For the best experience, open
https://m.punjabitribuneonline.com
on your mobile browser.
Advertisement

ਨਵੇਂ ਵਰ੍ਹੇ ਤੋਂ ਪਹਿਲਾਂ

05:43 AM Dec 28, 2024 IST
ਨਵੇਂ ਵਰ੍ਹੇ ਤੋਂ ਪਹਿਲਾਂ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਪਲਵਿੰਦਰ ਦਾ ਜਨਮ ਦਿਨ ਮਨਾਉਣ ਲਈ ਉਸ ਦੇ ਬਹੁਤ ਸਾਰੇ ਮਿੱਤਰ, ਉਸ ਦੇ ਮਾਮੇ, ਚਾਚੇ ਅਤੇ ਫੁੱਫੜ ਜੀ ਦੇ ਬੱਚੇ ਵੀ ਉਨ੍ਹਾਂ ਦੇ ਘਰ ਆਏ ਹੋਏ ਸਨ। ਹਰ ਵਰ੍ਹੇ ਵਾਂਗ ਪਲਵਿੰਦਰ ਦੇ ਮੰਮੀ-ਪਾਪਾ ਤੇ ਉਸ ਦੀ ਵੱਡੀ ਭੈਣ ਸਿਮਰਨ ਨੇ ਉਸ ਦੀ ਖ਼ੁਸ਼ੀ ਲਈ ਘਰ ਨੂੰ ਬਹੁਤ ਚੰਗੀ ਤਰ੍ਹਾਂ ਸਜਾਇਆ ਹੋਇਆ ਸੀ। ਬੱਚਿਆਂ ਦੇ ਖਾਣ ਪੀਣ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਸਾਰੇ ਬੱਚੇ ਬਹੁਤ ਖ਼ੁਸ਼ ਸਨ।
ਪਲਵਿੰਦਰ ਦੇ ਜਨਮ ਦਿਨ ਤੋਂ ਕੁੱਝ ਦਿਨ ਬਾਅਦ ਨਵਾਂ ਵਰ੍ਹਾ ਚੜ੍ਹਨ ਵਾਲਾ ਸੀ। ਪਲਵਿੰਦਰ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਉਸ ਦੇ ਦੋਸਤਾਂ ਨੇ ਉਸ ਨੂੰ ਕਿਹਾ, ‘‘ਯਾਰ, ਤੇਰੇ ਮੰਮੀ-ਪਾਪਾ ਅਤੇ ਤੇਰੇ ਭੈਣ ਜੀ ਹਰ ਸਾਲ ਤੇਰਾ ਜਨਮ ਦਿਨ ਬਹੁਤ ਵਧੀਆ ਢੰਗ ਨਾਲ ਮਨਾਉਂਦੇ ਹਨ। ਥੋੜ੍ਹੇ ਦਿਨਾਂ ਦੇ ਮਗਰੋਂ ਨਵਾਂ ਵਰ੍ਹਾ ਚੜ੍ਹਨ ਵਾਲਾ ਹੈ। ਨਵੇਂ ਵਰ੍ਹੇ ਦੀ ਸਾਨੂੰ ਸਾਰਿਆਂ ਨੂੰ ਸਕੂਲ ਤੋਂ ਛੁੱਟੀ ਵੀ ਹੈ। ਜੇਕਰ ਤੂੰ ਆਪਣੇ ਮੰਮੀ-ਪਾਪਾ ਨੂੰ ਮਨਾ ਲਵੇਂ ਤਾਂ ਅਸੀਂ ਨਵਾਂ ਸਾਲ ਤੇਰੇ ਘਰ ਮਨਾ ਲਈਏ?’’ ਪਲਵਿੰਦਰ ਦੇ ਮਾਮੇ, ਚਾਚੇ ਅਤੇ ਫੁੱਫੜ ਦੇ ਬੱਚਿਆਂ ਨੇ ਵੀ ਕਿਹਾ, ‘‘ਜੇਕਰ ਤੇਰੇ ਮੰਮੀ-ਪਾਪਾ ਤੁਹਾਡੇ ਘਰ ਨਵਾਂ ਸਾਲ ਮਨਾਉਣ ਲਈ ਮੰਨ ਜਾਣ ਤਾਂ ਅਸੀਂ ਵੀ ਆ ਜਾਵਾਂਗੇ।’’
ਪਲਵਿੰਦਰ ਆਪਣੇ ਦੋਸਤਾਂ ਦੀ ਗੱਲ ਸੁਣ ਕੇ ਬੋਲਿਆ, ‘‘ਮੇਰੇ ਮੰਮੀ-ਪਾਪਾ ਸਾਡੇ ਘਰ ਨਵਾਂ ਸਾਲ ਮਨਾਉਣ ਤੋਂ ਨਾਂਹ ਤਾਂ ਨਹੀਂ ਕਰਨਗੇ, ਪਰ ਪਾਪਾ ਇਕੱਲੇ ਕਮਾਉਣ ਵਾਲੇ ਹਨ। ਉਨ੍ਹਾਂ ਦੀ ਤਨਖਾਹ ਵੀ ਬਹੁਤੀ ਜ਼ਿਆਦਾ ਨਹੀਂ ਹੈ। ਮੇਰੀ ਭੈਣ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ। ਉਸ ਦੀ ਪੜ੍ਹਾਈ ਦਾ ਵੀ ਬਹੁਤ ਖ਼ਰਚ ਹੋ ਜਾਂਦਾ ਹੈ। ਮੈਂ ਉਨ੍ਹਾਂ ਦਾ ਬਹੁਤਾ ਖ਼ਰਚਾ ਨਹੀਂ ਕਰਵਾ ਸਕਦਾ।’’
