ਬੇਗੋਵਾਲ ਅਤੇ ਰਾਮਪੁਰ ਵਾਸੀਆਂ ਵੱਲੋਂ ਬਿਜਲੀ ਦਫ਼ਤਰ ਦਾ ਘਿਰਾਓ
ਪੱਤਰ ਪ੍ਰੇਰਕ
ਦੋਰਾਹਾ, 4 ਅਗਸਤ
ਇਥੋਂ ਦੇ ਬਿਜਲੀ ਦਫ਼ਤਰ ਅੱਗੇ ਪਿੰਡ ਬੇਗੋਵਾਲ ਤੇ ਰਾਮਪੁਰ ਦੇ ਵਸਨੀਕਾਂ ਵੱਲੋਂ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਰੀਬ 4 ਘੰਟੇ ਤੱਕ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਵਿਚ ਔਰਤਾਂ ਤੇ ਮਰਦਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਦੀ ਅਗਵਾਈ ਕਰ ਰਹੀ ਮਹਿਲਾ ਕਾਂਗਰਸੀ ਆਗੂ ਦੀਪੀ ਮਾਂਗਟ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ, ਉਨ੍ਹਾਂ ਦੇ ਪਿੰਡ ਵਿੱਚ ਪੁਰਾਣੇ ਬਿਜਲੀ ਦੇ ਮੀਟਰ ਬਦਲ ਕੇ ਨਵੇਂ ਚਿੱਪ ਵਾਲੇ ਮੀਟਰ ਲਾਏ ਗਏ ਹਨ, ਜਦੋਂ ਕਰਮਚਾਰੀਆਂ ਦਾ ਮੀਟਰ ਲਾਉਣ ’ਤੇ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ’ਚੋਂ ਕੁਝ ਕਰਮਚਾਰੀਆਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦੇ ਰੋਸ ਵਜੋਂ ਪਿੰਡ ਰਾਮਪੁਰ ਤੇ ਬੇਗੋਵਾਲ ਦੇ ਵਸਨੀਕਾਂ ਵੱਲੋਂ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਲਾਏ ਮੀਟਰ ਨਾ ਬਦਲੇ ਗਏ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਰੋਡ ਵੀ ਜਾਮ ਕੀਤੇ ਜਾਣਗੇ।