ਬਹਬਿਲ-ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਮੁੁਲਤਵੀ
ਜਸਵੰਤ ਜੱਸ
ਫਰੀਦਕੋਟ, 29 ਜਨਵਰੀ
ਇੱਥੇ ਅੱਜ ਸਪੈਸ਼ਲ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਕੋਟਕਪੂਰਾ ਅਤੇ ਬਹਬਿਲ ਗੋਲੀਕਾਂਡ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸੁਖਮਿੰਦਰ ਸਿੰਘ ਮਾਨ ਅਤੇ ਬਾਕੀ ਮੁਲਜ਼ਮ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਸੁਖਬੀਰ ਬਾਦਲ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਆਰਐੱਸ ਚੀਮਾ ਨੇ ਕਿਹਾ ਕਿ ਘਟਨਾ ਵੇਲੇ ਸੁਖਬੀਰ ਬਾਦਲ ਕੋਟਕਪੂਰਾ ਜਾਂ ਬਹਬਿਲ ਵਿੱਚ ਮੌਜੂਦ ਨਹੀਂ ਸਨ ਇਸ ਲਈ ਉਹ ਉਨ੍ਹਾਂ ਨੂੰ ਮਾਮਲੇ ਵਿੱਚੋਂ ਡਿਸਚਾਰਜ ਕਰਨ ਦੀ ਮੰਗ ਕਰਦੇ ਹਨ। ਇਸ ਮਾਮਲੇ ’ਤੇ ਅਦਾਲਤ ਹੁਣ ਅਗਲੀ ਸੁਣਵਾਈ 5 ਫਰਵਰੀ ਨੂੰ ਕਰੇਗੀ। ਆਪਣੇ ਐਲਾਨ ਮੁਤਾਬਕ ਸਾਬਕਾ ਜਾਂਚ ਅਧਿਕਾਰੀ ਅਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਅੱਜ ਫਰੀਦਕੋਟ ਵਿੱਚ ਮੌਜੂਦ ਸਨ ਪ੍ਰੰਤੂ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਕੋਟਕਪੂਰਾ ਤੇ ਬਹਬਿਲ ਗੋਲੀ ਕਾਂਡ ਦੇ ਕੁੱਝ ਗਵਾਹ ਮੁਲਜ਼ਮਾਂ ਨਾਲ ਕਥਿਤ ਤੌਰ ’ਤੇ ਮਿਲ ਗਏ ਹਨ। ਉਨ੍ਹਾਂ ਆਪਣੀ ਹੀ ਸਰਕਾਰ ’ਤੇ ਕੋਟਕਪੂਰਾ ਤੇ ਬਹਬਿਲ ਗੋਲੀ ਕਾਂਡ ਨੂੰ ਅਣਗੌਲਿਆ ਕਰਨ ਦਾ ਦੋਸ਼ ਵੀ ਲਾਇਆ। ਅੱਜ ਇਨ੍ਹਾਂ ਮਾਮਲਿਆਂ ਦੀ ਸੁਣਾਈ ਦੌਰਾਨ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਵੀ ਅਦਾਲਤ ਦੇ ਬਾਹਰ ਮੌਜੂਦ ਸਨ। ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੂੰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਬੁਲਾਇਆ ਗਿਆ ਸੀ ਅਤੇ ਜਦੋਂ ਉਨ੍ਹਾਂ ਪ੍ਰੈੱਸ ਕਾਨਫਰੰਸ ਕੀਤੀ ਤਾਂ ਇਹ ਆਗੂ ਵੀ ਵਿਧਾਇਕ ਨਾਲ ਮੌਜੂਦ ਸਨ।