ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਡਨ ਵਿਚ ਮੰਗਤੇ

10:04 AM Aug 19, 2020 IST

ਹਰਜੀਤ ਅਟਵਾਲ

Advertisement

ਜੀ ਹਾਂ, ਲੰਡਨ ਵਿਚ ਬਹੁਤ ਮੰਗਤੇ ਹਨ। ਇਕ ਅੰਦਾਜ਼ੇ ਮੁਤਾਬਕ ਦਸ ਹਜ਼ਾਰ ਤੋਂ ਉੱਪਰ ਮੰਗਤੇ ਲੰਡਨ ਵਿਚ ਸਰਗਰਮ ਹਨ। ਇਸ ਵਿਕਸਤ ਦੇਸ਼ ਦੀ ਸਰਕਾਰ ਵੱਲੋਂ ਰੋਟੀ, ਕੱਪੜਾ ਅਤੇ ਮਕਾਨ ਦੇ ਪ੍ਰਬੰਧ ਹੋਣ ਦੇ ਬਾਵਜੂਦ ਮੰਗਤਿਆਂ ਦੀ ਭਰਮਾਰ ਹੈ। ਉਂਜ ਇੰਗਲੈਂਡ ਵਿਚ ਭੀਖ ਮੰਗਣਾ ਇਕ ਅਪਰਾਧ ਹੈ, ਫਿਰ ਵੀ ਲੋਕ ਇਹ ਅਪਰਾਧ ਕਰਦੇ ਹਨ। ਜਿਵੇਂ ਭਾਰਤ ਵਿਚ ਜਬਰਦਸਤੀ ਅਪਾਹਜ ਕੀਤੇ ਜਾਂ ਹੋਏ ਲੋਕ ਮੋੜਾਂ ’ਤੇ ਖੜ੍ਹੇ ਮਿਲਦੇ ਹਨ ਇੱਥੇ ਹਾਲਤ ਏਨੀ ਬੁਰੀ ਨਹੀਂ ਹੈ, ਪਰ ਫਿਰ ਵੀ ਭਿਖਾਰੀ ਹਨ ਤੇ ਕੁਝ ਲੋਕਾਂ ਨੂੰ ਸ਼ਾਇਦ ਹੈਰਾਨੀ ਵੀ ਹੋਵੇ ਕਿ ਇਨ੍ਹਾਂ ਵਿਚ ਪੰਜਾਬੀ ਭਿਖਾਰੀ ਵੀ ਹਨ। ਭਾਵੇਂ ਇਹ ਗਿਣਤੀ ਬਹੁਤ ਥੋੜ੍ਹੀ ਹੈ, ਪਰ ਕੁਝ ਕੁ ਪੰਜਾਬੀ ਲੋਕ ਵੀ ਮੰਗਣ ਦੇ ਰਾਹ ਤੁਰ ਪਏ ਹਨ। ਜਦੋਂ ਇਹ ਕੇਂਦਰੀ ਲੰਡਨ ਵਿਚ ਮੰਗਦੇ ਹਨ ਤਾਂ ਇਨ੍ਹਾਂ ਬਾਰੇ ਬਹੁਤਾ ਪਤਾ ਨਹੀਂ ਚੱਲਦਾ, ਪਰ ਜਦੋਂ ਕੋਈ ਪੰਜਾਬੀ ਵਿਚ ਆ ਕੇ ਮੰਗੇ ਤਾਂ ਤੁਸੀਂ ਹੈਰਾਨ ਹੋਵੋਗੇ ਹੀ।

Advertisement

ਹਰ ਮੰਗਤੇ ਦੇ ਭੀਖ ਮੰਗਣ ਦੇ ਵੱਖ ਵੱਖ ਕਾਰਨ ਹੋ ਸਕਦੇ ਹਨ। ਕਿਸੇ ਦੀ ਮੰਗਣਾ ਕੋਈ ਮਜਬੂਰੀ ਵੀ ਹੋ ਸਕਦੀ ਹੈ। ਬਹੁਤੀ ਵਾਰ ਭੀਖ ਮੰਗਣਾਂ-ਮੰਗਾਉਣਾ ਅਪਰਾਧਕ ਬਿਰਤੀ ਹੇਠ ਆਉਂਦਾ ਹੈ। ਸੁਣਿਆਂ-ਪੜ੍ਹਿਆ ਹੈ ਕਿ ਭਾਰਤ ਵਿਚ ਤਾਂ ਮੰਗਣ-ਮੰਗਾਉਣ ਦਾ ਅਰਬਾਂ-ਖਰਬਾਂ ਵਿਚ ਫੈਲਿਆ ਇਕ ਵੱਡੀ ਪੱਧਰ ਦਾ ਕਾਰੋਬਾਰ ਹੈ। ਇੰਗਲੈਂਡ ਵਿਚ ਜਦੋਂ ਤੋਂ ਪੂਰਬੀ ਯੂਰੋਪ ਤੋਂ ਲੋਕ ਇੱਥੇ ਆਉਣੇ ਸ਼ੁਰੂ ਹੋਏ ਤਾਂ ਮੰਗਣ ਵਾਲਿਆਂ ਦੀ ਗਿਣਤੀ ਵਿਚ ਇਕਦਮ ਵਾਧਾ ਦੇਖਣ ਨੂੰ ਮਿਲਿਆ। ਲੋਕ ਟਰੈਫਿਕ ਲਾਈਟਾਂ ’ਤੇ ਖੜ੍ਹ ਕੇ ਮੰਗਦੇ ਦੇਖੇ ਜਾਂਦੇ ਹਨ। ਸੈਰਗਾਹਾਂ ਤੇ ਹੋਰ ਭੀੜ ਵਾਲੀਆਂ ਥਾਵਾਂ ’ਤੇ ਪੂਰਬੀ-ਯੂਰੋਪੀਅਨ ਬੱਚੇ ਤੇ ਔਰਤਾਂ ਮੰਗ ਰਹੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਬਹੁਤੇ ਜਰਾਇਮ-ਪੇਸ਼ਾ ਲੋਕ ਹਨ। ਇਸ ਜੁਰਮ ਵਿਚ ਬਹੁਤ ਵਾਧਾ ਹੋਇਆ ਹੈ। ਸਰਕਾਰ ਇਸ ਉੱਪਰ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਫਿਰ ਵੀ ਇਹ ਮਸਲਾ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਇਨ੍ਹਾਂ ਮੰਗਤਿਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਅਖ਼ਬਾਰਾਂ ਨੂੰ ਚਿੱਠੀਆਂ ਵੀ ਲਿਖਦੇ ਹਨ। ਪੁਲੀਸ ਵੀ ਲੋਕਾਂ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਜਾਰੀ ਕਰਦੀ ਰਹਿੰਦੀ ਹੈ ਤੇ ਇਨ੍ਹਾਂ ਨੂੰ ਭੀਖ ਨਾ ਦੇਣ ਲਈ ਕਹਿੰਦੀ ਹੈ, ਪਰ ਕੁਝ ਲੋਕ ਇਨ੍ਹਾਂ ਦੀ ਹਾਲਤ ਦੇਖ ਕੇ ਪਿਘਲ ਜਾਂਦੇ ਹਨ ਤੇ ਪੈਸੇ ਦੇ ਦਿੰਦੇ ਹਨ। ਅਸਲ ਵਿਚ ਇਨ੍ਹਾਂ ਨੂੰ ਮੰਗਣਾ ਆਉਂਦਾ ਹੁੰਦਾ ਹੈ ਕਿਉਂਕਿ ਇਹ ਲੋਕ ਪੇਸ਼ੇਵਰ ਹੁੰਦੇ ਹਨ, ਪੂਰੀ ਸਿਖਲਾਈ ਲੈ ਕੇ ਆਉਂਦੇ ਹਨ।

