ਕਲਾ ਕਿਰਤੀ ਭਵਨ ਵਿੱਚ ਬਸੰਤ ਉਤਸਵ ਦਾ ਆਗਾਜ਼
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਫਰਵਰੀ
ਕਲਾ ਕਿਰਤੀ ਭਵਨ ਕੁਰੂਕਸ਼ੇਤਰ ਵਿੱਚ ਅੱਠ ਰੋਜ਼ਾ ਬਸੰਤ ਉਤਸਵ ਆਗਾਜ਼ ਅੱਜ ਹੋ ਗਿਆ ਹੈ। ਇਹ ਉਤਸਵ ਹਰਿਆਣਾ ਕਲਾ ਪ੍ਰੀਸ਼ਦ ਵੱਲੋਂ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਪਹਿਲੇ ਦਿਨ ਸਮਾਗਮ ਵਿੱਚ ਹਰਿਆਣਾ ਤੇ ਪੰਜਾਬ ਦੇ ਕਲਾਕਾਰਾਂ ਨੇ ਆਪਣੇ ਸੂਬੇ ਦੇ ਲੋਕ ਰੰਗ ਪੇਸ਼ ਕੀਤੇ। ਬਸੰਤ ਉਤਸਵ ਦੀ ਸ਼ੁਰੂਆਤ ਡਾ. ਜਤਿੰਦਰ ਸ਼ਰਮਾ ਤੇ ਡਾਇਰੈਕਟਰ ਨਗਿੰਦਰ ਸ਼ਰਮਾ ਨੇ ਦੀਪ ਜਗਾ ਕੇ ਕੀਤੀ।
ਨਾਗਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਸਭ ਨੂੰ ਬਸੰਤ ਰੁੱਤ ਦੀ ਆਮਦ ਦੀ ਵਧਾਈ ਦਿੱਤੀ ਤੇ ਉਤਸਵ ਦੀ ਰੂਪ-ਰੇਖਾ ਸਾਂਝੀ ਕੀਤੀ।
ਇਸ ਦੌਰਾਨ ਦੀਨ ਦਿਆਲ ਉਪਧਿਆਏ ਸਟੱਡੀ ਸੈਂਟਰ ਦੇ ਡਿਪਟੀ ਡਾਇਰੈਕਟਰ ਸੀ.ਪੀ ਜਤਿੰਦਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਲਾਕਾਰ ਹਮੇਸ਼ਾ ਆਪਣੇ ਹੁਨਰ ਨਾਲ ਆਪਣੇ ਸੂਬੇ ਦੇ ਸੱਭਿਆਚਾਰ ਨੂੰ ਪੇਸ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨਾ ਸਿਰਫ ਕਿਸੇ ਸੂਬੇ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ, ਸਗੋਂ ਉਸ ਸੂਬੇ ਦੇ ਸਮਾਜਿਕ ਮਾਹੌਲ ਦੀ ਝਲਕ ਵੀ ਦਿੰਦੀਆਂ ਹਨ। ਪ੍ਰੋਗਰਾਮ ਦੀ ਪਹਿਲੀ ਪੇਸ਼ਕਾਰੀ ਕੱਥਕ ਨਾਚ ਸੀ, ਜਿਸ ਵਿਚ ਕੁਰੂਕਸ਼ੇਤਰ ਤੋਂ ਡਾ. ਅਮਰਜੀਤ ਕੌਰ ਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਸ਼ਿਵਸਤੂਤੀ ਰੁਦਰਾਸ਼ਟਕਮ ਪੇਸ਼ ਕਰ ਦਰਸ਼ਕਾਂ ਦਾ ਮਨ ਮੋਹਿਆ।
ਰੋਹਤਕ ਤੋਂ ਆਏ ਸ਼ੀਸ਼ਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਬਮ ਲਹਿਰੀ ਨਾਚ, ਪੰਜਾਬ ਦੇ ਪਟਿਆਲਾ ਤੋਂ ਆਏ ਰਵੀ ਕੁੰਨਰ ਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਹੀਰ ਦੀ ਕਲੀ ਗੀਤ ਗਾ ਕੇ ਪੰਜਾਬ ਦੀ ਮਹਿਕ ਨੂੰ ਲੋਕਾਂ ਤੱਕ ਪਹੁੰਚਾਇਆ। ਹਰਿਆਣਵੀ ਪਹਿਰਾਵੇ ਵਿਚ ਕਲਾਕਾਰਾਂ ਨੇ ਘੁਮਾਰ ਨਾਚ ਨਾਲ ਸਭ ਦਾ ਮਨੋਰੰਜਨ ਕੀਤਾ।
ਪੰਜਾਬ ਦਾ ਜਿੰਦੂਆ ਲੋਕਾਂ ਨੂੰ ਮੋਹਣ ਵਿਚ ਸਫਲ ਰਿਹਾ। ਇਸ ਤੋਂ ਇਲਾਵਾ ਕੱਥਕ ਨਾਚ ਵਿਚ ਵਰਸ਼ ਮੰਗਲ ਤੇ ਹਰਿਆਣਵੀ ਨਾਚ ਵਿਚ ਸਾਵਨ ਨਾਚ ਵੀ ਸਫਲ ਰਹੇ। ਲੋਕ ਗਾਇਕਾ ਪੂਨਮ ਰਾਣੀ ਨੇ ਗਾਇਕੀ ਵਿਚ ਹਰਿਆਣਵੀ ਸੱਭਿਆਚਾਰ ਦੀ ਝਲਕ ਪਾਈ। ਆਖਰੀ ਪੇਸ਼ਕਾਰੀ ਭੰਗੜਾ ਸੀ ਜਿਸ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪਹਿਲੇ ਦਿਨ ਦੀ ਸਮਾਪਤ ਮੌਕੇ ਮੁੱਖ ਮਹਿਮਾਨ ਡਾ. ਜਤਿੰਦਰ ਨੇ ਸਾਰੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।