ਖੁੱਡੀਆਂ ਵੱਲੋਂ ਪਸ਼ੂਧਨ ਗਣਨਾ ਦਾ ਆਗ਼ਾਜ਼
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ , 23 ਨਵੰਬਰ
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਸੂਬੇ ਵਿੱਚ 21ਵੀਂ ਪਸ਼ੂਧਨ ਗਣਨਾ ਦੀ ਸ਼ੁਰੂਆਤ ਕੀਤੀ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਇਸ ਗਣਨਾ ਦੌਰਾਨ ਕੁੱਲ 16 ਵੱਖ-ਵੱਖ ਨਸਲਾਂ ਦੇ ਪਸ਼ੂਆਂ ਦੀ ਗਿਣਤੀ ਕੀਤੀ ਜਾਵੇਗੀ। ਪਹਿਲੀ ਵਾਰ ਗਣਨਾ ਵਿੱਚ ਪਸ਼ੂ ਪਾਲਣ ਕਿੱਤੇ ਵਿੱਚ ਔਰਤਾਂ ਦੀ ਭੂਮਿਕਾ ਵੀ ਦਰਜ ਕੀਤੀ ਜਾਵੇਗੀ। 2019 ਤੋਂ ਬਾਅਦ ਦੂਜੀ ਵਾਰ ਇਹ ਗਣਨਾ ਡਿਜੀਟਲ ਰੂਪ ਵਿੱਚ ਕਰਵਾਈ ਜਾਵੇਗੀ, ਜਿਸ ਵਿੱਚ ਪਸ਼ੂਧਨ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਸਮੇਤ ਡਾਟਾ ਇਕੱਠਾ ਕਰਨ ਲਈ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਆਪਕ ਖੇਤਰੀ ਸਰਵੇਖਣ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਇੱਕ ਰਾਜ ਪੱਧਰੀ ਨੋਡਲ ਅਫ਼ਸਰ, 5 ਜ਼ੋਨਲ ਨੋਡਲ ਅਫ਼ਸਰ, 23 ਜ਼ਿਲ੍ਹਾ ਨੋਡਲ ਅਫ਼ਸਰ, 392 ਸੁਪਰਵਾਈਜ਼ਰ ਅਤੇ 1962 ਗਿਣਤੀਕਾਰ ਤਾਇਨਾਤ ਕੀਤੇ ਗਏ ਹਨ। ਇਹ ਗਣਨਾ ਫ਼ਰਵਰੀ 2025 ਤੱਕ ਪੂਰੀ ਹੋਣ ਦੀ ਉਮੀਦ ਹੈ।