ਲੰਡਨ ਵਿਚ ਰਵਾਇਤੀ ਮੰਗਣ ਦਾ ਤਰੀਕਾ ਗਾ ਕੇ ਜਾਂ ਕੋਈ ਸਾਜ਼ ਵਜਾ ਕੇ ਹੈ। ਸੈਰਗਾਹਾਂ ਤੇ ਬੀਚਾਂ ਆਦਿ ’ਤੇ ਲੋਕ ਆਪਣੇ ਆਪ ਨੂੰ ਬੁੱਤਾਂ ਵਾਂਗ ਸਜਾ ਕੇ ਜਾਂ ਕਲਾ ਦਾ ਕੋਈ ਹੋਰ ਜੌਹਰ ਦਿਖਾ ਕੇ ਪੈਸੇ ਇਕੱਠੇ ਕਰਦੇ ਹਨ। ਅੰਡਰਗਰਾਊਂਡ ਸਟੇਸ਼ਨਾਂ ਵਿਚ ਲੋਕ ਗਾ ਕੇ ਜਾਂ ਕੋਈ ਸਾਜ਼ ਵਜਾ ਕੇ ਪੈਸੇ ਇਕੱਠੇ ਕਰਦੇ ਹਨ। ਕੇਂਦਰੀ ਲੰਡਨ ਦੇ ਟਰਾਫਾਲਗਰ ਸਕੁਏਅਰ ਵਿਚ ਇਵੇਂ ਗਿਟਾਰ ਵਜਾ ਕੇ, ਗਾ ਕੇ ਮੰਗਣ ਵਾਲਿਆਂ ਵਿਚੋਂ ਬਹੁਤ ਸਾਰੇ ਯੂ-ਟਿਊਬ ਉੱਪਰ ਵੀ ਹਨ। ਪੈਸੇ ਇਕੱਠੇ ਕਰਨ ਲਈ ਇਨ੍ਹਾਂ ਨੇ ਆਪਣੀ ਗਿਟਾਰ ਵਾਲਾ ਬੌਕਸ ਰੱਖਿਆ ਹੁੰਦਾ ਹੈ ਜਾਂ ਚਾਦਰ ਵੀ ਵਿਛਾਈ ਹੁੰਦੀ ਹੈ। ਮੈਂ ਇਨ੍ਹਾਂ ਨੂੰ ਮੰਗਤੇ ਨਹੀਂ ਮੰਨਦਾ, ਮੈਂ ਇਨ੍ਹਾਂ ਨੂੰ ਜੌਹਰੀ ਜਾਂ ਕਲਾਕਾਰ ਕਹਿੰਦਾ ਹਾਂ। ਇਨ੍ਹਾਂ ਜੌਹਰੀਆਂ ਵਿਚ ਬਹੁਤ ਸਾਰੇ ਭਾਰਤੀ ਵੀ ਮਿਲ ਜਾਂਦੇ ਹਨ। ਇਨ੍ਹਾਂ ਜੌਹਰੀਆਂ ਦੇ ਮੁਕਾਬਲੇ ਆਮ ਮੰਗਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ਵਿਚੋਂ ਬਹੁਤੇ ਨਕਲੀ ਮੰਗਤੇ ਹੁੰਦੇ ਹਨ। ਨਕਲੀ ਮੰਗਤੇ ਉਹ ਜਿਨ੍ਹਾਂ ਨੂੰ ਮੰਗਣ ਦੀ ਲੋੜ ਨਹੀਂ ਹੁੰਦੀ, ਮੰਗਣਾ ਉਨ੍ਹਾਂ ਦੀ ਮਜਬੂਰੀ ਨਹੀਂ ਹੁੰਦਾ ਬਲਕਿ ਮਕਰਪਨ ਹੁੰਦਾ ਹੈ। ਉਹ ਨਕਲੀ ਲੰਗੇ ਜਾਂ ਟੁੰਡੇ ਬਣ ਕੇ ਲੋਕਾਂ ਦੀ ਹਮਦਰਦੀ ਜਿੱਤਦੇ ਹਨ। ਇਕ ਚੈਨਲ ਨੇ ਇਕ ਰੁਮਾਨੀਅਨ ਔਰਤ ਦੇ ਮਗਰ ਲੱਗ ਕੇ ਇਕ ਵੀਡੀਓ ਬਣਾਈ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਔਰਤ ਹੈ, ਪਰ ਲੱਤਾਂ ਤੋਂ ਅਪਾਹਜ ਹੋਣ ਦਾ ਡਰਾਮਾ ਕਰਕੇ ਲੰਡਨ ਦੀਆਂ ਸੜਕਾਂ ’ਤੇ ਮੰਗਦੀ ਫਿਰਦੀ ਹੈ। ਯੂ-ਟਿਊਬ ’ਤੇ ਅਜਿਹੀਆਂ ਕਈ ਵੀਡੀਓ’ਜ਼ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਇਨ੍ਹਾਂ ਨਕਲੀ ਮੰਗਤਿਆਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਂਦਾ ਹੈ, ਪਰ ਇਹ ਲੋਕ ਫਿਰ ਵੀ ਲੋਕਾਂ ਦੀ ਹਮਦਰਦੀ ਜਿੱਤਣ ਵਿਚ ਕਾਮਯਾਬ ਹੋ ਜਾਂਦੇ ਹਨ। ਅੱਜਕੱਲ੍ਹ ਰੁਮਾਨੀਅਨ ਮੰਗਤਿਆਂ ਨੇ ਸਾਊਥਾਲ ਜਾਂ ਹੋਰ ਏਸ਼ੀਅਨ ਇਲਾਕਿਆਂ ਵੱਲ ਨੂੰ ਵਹੀਰਾਂ ਘੱਤੀਆਂ ਹੋਈਆਂ ਹਨ।

ਮੰਗਣ ਤੇ ਨਾ-ਮੰਗਣ ਵਿਚ ਇਕ ਮਹੀਨ ਜਿਹਾ ਪਰਦਾ ਹੈ। ਸ਼ਰਮ ਦਾ ਮਹੀਨ ਪਰਦਾ। ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੀ ਹਾਲਤ ਮੰਗਣ ਤਕ ਜਾ ਪੁੱਜੀ ਸੀ। ਪੰਜਾਬੀ ਦੇ ਇਕ ਲੇਖਕ ਨੇ ਲਿਖਿਆ ਹੈ ਕਿ ਪਾਕਿਸਤਾਨ ਤੋਂ ਆ ਕੇ ਉਹ ਤੇ ਉਸ ਦਾ ਪਰਿਵਾਰ ਜਦੋਂ ਦਿੱਲੀ ਪੁੱਜੇ ਤਾਂ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਕੁਝ ਮੁੰਡਿਆਂ ਨਾਲ ਰਲ਼ ਕੇ ਉਹ ਮੰਗ ਕੇ ਗੁਜ਼ਾਰਾ ਕਰਦਾ ਰਿਹਾ। ਪਾਕਿਸਤਾਨ ਤੋਂ ਆਏ ਲੋਕਾਂ ਦੀਆਂ ਜਾਇਦਾਦਾਂ ਦੇ ਕਲੇਮ ਉਨ੍ਹਾਂ ਨੂੰ ਬਹੁਤ ਹੌਲੀ ਹੌਲੀ ਮਿਲੇ ਸਨ ਤੇ ਤਦ ਤਕ ਉਨ੍ਹਾਂ ਨੇ ਬਹੁਤ ਔਖੇ ਦਿਨ ਦੇਖੇ ਸਨ। ਇਹ ਤਾਂ ਮਜਬੂਰੀ ਦੀਆਂ ਗੱਲਾਂ ਹਨ। ਇੱਥੇ ਲੰਡਨ ਵਿਚ ਤਾਂ ਕੋਈ ਵੱਡੀ ਮਜਬੂਰੀ ਨਹੀਂ ਹੈ, ਫਿਰ ਵੀ ਮੰਗ ਰਹੇ ਹਨ। ਇੱਥੇ ਮੰਗਤਿਆਂ ਵਿਚ ਬਹੁਤੀ ਗਿਣਤੀ ਤਾਂ ਸ਼ਰਾਬੀਆਂ ਦੀ ਹੈ। ਇਹ ਸ਼ਰਾਬ ਲਈ ਹੀ ਮੰਗਦੇ ਹਨ। ਇਹ ਲੋਕ ਆਮ ਤੌਰ ’ਤੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਖੜ੍ਹੇ ਮੰਗਦੇ ਰਹਿੰਦੇ ਹਨ। ਜਦੋਂ ਬੀਅਰ ਦੇ ਡੱਬੇ ਜੋਗੇ ਪੈਸੇ ਹੋ ਜਾਂਦੇ ਹਨ ਤਾਂ ਦੁਕਾਨ ਵਿਚ ਜਾ ਵੜਦੇ ਹਨ। ਡੱਬਾ ਮੁਕਾ ਕੇ ਫਿਰ ਮੰਗਣ ਲੱਗਦੇ ਹਨ। ਇਵੇਂ ਜਦੋਂ ਸ਼ਰਾਬੀ ਹੋ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਟੇਢੇ ਹੋ ਜਾਂਦੇ ਹਨ। ਇਨ੍ਹਾਂ ਮੰਗਤਿਆਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਹਰ ਰੰਗ ਦੇ ਲੋਕ ਹਨ। ਹੁਣ ਇਨ੍ਹਾਂ ਮੰਗਣ ਵਾਲਿਆਂ ਵਿਚ ਪੰਜਾਬੀਆਂ ਦੀ ਗਿਣਤੀ ਵੀ ਸ਼ਾਮਲ ਹੋਣ ਲੱਗੀ ਹੈ। ਇਹ ਮੰਗਤੇ ਸਾਊਥਾਲ ਵਿਚ ਦੇਖਣ ਨੂੰ ਆਮ ਮਿਲ ਜਾਂਦੇ ਹਨ, ਖ਼ਾਸ ਤੌਰ ’ਤੇ ਪੁਰਾਣੇ ਸਾਊਥਾਲ ਵਿਚ। ਤੁਸੀਂ ਕਿਸੇ ਥਾਂ ਆਪਣੀ ਕਾਰ-ਵੈਨ ਖੜ੍ਹੀ ਕਰੋ ਤਾਂ ਇਹ ਤੁਹਾਡੇ ਤਕ ਪੁੱਜ ਜਾਂਦੇ ਹਨ। ਪੈਸੇ ਮੰਗਦੇ ਹਨ। ਕੁਝ ਤਾਂ ਸਾਫ਼ ਕਹਿ ਦਿੰਦੇ ਹਨ ਕਿ ਉਨ੍ਹਾਂ ਨੂੰ ਸ਼ਰਾਬ ਲਈ ਪੈਸੇ ਚਾਹੀਦੇ ਹਨ, ਪਰ ਕੁਝ ਕੋਈ ਹੋਰ ਬਹਾਨਾ ਵੀ ਬਣਾਉਂਦੇ ਹਨ। ਇਕ ਦਿਨ ਮੈਂ ਗੁਰਦੁਆਰੇ ਦੇ ਪਿੱਛੇ ਲੱਗਦੀ ਸੜਕ ’ਤੇ ਵੈਨ ਪਾਰਕ ਕਰ ਰਿਹਾ ਸੀ ਕਿ ਇਕ ਪੰਜਾਬੀ ਬੰਦਾ ਆਇਆ ਤੇ ਪੈਸੇ ਮੰਗਣ ਲੱਗਿਆ। ਮੇਰੇ ਕੋਲ ਭਾਨ ਨਹੀਂ ਸੀ, ਪਰ ਵੈਨ ਵਿਚ ਅਧੀਆ ਕੁ ਵਿਸਕੀ ਇਕ ਬੋਤਲ ਵਿਚ ਬਚੀ ਹੋਈ ਸੀ। ਮੈਂ ਉਹ ਉਸਨੂੰ ਦੇ ਦਿੱਤੀ ਤੇ ਉਹ ਬਹੁਤ ਖ਼ੁਸ਼ ਹੋਇਆ ਤੇ ਦੁਆਵਾਂ ਦਿੰਦਾ ਹੋਇਆ ਚਲਾ ਗਿਆ। ਦੋ ਕੁ ਮਿੰਟਾਂ ਵਿਚ ਹੀ ਇਕ ਹੋਰ ਬੰਦਾ ਇਸੇ ਕੰਮ ਲਈ ਆ ਗਿਆ। ਮੈਂ ਉਸ ਦਾ ਪਿੰਡ ਪੁੱਛ ਲਿਆ ਤਾਂ ਬੁੜ ਬੁੜ ਕਰਦਾ ਤੁਰ ਗਿਆ। ਇਸ ਮੁਲਕ ਵਿਚ ਵੀ ਸਾਡੇ ਬੰਦੇ ਭੀਖ ਮੰਗਣ ਤਾਂ ਸਾਨੂੰ ਤਕਲੀਫ਼ ਤਾਂ ਹੋਣੀ ਹੀ ਹੋਈ। ਪਹਿਲਾਂ ਮੈਂ ਇਹ ਸਮਝਦਾ ਰਿਹਾ ਕਿ ਇਹ ਲੋਕ ਗ਼ੈਰ-ਕਾਨੂੰਨੀ ਹਨ ਤੇ ਅੱਜ ਦਿਹਾੜੀ ਨਹੀਂ ਲੱਗੀ ਹੋਵੇਗੀ ਤੇ ਬੀਅਰ ਪੀਣ ਲਈ ਪੈਸੇ ਮੰਗਣ ਲੱਗੇ ਹਨ, ਪਰ ਬਾਅਦ ਵਿਚ ਪਤਾ ਚੱਲਿਆ ਕਿ ਇਨ੍ਹਾਂ ਵਿਚ ਗ਼ੈਰ-ਕਾਨੂੰਨੀ ਤਾਂ ਬਹੁਤ ਘੱਟ ਹਨ ਤੇ ਜ਼ਿਆਦਤਰ ਇੱਥੋਂ ਦੇ ਪੱਕੇ ਬਸ਼ਿੰਦੇ ਹੀ ਹਨ। ਜੇ ਸੋਚਿਆ ਜਾਵੇ ਕਿ ਇਸ ਵਿਚ ਕਿਸ ਦਾ ਕਸੂਰ ਹੈ ਤਾਂ ਅਸੀਂ ਸਹਿਜੇ ਹੀ ਕਹਿ ਦੇਵਾਂਗੇ ਕਿ ਇਨ੍ਹਾਂ ਭੀਖ ਮੰਗਿਆਂ ਦਾ ਹੀ ਕਸੂਰ ਹੈ, ਪਰ ਮੈਂ ਸਮਝਦਾ ਹਾਂ ਕਿ ਇਸ ਸਿਸਟਮ ਦਾ ਵੀ ਕਸੂਰ ਹੈ। ਜਿਹੜਾ ਇਸ ਮੁਲਕ ਵਿਚ ਰਿਸ਼ਤਿਆਂ ਦਾ ਅਜਨਬੀਪਣ ਆ ਗਿਆ ਹੈ ਕਿ ਪਤਨੀ- ਪਤੀ ਨੂੰ ਨਹੀਂ ਪਛਾਣ ਰਹੀ, ਧੀ-ਪੁੱਤ ਪਿਓ ਨੂੰ ਨਹੀਂ ਪੁੱਛ ਰਹੇ, ਇਹ ਵੀ ਇਕ ਕਾਰਨ ਹੈ ਕਿ ਕਾਫ਼ੀ ਸਾਰੇ ਲੋਕ ਸ਼ਰਾਬ ਵੱਲ ਧੱਕੇ ਜਾ ਰਹੇ ਹਨ। ਇਹ ਏਧਰ ਓਧਰ ਬੈਠੇ ਸ਼ਰਾਬ ਪੀ ਕੇ ਦਿਨ ਲੰਘਾ ਰਹੇ ਹਨ। ਇਨ੍ਹਾਂ ਵਿਚ ਹੀ ਕੁਝ ਲੋਕ ਅਜਿਹੇ ਵੀ ਹੋ ਸਕਦੇ ਹਨ ਕਿ ਸ਼ਰਮ ਦਾ ਮਹੀਨ ਜਿਹਾ ਪਰਦਾ ਹਟਾਇਆ, ਆਪਣੇ ਹਊਮੈ ’ਤੇ ਮਿੱਟੀ ਪਾਈ ਤੇ ਮੰਗਣ ਤੁਰ ਪਏ। ਬੇਸ਼ਰਮ ਹੋਏ ਬੰਦੇ ਲਈ ਮੰਗਣਾ ਕੰਮ ਕਰਨ ਤੋਂ ਬਹੁਤ ਆਸਾਨ ਹੈ।

ਸਾਊਥਾਲ ਵਿਚ ਅਜਿਹੇ ਭਿਖਾਰੀਆਂ ਦੀ ਗਿਣਤੀ ਹੁਣ ਵਧਣ ਲੱਗੀ ਹੈ। ਪਿਛਲੇ ਹਫ਼ਤੇ ਹੀ ਕਾਰ ਪਾਰਕ ਵਿਚ ਇਕ ਪੰਜਾਬੀ ਬੰਦਾ ਮੇਰੇ ਕੋਲ ਆਇਆ ਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਪੈਸੇ ਮੰਗਣ ਲੱਗਿਆ। ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਭਾਨ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਭਾਨ ਉਹ ਦੇ ਦੇਵੇਗਾ। ਜਦੋਂ ਮੈਂ ਭੀਖ ਦੇਣ ਤੋਂ ਨਾਂਹ ਕੀਤੀ ਤਾਂ ਉਹ ਮੇਰੇ ਨਾਲ ਉਲਟਾ ਵਿਵਹਾਰ ਕਰਨ ਲੱਗਿਆ। ਬਸ ਗਾਲ੍ਹ ਹੀ ਨਹੀਂ ਕੱਢੀ ਬਾਕੀ ਸਭ ਕੁਝ ਕਹਿ ਗਿਆ। ਇਵੇਂ ਹੀ ਇਕ ਦਿਨ ਅਸੀਂ ਕੁਝ ਦੋਸਤ ਸਾਊਥਾਲ ਦੇ ਵੱਡੇ ਕਾਰ ਪਾਰਕ ਦੇ ਨੇੜਲੇ ਇਕ ਹਾਲ ਵਿਚ ਚੱਲਦੇ ਫੰਕਸ਼ਨ ਦੇ ਬਾਹਰ ਖੜ੍ਹੇ ਹਵਾ ਲੈ ਰਹੇ ਸਾਂ ਕਿ ਦੋ ਪੰਜਾਬੀ ਮੰਗਤੇ ਆਏ ਤੇ ਪੈਸੇ ਮੰਗਣ ਲੱਗੇ। ਜਦੋਂ ਅਸੀਂ ਉਨ੍ਹਾਂ ਨੂੰ ਭੀਖ ਮੰਗਣ ਤੋਂ ਟੋਕਿਆ ਤਾਂ ਉਹ ਸਾਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਦੇ ਹੋਏ ਹਿੰਸਕ ਹੋਣ ਲੱਗੇ। ਅਸੀਂ ਆਪ ਹੀ ਇਸ ਟਕਰਾਓ ਨੂੰ ਟਰਕਾਇਆ ਨਹੀਂ ਤਾਂ ਉਨ੍ਹਾਂ ਵੱਲੋਂ ਕੋਈ ਕਸਰ ਨਹੀਂ ਸੀ। ਅਸੀਂ ਹੈਰਾਨ ਖੜ੍ਹੇ ਸਾਂ। ਸਾਨੂੰ ਗੁੱਸਾ ਵੀ ਆ ਰਿਹਾ ਸੀ ਤੇ ਤਰਸ ਵੀ। ਅਜਿਹੇ ਭੀਖ ਮੰਗਿਆਂ ਨਾਲ ਹੋਰ ਲੋਕਾਂ ਦਾ ਵਾਹ ਵੀ ਪਿਆ ਹੋ ਸਕਦਾ ਹੈ, ਸਾਡੇ ਵਾਲਾ ਤਜਰਬਾ ਵੀ ਹੋਇਆ ਹੋਵੇਗਾ, ਪਰ ਮੈਂ ਸੋਚਦਾ ਹਾਂ ਕਿ ਇਨ੍ਹਾਂ ਨੂੰ ਨਿਰਉਤਸ਼ਹਿਤ ਕਰਨ ਦੀ ਲੋੜ ਹੈ। ਉਂਜ ਸੱਚ ਇਹ ਹੈ ਕਿ ਇਸ ਦੇਸ਼ ਵਿਚ ਅਸੀਂ ਸੈਟਲ ਹੋਏ ਹਾਂ, ਇਸ ਮੁਆਸ਼ਰੇ ਦੀਆਂ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਹੀ ਮਨਜ਼ੂਰ ਕਰਨੀਆਂ ਪੈਣਗੀਆਂ।

ਇਨ੍ਹਾਂ ਮੰਗਤਿਆਂ ਜਾਂ ਰੋਟੀ ਤੋਂ ਅਵਾਜ਼ਾਰ ਲੋਕਾਂ ਲਈ ਕੁਝ ਚੈਰਿਟੀ ਵਾਲੇ ਹਰ ਰੋਜ਼ ਰੋਟੀ ਦਾ ਇੰਤਜ਼ਾਮ ਕਰਦੇ ਹਨ, ਪਰ ਫਿਰ ਵੀ ਇਹ ਮੰਗਦੇ ਨਜ਼ਰ ਆਉਂਦੇ ਹਨ। ਕਰੋਨਾ ਕਾਰਨ ਮੰਗਣ ਵਾਲਿਆਂ ਦੀ ਗਿਣਤੀ ਵਿਚ ਕੁਝ ਕਮੀ ਜ਼ਰੂਰ ਆਈ ਸੀ, ਪਰ ਮੁੜ ਉਹੋ ਕੰਮ ਸ਼ੁਰੂ ਹੈ।

Advertisement
Tags :
ਮੰਗਤੇਲੰਡਨ: