪਰ ਵੱਲ ਤੱਕਦਾ ਪਿਆ ਸੀ। ਅੱਖਾਂ ਰਾਤ ਭਰ ਦੀਆਂ ਖੁੱਲ੍ਹੀਆਂ ਹੀ ਸਨ। ਨੀਂਦਰ ਦਾ ਤਾਂ ਕੋਈ ਵਜੂਦ ਹੀ ਨਹੀਂ ਸੀ। ਦਰਦ ਲੁਕੋਣਾ ਚਾਹੁੰਦਾ ਸੀ ਪਰ ਦੁੱਖ ਵੇਲੇ ਕੋਈ ਯਾਦ ਸਾਹਮਣੇ ਆ ਜਾਏ ਤਾਂ ਅੱਥਰੂ ਬੰਦੇ ਦੀ ਮਰਜ਼ੀ ਵੀ ਨਹੀਂ ਪੁੱਛਦੇ, ਧੱਕੇ ਨਾਲ ਅੱਖਾਂ ਦਾ ਨੱਕਾ ਤੋੜ ਕੇ ਬਾਹਰ ਆ ਜਾਂਦੇ ਨੇ। ਦੁੱਖ ਤਾਂ ਕਦੇ ਨਾ ਕਦੇ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਨੇ, ਪਰ ਉਹ ਬੰਦਾ ਕਿੰਨਾ ਲੇਖ ਸੜਿਆ ਹੁੰਦਾ ਹੈ ਜਿਸ ਕੋਲ ਦੁੱਖ ਫੋਲਣ ਵਾਲਾ ਵੀ ਕੋਈ ਨਾ ਹੋਵੇ। ਦੁੱਖ ਫੋਲਣ ਵਾਲੇ ਤਾਂ ਹੁਣ ਕਦੋਂ ਦੇ ਰੱਬ ਨੂੰ ਪਿਆਰੇ ਹੋ ਗਏ। ਉਸ ਦਾ ਦੁੱਖ ਸੁਣਦੀ ਸੀ ਨਿਹਾਲ ਕੁਰ ਜਾਂ ਬਾਬੇ ਦਾ ਯਾਰ ਬੇਲੀ ਪ੍ਰਭਾ ਮਰਾਸੀ। ਹੁਣ ਤਾਂ ਉਨ੍ਹਾਂ ਦੀਆਂ ਸ਼ਕਲਾਂ ਵੀ ਯਾਦ ਨਹੀਂ ਰਹੀਆਂ।
ਬਾਬਾ ਬੀਤੇ ਵੇਲਿਆਂ ਦੀਆਂ ਝਾੜੀਆਂ ’ਚ ਫਿਰ ਜਾ ਫਸਿਆ। ਪਏ ਪਏ ਨੂੰ ਯਾਦ ਆਇਆ ਕਿ ਉਦੋਂ ਸ਼ਿਵਜੀ ਬਾਣੀਏ ਦੀ ਹੱਟੀ ’ਤੇ ਬੈਠਿਆਂ ਰੇਡੀਓ ਸੁਣਿਆ ਸੀ ਬਈ ਦੇਸ਼ ਆਜ਼ਾਦ ਹੋ ਗਿਆ। ਨਾਲੇ ਮੁਲਕ ਦਾ ਬਟਵਾਰਾ ਵੀ ਹੋ ਗਿਆ। ਉਦੋਂ ਬਾਬਾ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਪਿੰਡ ਰੰਗਪੁਰ ਵਿੱਚ ਰਹਿੰਦਾ ਸੀ। ਵਧੀਆ ਜ਼ਮੀਨ ਜਾਇਦਾਦ ਸੀ। ਨਗਰ ਖੇੜੇ ਸੁਖੀ ਵੱਸਦੇ ਸਨ। ਕਿਸੇ ਦੀ ਕਿਸੇ ਨਾਲ ਕੋਈ ਜ਼ਿੱਦ ਬੈਂਸ ਨਹੀਂ ਸੀ। ਸਭ ਆਪੋ ਆਪਣੀ ਕਮਾਉਂਦੇ ਤੇ ਖਾਂਦੇ ਸਨ। ਆਥਣ ਵੇਲੇ ਟੋਭੇ ਦੇ ਪਾਰ ਬਰੋਟਿਆਂ ਥੱਲੇ ਸਾਰੇ ’ਕੱਠੇ ਬੈਠੇ ਹੁੰਦੇ। ਦਿਆਲਾ ਪੰਡਤ, ਸ਼ਿਵਜੀ ਬਾਣੀਆ, ਤੇਲੀਆਂ ਦਾ ਬਸ਼ੀਰ, ਨਾਈਆਂ ਦਾ ਰੋਡੂ, ਵਿਹੜਿਓਂ ਰੰਗੀ ਤੇ ਮੱਘਰ ਨਾਲ ਕਾਫ਼ੀ ਉੱਠਣੀ ਬੈਠਣੀ ਸੀ। ਬਾਬਾ ਮੁਕੰਦ ਸਿੰਹੁ ਦਾ ਸਾਕ ਵੀ ਬਸ਼ੀਰ ਦੇ ਪਿਓ ਹਿਆਮਤ ਅਲੀ ਨੇ ਆਪਣੇ ਸਹੁਰੇ ਪਿੰਡ ਪੀਰੋਂ ਵਾਲਾ ਤੋਂ ਲਿਆ ਕੇ ਦਿੱਤਾ ਸੀ। ਸਾਰਾ ਪਿੰਡ ਜੰਞ ਗਿਆ ਸੀ। ਘਰ ਵਿੱਚ ਰੌਣਕ ਰਹੀ ਪਰ ਬਹੁਤਾ ਸਮਾਂ ਨਾ ਟਿਕੀ। ਸ਼ਿਵਜੀ ਬਾਣੀਏ ਦੇ ਰੇਡੂਏ ਨੇ ਸਾਹ ਸੁਕਾ ਦਿੱਤੇ। ਬਾਣੀਏ ਦਾ ਟੱਬਰ ਤਾਂ ਆਪਣਾ ਨਿੱਕ-ਸੁੱਕ ਸਾਂਭ ਪਿੰਡ ਛੱਡ ਤੁਰ ਗਿਆ। ਪੰਸਾਰੀ ਦੀ ਹੱਟ ਤੇ ਤੱਕੜੀ ਟੁੱਟ ਗਈ ਜਿਹੜੀ ਰੋਜ਼ ਕਿੰਨਿਆਂ ਘਰਾਂ ਦੇ ਸੌਦੇ ਤੋਲਦੀ ਸੀ। ਲਾਲੇ ਦੀ ਤੱਕੜੀ ਨੇ ਕਦੇ ਜ਼ਾਤ, ਮਜ਼ਹਬ, ਧਰਮ ਨਹੀਂ ਸੀ ਵੇਖਿਆ।
ਪਿੰਡ ਦੇ ਪਿਆਰਾਂ ਵਿੱਚ ਅੱਗ ਲੱਗ ਗਈ। ਸਭ ਕੁਝ ਸੜ ਕੇ ਸੁਆਹ ਹੋ ਗਿਆ। ਪਿੰਡ ਦੀ ਜੂਹ ਵਿੱਚ ਲੱਗੇ ਬੋਹੜ ਪਿੱਪਲ ਨਿੰਮ ਦੁਹਾਈਆਂ ਪਾਵਣ। ਅੱਜ ਉਨ੍ਹਾਂ ਰੁੱਖਾਂ ਹੇਠ ਧਰਤੀ ਦਾ ਰੰਗ ਲਾਲ ਹੋ ਰਿਹਾ ਸੀ ਜਿਨ੍ਹਾਂ ਹੇਠ ਪਿੰਡ ਦੇ ਸਾਰੇ ਮਜ਼ਹਬਾਂ ਦੇ ਲੋਕ ਇਕੱਠੇ ਹੋ ਹੋ ਬਹਿੰਦੇ ਸਨ। ਉਦੋਂ ਚਿਹਰਿਆਂ ਦਾ ਰੰਗ ਲਾਲ ਰਹਿੰਦਾ ਸੀ। ਲਾਲ ਰੰਗ ਅੱਜ ਵੀ ਸੀ ਪਰ ਅੱਜ ਨਫ਼ਰਤ ਦੇ ਲਹੂ ਦਾ ਵਹਿੰਦਾ ਰੰਗ ਸੀ।
ਹਿਆਮਤ ਅਲੀ ਦੇ ਟੱਬਰ ਤੋਂ ਜਿੰਨਾ ਸਰਿਆ ਕੀਤਾ। ਸਾਰੇ ਟੱਬਰ ਨੂੰ ਆਪਣੇ ਘਰ ਲੁਕੋ ਕੇ ਰੱਖਿਆ। ਮੁਕੰਦ ਸਿੰਹੁ ਦੇ ਟੱਬਰ ਪਿੱਛੇ ਆਪਣੇ ਮਜ਼ਹਬ ਵਾਲਿਆਂ ਨਾਲ ਵੈਰ ਪਾ ਲਿਆ। ਆਖ਼ਰ ਕਿੰਨੀ ਕੁ ਦੇਰ ਤੱਕ ਲੁਕੋ ਲੈਂਦੇ! ਕਾਤਲਾਂ ਨੇ ਪਿੱਛਾ ਨਾ ਛੱਡਿਆ। ਪਹਿਲਾਂ ਬਸ਼ੀਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਮੁਕੰਦ ਸਿੰਹੁ ਤੋਂ ਇਹ ਸਹਿ ਨਾ ਹੋਇਆ। ਉਸ ਨੇ ਹਿਆਮਤ ਅਲੀ ਨੂੰ ਰਾਖੀ ਕਰਨ ਤੋਂ ਰੋਕਿਆ ਕਿ ਸਾਨੂੰ ਮਰ ਲੈਣ ਦੇ ਪਰ ਸਾਡੇ ਪਿੱਛੇ ਤੁਸੀਂ ਨਾ ਮਰੋ।
ਹਿਆਮਤ ਅਲੀ ਅੱਲ੍ਹਾ ਨੂੰ ਪਿਆਰ ਕਰਨ ਵਾਲਾ ਸੱਚਾ ਸੁੱਚਾ ਮੁਸਲਮਾਨ ਸੀ। ਉਹ ਕਹਿੰਦਾ, ‘‘ਮੈਂ ਹੁਣ ਕਾਫ਼ਰਾਂ ਤੋਂ ਥੋਨੂੰ ਮਰਵਾ ਦਿਆਂ। ਆਵਦੀਆਂ ਮਾਵਾਂ ਭੈਣਾਂ ਦੀ ਇੱਜ਼ਤ ਲੁਹਾ ਦਿਆਂ। ਧੀਆਂ ਨੂੰ ਇਨ੍ਹਾਂ ਕਾਫ਼ਰਾਂ ਹੱਥ ਨਹੀਂ ਲੱਗਣ ਦੇਣਾ ਮੈਂ। ਤੇਰੇ ਘਰੋਂ ਆਈਆਂ ਦਾਲ ਦੀਆਂ ਕੌਲੀਆਂ, ਦੇਗਾਂ, ਸੇਵੀਆਂ ਦਾ ਇਹ ਸਿਲਾ ਨਹੀਂ ਦੇਣਾ ਮੈਂ। ਰਾਤ ਟਿਕੀ ਤੋਂ ਉਹ ਬਾਬੇ ਮੁਕੰਦ ਸਿੰਹੁ ਤੇ ਉਸ ਦੇ ਬੁੱਢੇ ਬਾਪ ਹਰੀ ਸਿੰਹੁ, ਮਾਂ ਬਚਨੀ, ਘਰਵਾਲੀ ਨਿਹਾਲ ਕੁਰ, ਪੁੱਤ ਕਰਮਾ ਤੇ ਰੁਲਦੂ, ਦੋ ਧੀਆਂ ਪ੍ਰਸਿੰਨੀ ਤੇ ਜੈਬੋ ਨੂੰ ਕਿਸੇ ਮਹਿਫੂਜ਼ ਜਗਾ ’ਤੇ ਛੱਡਣ ਲਈ ਤਿਆਰ ਹੋ ਗਏ। ਬਾਬੇ ਦੀ ਮਾਂ ਬਚਨੀ, ਘਰਵਾਲੀ ਨਿਹਾਲ ਕੁਰ ਤੇ ਜੁਆਕ ਬਰਕਤਾਂ ਦੇ ਗਲ਼ ਰੋਣ ਲੱਗ ਪਏ। ਕਿਵੇਂ ਛੱਡ ਕੇ ਜਾਂਦੇ ਬਰਕਤਾਂ ਨੂੰ, ਉਸ ਦੀ ਧੀ ਜੈਨਬ ਨੂੰ, ਜਿਸ ਨੇ ਬਾਬੇ ਦੀਆਂ ਧੀਆਂ ਦਾ ਦਾਜ, ਲੀੜਾ ਕੱਪੜਾ, ਦਰੀਆਂ, ਪੱਖੀਆਂ, ਤਲਾਈਆਂ ਆਪ ਨਾਲ ਲੱਗ ਤਿਆਰ ਕਰਵਾਈਆਂ ਸਨ। ਸਕਿਆਂ ਵਰਗਾ ਮੋਹ ਸੀ। ਬਰਕਤਾਂ ਦੁਹਾਈਆਂ ਪਾਵੇ, ‘‘ਯਾ ਅੱਲ੍ਹਾ!!!! ਇਹੋ ਜਿਹੇ ਵਹਿਸ਼ੀ ਦਰਿੰਦਿਆਂ ਨੂੰ ਫੌਤ ਕਿਓਂ ਨਹੀਂ ਕਰ ਦਿੰਦਾ। ਇਹ ਕੁਰਸੀ ਦਿਆਂ ਭੁੱਖਿਆਂ ਨੇ ਸਾਨੂੰ ਕਿਉਂ ਲੜਾ ਕੇ ਮਾਰ ਦਿੱਤਾ। ਤੁਸੀਂ ਚੌਧਰਾਂ ਹੀ ਤਾਂ ਲੈਣੀਆਂ ਸਨ ਲੈ ਲੈਂਦੇ, ਪਰ ਸਾਨੂੰ ਤਾਂ ’ਕੱਠਿਆਂ ਰਹਿਣ ਦਿੰਦੇ।
ਸਬ੍ਹਾਤਾਂ ਕਣਕਾਂ, ਮੱਕੀ, ਸਰ੍ਹੋਂ, ਜਵਾਰ ਨਾਲ ਭਰੀਆਂ ਰਹਿ ਗਈਆਂ। ਸੰਦੂਕਾਂ ਦੀਆਂ ਬਾਰੀਆਂ ਕੋਈ ਖੁੱਲ੍ਹੀਆਂ ਕੋਈ ਬੰਦ ਰਹਿ ਗਈਆਂ। ਘਿਓ ਦੇ ਭਰੇ ਤੌੜੇ ਕੰਧਾਂ ਦੀ ਓਹਲ ਲੱਗੇ ਰਹਿ ਗਏ। ਤਾਂਦਲਿਆਂ ਦੇ ਕੁੱਜੇ ਦੱਬੇ ਦਬਾਏ ਹੀ ਰਹਿ ਗਏ। ਡੰਗਰ ਵੱਛੇ, ਹਲ ਪੰਜਾਲੀਆਂ ਜਿੰਨਾ ਕੁ ਨਾਲ ਰਲਿਆ, ਲੈ ਚੱਲੇ। ਮਾਂ ਬਚਨੀ ਤੇ ਘਰਵਾਲੀ ਨਿਹਾਲੋ ਦੇ ਫੁੱਲਾਂ ਬੂਟੀਆਂ ਨਾਲ ਸ਼ਿੰਗਾਰੇ ਸੰਦੂਕ ਸਬ੍ਹਾਤਾਂ ਅੰਦਰ ਹੀ ਖ਼ਾਮੋਸ਼ ਹੋ ਕੇ ਰਹਿ ਗਏ।
ਹਨੇਰੀ ਰਾਤ। ਕਹਿਰਾਂ ਦੀ ਗਰਮੀ। ਉੱਤੋਂ ਬਘਿਆੜਾਂ ਵਰਗੇ ਕਾਤਲ ਬੰਦਿਆਂ ਦੀਆਂ ਡਰਾਉਣੀਆਂ ਆਵਾਜ਼ਾਂ ਨੇ ਸਾਹ ਸੂਤੇ ਪਏ ਸਨ। ਕਮਾਦਾਂ ਸਰਕੜਿਆਂ ਨੂੰ ਚੀਰਦਾ ਬਾਬਾ ਆਪਣੇ ਟੱਬਰ ਸਣੇ ਅੰਬਰਸਰ ਵੱਲ ਨੂੰ ਹੋ ਤੁਰਿਆ। ਰਾਤ ਨੂੰ ਬੀਆਬਾਨ, ਬੰਨ੍ਹੀਆਂ ਦੇ ਰਸਤੇ ਤੁਰੇ ਜਾਂਦੇ, ਦਿਨੇ ਕਿਤੇ ਲੁਕਣ ਦੀ ਜਗ੍ਹਾ ਲੱਭ ਕੇ ਲੁਕ ਜਾਂਦੇ।
ਬਾਬੇ ਮੁਕੰਦ ਨੂੰ ਲੱਗਿਆ ਕਿ ਲਹਿੰਦੇ ਪਾਸਿਓਂ ਮੈਂ ਹੀ ਉੱਜੜ ਚੱਲਿਆ ਹਾਂ। ਜਦ ਚੜ੍ਹਦੇ ਪਾਸਿਓਂ ਮੁਸਲਮਾਨਾਂ ਦੇ ਗੱਡੇ ਭਰੇ ਜਾਂਦੇ ਲਹਿੰਦੇ ਵੱਲ ਨੂੰ ਜਾਂਦੇ ਵੇਖੇ ਤਾਂ ਇਹ ਪੱਟੀ ਵੀ ਅੱਖਾਂ ਤੋਂ ਲਹਿ ਗਈ। ਉੱਥੇ ਏਨੀ ਵੱਢ ਟੁੱਕ ਹੋਈ... ਬਸ ਰਹੇ ਰੱਬ ਦਾ ਨਾਂ। ਕੋਈ ਕਿਸੇ ’ਤੇ ਰਹਿਮ ਨਾ ਕਰੇ। ਜੁਆਨ ਧੀਆਂ ਚੁੱਕੀਆਂ ਜਾ ਰਹੀਆਂ ਸਨ। ਡਾਂਗਾਂ ਵਰਗੇ ਗੱਭਰੂ ਪੁੱਤ ਮਾਵਾਂ ਦੀਆਂ ਅੱਖਾਂ ਸਾਹਮਣੇ ਵੱਢੇ ਜਾ ਰਹੇ ਸਨ। ਬਾਬਾ ਮੁਕੰਦ ਸਿੰਹੁ ਤੇ ਮੁੰਡਾ ਰੁਲਦੂ ਆਪਣੇ ਟੱਬਰ ਨੂੰ ਬਚਾਉਣ ਲਈ ਅੱਗੇ ਆਏ, ਪਰ ਜਾਨਵਰਾਂ ਵਰਗੇ ਕਿਸੇ ਬੰਦੇ ਨੇ ਕਿਰਪਾਨ ਸਿੱਧੀ ਰੁਲਦੂ ਦੀ ਵੱਖੀ ਵਿੱਚ ਖੁਭੋ ਦਿੱਤੀ। ਦੂਜਾ ਪ੍ਰਸਿੰਨੀ ਵੱਲ ਬੁਰੀ ਨਜ਼ਰ ਨਾਲ ਤੱਕਦਾ ਅੱਗੇ ਵਧਣ ਲੱਗਿਆ ਤਾਂ ਪ੍ਰਸਿੰਨੀ ਤੋਂ ਇਹ ਬਰਦਾਸ਼ਤ ਨਾ ਹੋਇਆ। ਇੱਕ ਪਾਸੇ ਭਰਾ ਦੀ ਲਾਸ਼ ਤੇ ਦੂਜੇ ਪਾਸੇ ਆਪਣੀ ਇੱਜ਼ਤ ਦੀ ਚੁੰਨੀ ਵੀ ਲੀਰੋ-ਲੀਰ ਹੋਣ ਜਾ ਰਹੀ ਸੀ। ਬਾਬਾ ਮੁਕੰਦ ਸਿੰਹੁ ਦੀਆਂ ਅੱਖਾਂ ਦੇ ਸਾਹਮਣੇ, ਉਸ ਦੇ ਰੋਕਦਿਆਂ ਰੋਕਦਿਆਂ ਪ੍ਰਸਿੰਨੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਉਸ ਨੇ ਆਪਣੀ ਇੱਜ਼ਤ ਤਾਰ-ਤਾਰ ਹੋ ਜਾਣ ਨਾਲੋਂ ਮਰਨਾ ਹੀ ਠੀਕ ਸਮਝਿਆ। ਉੱਥੋਂ ਕਰਮਾ ਆਪਣੇ ਪਿਓ ਨੂੰ ਘੜੀਸ ਲਿਆਇਆ। ਬਾਕੀ ਟੱਬਰ ਨੂੰ ਨਾਲ ਲੈ ਕੇ ਡਿੱਗਦੇ ਢਹਿੰਦੇ ਬਾਲੀਆਂ ਨਹਿਰ ’ਤੇ ਆ ਪੁੱਜੇ।
ਭਾਦੋਂ ਦੀਆਂ ਤਪਦੀਆਂ ਦੁਪਹਿਰਾਂ ਨੇ ਤਾਂ ਰਾਤ ਵੀ ਠੰਢੀ ਨਾ ਹੋਣ ਦਿੱਤੀ। ਇੱਥੇ ਆਣ ਉਹ ਝਾੜੀਆਂ ਵਿੱਚ ਲੁਕੇ ਹੋਏ ਸਨ। ਉਨ੍ਹਾਂ ਦੇ ਅੰਦਰ ਹਾਲੇ ਵੀ ਡਰ ਬੈਠਿਆ ਹੋਇਆ ਸੀ। ਨਹਿਰ ਦੇ ਦੂਜੇ ਬੰਨੇ ’ਤੇ ਘੁਸਰ ਮੁਸਰ ਹੋ ਰਹੀ ਸੀ। ਇੰਝ ਲੱਗਿਆ ਜਿਵੇਂ ਓਧਰ ਵੀ ਕੋਈ ਲੁਕਿਆ ਹੋਇਆ ਹੋਵੇ। ਰਾਤ ਦੇ ਹਨੇਰੇ ਵਿੱਚ ਦਿਸਿਆ ਤਾਂ ਕੁਝ ਵੀ ਨਹੀਂ, ਪਰ ਵਾਹਿਗਰੂ ਵਾਹਿਗਰੂ ਬੋਲਿਆਂ ’ਤੇ ਉਹ ਹੋਰ ਵੀ ਸੁੰਨ ਹੋ ਗਏ। ਉਨ੍ਹਾਂ ਨੂੰ ਪਰਲੇ ਪਾਰ ਕੋਈ ਧਾੜ ਆਉਂਦੀ ਦਿਸੀ। ਮੂੰਹ ਹਨੇਰੇ ਕੁਝ ਸਾਫ਼ ਤਾਂ ਨਹੀਂ ਸੀ ਦਿਸਦਾ। ਉਨ੍ਹਾਂ ਕੋਲ ਗੋਦੀ ਨਿੱਕੀ ਜਿਹੀ ਬੱਚੀ ਸੀ ਜਿਹੜੀ ਕਈ ਦਿਨਾਂ ਦੀ ਭੁੱਖਣ ਭਾਣੀ ਰੋ ਰਹੀ ਸੀ। ਜਦ ਮਾਂ ਹੀ ਭੁੱਖੀ ਸੀ ਤਾਂ ਛਾਤੀਆਂ ’ਚੋਂ ਦੁੱਧ ਕਿੱਥੋਂ ਆਉਣਾ ਸੀ। ਉਨ੍ਹਾਂ ਡਰਦੇ ਮਾਰਿਆਂ ਨੇ ਆਲ਼ੇ-ਦੁਆਲਿਓਂ ਮਲ਼ੇ ਦੇ ਝਾਫੇ ਇਕੱਠੇ ਕਰਕੇ ਅੱਗ ਬਾਲ ਲਈ ਤੇ ਬਾਕੀਆਂ ਦੀ ਜਾਨਾਂ ਬਚਾਉਣ ਖਾਤਰ ਉਹ ਨਿੱਕੀ ਜਿਹੀ ਬੱਚੀ ਮੱਚਦੀ ਅੱਗ ਵਿੱਚ ਸੁੱਟ ਦਿੱਤੀ। ਕਿਹੋ ਜਿਹੇ ਵਖ਼ਤਾਂ ਦੀ ਮਾਰ ਸਹਿਣੀ ਪਈ ਰੱਬ ਦੇ ਜਾਇਆਂ ਨੂੰ। ਦਿਲ ’ਤੇ ਪੱਥਰ ਰੱਖ ਕੇ ਮਾਂ ਤੜਕੇ ਤੱਕ ਪੱਥਰ ਬਣੀ ਡਿੱਗੀ ਰਹੀ। ਅੰਮ੍ਰਿਤ ਵੇਲੇ ਮੁਕੰਦ ਸਿੰਹੁ ਆਪਣੇ ਯਾਰ ਹਿਆਮਤ ਅਲੀ ਨੂੰ ਯਾਦ ਕਰ ਕਰ ਕੇ ਧਾਹਾਂ ਮਾਰਨ ਲੱਗਿਆ ਤਾਂ ਦੂਜੇ ਬੰਨੇ ਬੈਠੀ ਇੱਕ ਕੁੜੀ ਨੇ ਅੱਖਾਂ ਉੱਪਰ ਚੱਕੀਆਂ। ਉਸ ਨੂੰ ਕੁਝ ਯਾਦ ਆਉਣ ਲੱਗਿਆ। ਉਹ ਇਕਦਮ ਭਮੱਤਰ ਗਈ ਕਿ ਏਧਰ ਉਸ ਦੇ ਭਰਾ ਨੂੰ ਯਾਦ ਕਰਨ ਵਾਲਾ ਕੌਣ ਹੋ ਸਕਦਾ ਭਲਾ?? ਉਹ ਡਰ ਤੇ ਗ਼ਮ ਭੁੱਲ ਭੁਲਾ ਕੇ ਦੌੜਦੀ ਹੋਈ ਨਹਿਰ ਦੇ ਪੁਲ ’ਤੇ ਆ ਗਈ। ਮੁਕੰਦ ਸਿੰਹੁ ਨੂੰ ਪਛਾਣ ਕੇ ‘‘ਮੁਕੰਦ ਵੀਰਿਆ...’’ ਕਹਿ ਚੀਕਣ ਲੱਗੀ ਤਾਂ ਮੁਕੰਦ ਸਿੰਹੁ ਵੀ ਹੈਰਾਨ ਪ੍ਰੇਸ਼ਾਨ ਹੋਇਆ ਨਹਿਰ ਦੇ ਪੁਲ ਵੱਲ ਨੂੰ ਹੋ ਦੌੜਿਆ। ਉਸ ਦੇ ਸਾਹਮਣੇ ਧਰਮ ਦੀ ਭੈਣ ਸਲਮਾ ਖਲੋਤੀ ਸੀ। ਹਿਆਮਤ ਅਲੀ ਦੀ ਵੱਡੀ ਭੈਣ ਸਲਮਾ ਇੱਧਰ ਭੈਣੀ ਨੇਕੇ ਤੇਲੀ ਨੂੰ ਵਿਆਹੀ ਹੋਈ ਸੀ। ਮੁਕੰਦ ਸਿੰਹੁ ਧਾਹਾਂ ਮਾਰਦਾ ਸਲਮਾ ਭੈਣ ਵੱਲ ਗਿਆ ਤਾਂ ਨਹਿਰ ਦੇ ਖੌਰੂ ਪਾਉਂਦੇ ਪਾਣੀ ਵਾਂਗ ਅੱਖਾਂ ਨੇ ਵੀ ਹੰਝੂਆਂ ਦੀ ਝੜੀ ਲਾ ਲਈ। ਬੜਾ ਚਿਰ ਇੱਕ ਦੂਜੇ ਦੇ ਗਲ਼ ਲੱਗ ਭੁੱਬਾਂ ਮਾਰ-ਮਾਰ ਰੋਏ। ਸਭ ਆਪੋ-ਆਪਣੇ ਰੱਬ ਨੂੰ ਉਲਾਂਭੇ ਦੇਣ। ਸਲਮਾ ਨੇ ਰੁਲਦੂ ਤੇ ਪ੍ਰਸਿੰਨੀ ਬਾਰੇ ਪੁੱਛਿਆ ਤਾਂ ਸਭ ਧਾਹਾਂ ਮਾਰ ਰੋਏ, ਪਰ ਮੁਕੰਦ ਤੇ ਉਸ ਦੇ ਟੱਬਰ ਨੇ ਬਸ਼ੀਰ ਬਾਰੇ ਨਾ ਦੱਸਿਆ। ਪਤਾ ਨਹੀਂ ਕਿਵੇਂ ਢਿੱਡ ਨੂੰ ਮਰੋੜ ਦੇ ਕੇ ਐਡਾ ਦੁੱਖ ਅੰਦਰੇ ਹੀ ਦੱਬੀ ਰੱਖਿਆ। ਉਸ ਨੂੰ ਵੀ ਪਤਾ ਸੀ ਕਿ ਹਾਲੇ ਤਾਂ ਉਨ੍ਹਾਂ ਪਤਾ ਨਹੀਂ ਕਿੱਥੇ ਕਿੱਥੇ ਡਿੱਗਣਾ ਢਹਿਣਾ ਉੱਥੇ ਤੱਕ ਜਾਣ ਲਈ।
ਨੇਕੇ ਦੀ ਜਾਣ ਪਛਾਣ ਵਾਲੇ ਪਿੰਡ ਦੇ ਸਿੱਖ ਭਰਾ ਨਹਿਰ ਵੱਲ ਨੂੰ ਆਉਂਦੇ ਦਿਸੇ। ਉਂਝ ਨੇਕੇ ਦੇ ਪਿੰਡ ਦਿਆਂ ਨੇ ਕਿਸੇ ਵੀ ਮੁਸਲਮਾਨ ਨਾਲ ਜ਼ਿਆਦਤੀ ਨਹੀਂ ਸੀ ਕੀਤੀ। ਪਿੰਡ ਦੇ ਸਰਦਾਰਾਂ ਨੂੰ ਵੇਖ ਕੇ ਨੇਕੇ ਨੂੰ ਵੀ ਹੌਸਲਾ ਜਿਹਾ ਹੋ ਗਿਆ। ਉਨ੍ਹਾਂ ਨੇ ਪਹਿਲਾਂ ਨਹਿਰ ਦੇ ਨਾਲ ਲੱਗਦੇ ਤਾਰੇ ਬਾਰੇ ਕੇ ਖੇਤੋਂ ਛੱਲੀਆਂ ਤੋੜ ਭੁੰਨ ਭੁੰਨ ਖਵਾਈਆਂ। ਫਿਰ ਉਨ੍ਹਾਂ ਨੂੰ ਉੱਥੋਂ ਹਿਫ਼ਾਜ਼ਤ ਨਾਲ ਮਾਲੇਰਕੋਟਲੇ ਛੱਡਣ ਲਈ ਤਿਆਰ ਹੋ ਗਏ। ਜਾਂਦੀ ਹੋਈ ਸਲਮਾ ਮੁਕੰਦ ਨੂੰ ਕਹਿ ਗਈ, ‘‘ਚੰਗਾ ਵੀਰ ਮੁਕੰਦਿਆ, ਹੁਣ ਸਾਡੇ ਘਰ ਦੇ ਬੂਹੇ ਤੂੰ ਹੀ ਖੁੱਲ੍ਹੇ ਰੱਖੀਂ। ਕੀ ਪਤਾ ਸਾੜ ਫੂਕ ਹੀ ਨਾ ਦਿੱਤਾ ਹੋਵੇ। ਜੇ ਜਿਊਂਦੇ ਰਹੇ ਤਾਂ ਮਿਲਾਂਗੇ।’’ ਇਹ ਸੁਣ ਮੁਕੰਦ ਤੇ ਨਿਹਾਲੋ ਦੀਆਂ ਅੱਖਾਂ ਵੀ ਭਰ ਆਈਆਂ। ਮੁਕੰਦ ਧਾਹਾਂ ਮਾਰਦਾ ਰੋਵੇ ਤੇ ਨਾਲੇ ਸਲਮਾ ਨੂੰ ਧਰਵਾਸਾ ਦੇਵੇ।
‘‘ਚੰਗਾ ਮੇਰੀਏ ਧਰਮ ਦੀਏ ਭੈਣੇ... ਤੂੰ ਵੀ ਮੇਰੇ ਘਰ ਦਾ ਵਿਹੜਾ ਸੰਭਾਲ ਲਵੀਂ ਜਾ ਕੇ। ਕਦੇ ਦਿਨ ਫਿਰੇ, ਕਦੇ ਮੁਲਖ ’ਕੱਠਾ ਹੋਇਆ ਤਾਂ ਮਿਲਾਂਗੇ ਜ਼ਰੂਰ। ਅਲੀ ਭਾਈ ਨੂੰ ਕਹੀਂ ਤੇਰਾ ਮੁਕੰਦਾ ਹਾਲੇ ਮਰਿਆ ਨਹੀਂ... ਉਹ ਤੈਨੂੰ ਓਧਰ ਉਡੀਕਦਾ ਏ... ਤੈਨੂੰ ਮਿਲੇ ਬਿਨਾਂ ਉਹਨੇ ਮਰਨਾ ਨਹੀਂ।’’ ਨਾਲੇ ਦੇਸ਼ ਦੇ ਘੜੰਮ ਚੌਧਰੀਆਂ ਨੂੰ ਦੰਦ ਪੀਹ ਪੀਹ ਗਾਲ੍ਹਾਂ ਕੱਢਦਾ ਕਿ ਕਿਵੇਂ ਇਨ੍ਹਾਂ ਨੇ ਕੁਰਸੀਆਂ ਖਾਤਰ ਭਾਈਆਂ ਹੱਥੋਂ ਭਾਈ ਮਰਵਾ ਦਿੱਤੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਘਰ ਫੂਕੇ ਗਏ। ਪੰਜਾਬ ਦੀ ਧਰਤੀ ਦਾ ਕਾਲਜਾ ਚੀਰ ਛੱਡਿਆ। ਇਸ ਲਹੂ ਲੁਹਾਣ ਕੀਤੀ ਧਰਤੀ ’ਤੇ ਕਿਹੜੀ ਆਜ਼ਾਦੀ ਕਿਹੜੀ ਆਈ ਹੈ? ਵੱਡਿਆਂ ਸਿਆਣਿਆਂ ਨੇ ਕਿੰਨੀ ਅੰਨ੍ਹੀ ਲੁੱਟ ਮਚਾਈ ਐ। ਕਿਸੇ ਜੁਆਕ ਨੇ ਤਾਂ ਅੱਗ ਨਹੀਂ ਲਾਈ। ਇੰਨਾ ਕਹਿੰਦਾ ਫਿਰ ਡੁਸਕਣ ਲੱਗ ਪਿਆ। ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ। ਫਿਰ ਨੇਜ਼ੇ ਵਾਲੇ ਲੰਮੇ ਕੱਦ ਦੇ ਸਿੰਘ ਨੇ ਕਿਹਾ, ‘‘ਚਲੋ ਭਾਈ ਹੁਣ ਦੇਰ ਨਾ ਕਰੋ, ਕਿਤੇ ਫਿਰ ਕੋਈ ਮੁਸੀਬਤ ਖੜ੍ਹੀ ਹੋਵੇ, ਹੁਣ ਆਪਾਂ ਚੱਲਦੇ ਆਂ।’’
ਮੁਕੰਦਾ ਤੇ ਨਿਹਾਲੋ ਕਿੰਨਾ ਚਿਰ ਉਨ੍ਹਾਂ ਨੂੰ ਪਿੱਛੋਂ ਤੱਕਦੇ ਰਹੇ ਜਦ ਤੱਕ ਉਹ ਅੱਖਾਂ ਤੋਂ ਓਹਲੇ ਨਾ ਹੋ ਗਏ। ਓਦਣ ਦੇ ਅੱਖਾਂ ਤੋਂ ਓਹਲੇ ਕੀ ਹੋਏ, ਉਹ ਹੁਣ ਤੱਕ ਨਜ਼ਰੀਂ ਨਾ ਪਏ। ਖ਼ੌਰੇ ਜਿਊਂਦੇ ਵੀ ਹਨ ਕਿ ਨਹੀਂ। ਕਿੱਥੇ ਵੱਸਦੇ ਨੇ... ਕਿਹੜੇ ਹਾਲੀਂ ਵੱਸਦੇ ਨੇ ਕੁਝ ਵੀ ਪਤਾ ਨਹੀਂ। ਮੁਕੰਦਾ ਹਰ ਰੋਜ਼ ਆਥਣ ਤੜਕੇ ਉੱਠਦਾ ਬਹਿੰਦਾ ਉਨ੍ਹਾਂ ਨੂੰ ਯਾਦ ਕਰਦਾ। ਰੋਜ਼ ਇੱਕੋ ਅਰਦਾਸ ਕਰਦਾ ਕਿ ਕਦੇ ਤਾਂ ਆਣ ਕੇ ਮਿਲ ਜਾਵੇ ਕੋਈ। ਮੁਕੰਦਾ ਸੱਚ ਹੀ ਤਾਂ ਕਹਿੰਦਾ ਸੀ ਕਿ ਮੈਨੂੰ ਮੌਤ ਨਹੀਂ ਆਉਣੀ ਹਿਆਮਤ ਤੈਨੂੰ ਮਿਲੇ ਬਿਨਾਂ। ਪੋਤਿਆਂ ਪੜਪੋਤਿਆਂ ਵਾਲਾ ਹੋ ਗਿਆ, ਪਰ ਹਾਲੇ ਵੀ ਖੌਰੇ ਉਨ੍ਹਾਂ ਨੂੰ ਹੀ ਉਡੀਕਦਾ ਰਹਿੰਦਾ ਮੰਜੇ ’ਤੇ ਪਿਆ। ਉਹ ਤਾਂ ਮੁੱਦਤਾਂ ਦੇ ਅੱਖੀਆਂ ਤੋਂ ਓਹਲੇ ਹੋ ਕੇ ਦੂਰ ਪਰਾਏ ਦੇਸ਼ ਚਲੇ ਗਏ ਸਨ। ਰੋਜ਼ ਸੂਰਜ ਦੀ ਟਿੱਕੀ ਨਿਕਲਦੀ ਤਾਂ ਪੰਛੀਆਂ ਜਨੌਰਾਂ ਨੂੰ ਪੁੱਛਦਾ ਰਹਿੰਦਾ ਕਿ ਮੇਰੇ ਯਾਰ ਅਲੀ ਦਾ ਕੋਈ ਸੁਨੇਹਾ ਈ ਲੈ ਆਵੋ। ਵਗਦੀਆਂ ਹਵਾਵਾਂ ਨਾਲ ਇਕੱਲਾ ਹੀ ਗੱਲਾਂ ਕਰੀ ਜਾਂਦਾ, ‘‘ਐ ਮੇਰੇ ਯਾਰ, ਅਲੀ ਦੇ ਦੇਸ਼ ਦੀਏ ਹਵਾਏ ਕੋਈ ਤਾਂ ਮੇਰੀ ਧੀ ਜੈਨਬ ਦਾ ਬੋਲ ਸੁਣਾ ਦਿਓ। ਕਿੰਝ ਹਾਲੀਂ ਉਹ ਵੱਸਦੇ ਨੇ ਕੋਈ ਚਮਕਦਾ ਚੰਦ ਤਾਰਾ ਹੀ ਦੱਸ ਜਾਵੇ। ਕੋਈ ਮੋੜ ਲਿਆਵੋ ਸਰਹੱਦੋਂ ਪਾਰ ਗਿਆਂ ਨੂੰ,’’ ਪਰ ਸਭ ਕੁਝ ਖ਼ਾਮੋਸ਼ ਹੈ। ਉਸ ਦੀਆਂ ਅੱਖਾਂ ਫਿਰ ਭਰ ਆਈਆਂ। ਪਰ ਹਿਆਮਤ ਅਲੀ ਦਾ ਕੋਈ ਸੁੱਖ ਸੁਨੇਹੜਾ ਨਾ ਬਹੁੜਿਆ।
ਵੰਡ ਵੇਲੇ ਦਾ ਕੌੜਾ ਜ਼ਹਿਰ ਹਾਲੇ ਵੀ ਹੱਡਾਂ ਵਿੱਚ ਘੁਲਦਾ ਤੇ ਦੇਹ ਨੂੰ ਖੋਰਦਾ ਰਹਿੰਦਾ ਹੈ। ਬਾਬਾ ਫਿਰ ਤੋਂ ਆਸ ਲਗਾ ਕੇ ਪੈ ਗਿਆ ਕਿ ਉਹ ਆਉਣਗੇ ਜ਼ਰੂਰ! ਇੱਕ ਦਿਨ ਆਉਣਗੇ ਜ਼ਰੂਰ!! ਉਹ ਪਰਤਣਗੇ ਵਤਨੀਂ ਇੱਕ ਦਿਨ ਜ਼ਰੂਰ!
ਸੰਪਰਕ: 92110-10008

Advertisement

Advertisement
Advertisement