ਪਲਵਿੰਦਰ ਦੀ ਗੱਲ ਸੁਣ ਕੇ ਉਸ ਦੇ ਦੋਸਤ ਬੋਲੇ, ‘‘ਤੂੰ ਖ਼ਰਚ ਦੀ ਪਰਵਾਹ ਨਾ ਕਰ, ਅਸੀਂ ਆਪਸ ਵਿੱਚ ਪੈਸੇ ਇੱਕਠੇ ਕਰ ਲਵਾਂਗੇ।’’ ਪਲਵਿੰਦਰ ਨੇ ਉਨ੍ਹਾਂ ਦੀ ਗੱਲ ਸੁਣ ਕੇ ਅੱਗੋਂ ਕਿਹਾ, ‘‘ਮਿੱਤਰੋ, ਮੈਂ ਪਾਪਾ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗਾ।’’
ਪਲਵਿੰਦਰ ਦਾ ਜਨਮ ਦਿਨ ਮਨਾ ਕੇ ਉਸ ਦੇ ਦੋਸਤ ਖਾਣਾ ਖਾਣ ਤੋਂ ਬਾਅਦ ਆਪਣੇ ਆਪਣੇ ਘਰ ਨੂੰ ਜਾਣ ਵਾਲੇ ਹੀ ਸਨ ਕਿ ਪਲਵਿੰਦਰ ਦੇ ਮੰਮੀ-ਪਾਪਾ ਨੇ ਉਨ੍ਹਾਂ ਸਾਰਿਆਂ ਨੂੰ ਰੋਕ ਕੇ ਕਿਹਾ, ‘‘ਬੱਚਿਓ, ਅਸੀਂ ਤੁਹਾਡੀਆਂ ਗੱਲਾਂ ਸੁਣ ਲਈਆਂ ਹਨ। ਨਾ ਤਾਂ ਪਲਵਿੰਦਰ ਨੂੰ ਸਾਨੂੰ ਪੁੱਛਣ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਪੈਸੇ ਇਕੱਠੇ ਕਰਨ ਦੀ ਲੋੜ ਹੈ। ਅਸੀਂ ਨਵਾਂ ਸਾਲ ਆਪਣੇ ਘਰ ਹੀ ਮਨਾਵਾਂਗੇ। ਤੁਸੀਂ ਸਾਰਿਆਂ ਨੇ ਆਪਣੇ ਮੰਮੀ-ਪਾਪਾ ਨੂੰ ਪੁੱਛ ਕੇ ਸਮੇਂ ਸਿਰ ਸਾਡੇ ਘਰ ਪਹੁੰਚ ਜਾਣਾ।’’
ਪਲਵਿੰਦਰ ਦੇ ਮੰਮੀ-ਪਾਪਾ ਦੀ ਗੱਲ ਸੁਣ ਕੇ ਸਾਰੇ ਬੱਚਿਆਂ ਨੇ ਤਾੜੀਆਂ ਮਾਰ ਕੇ ਕਿਹਾ, ‘‘ਅੰਕਲ, ਆਂਟੀ, ਤੁਸੀਂ ਕਿੰਨੇ ਚੰਗੇ ਹੋ!’’
ਨਵੇਂ ਵਰ੍ਹੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸਮੇਂ ਸਿਰ ਪਹੁੰਚ ਕੇ ਸਾਰੇ ਬੱਚਿਆਂ ਨੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਸਜਾਇਆ। ਰਾਤ ਨੂੰ ਕੱਟਣ ਲਈ ਕੇਕ ਲਿਆਂਦਾ। ਪਲਵਿੰਦਰ ਦੇ ਮੰਮੀ-ਪਾਪਾ ਨੇ ਉਨ੍ਹਾਂ ਦੇ ਖਾਣ ਪੀਣ ਲਈ ਉਨ੍ਹਾਂ ਦੇ ਮਨਪਸੰਦ ਦੀਆਂ ਚੀਜ਼ਾਂ ਲਿਆਂਦੀਆਂ। ਕੇਕ ਕੱਟਣ ਅਤੇ ਸਾਰਾ ਕੁੱਝ ਖਾਣ ਪੀਣ ਤੋਂ ਪਹਿਲਾਂ ਪਲਵਿੰਦਰ ਦੇ ਪਾਪਾ ਨੇ ਸਾਰੇ ਬੱਚਿਆਂ ਨੂੰ ਬਿਠਾ ਕੇ ਕਿਹਾ, ‘‘ਬੱਚਿਓ! ਕੀ ਤੁਹਾਡੇ ਵਿੱਚੋਂ ਕੋਈ ਬੱਚਾ ਇਹ ਦੱਸ ਸਕਦਾ ਹੈ ਕਿ ਨਵੇਂ ਵਰ੍ਹੇ ’ਤੇ ਕੇਕ ਕੱਟਣ, ਮਨਪਸੰਦ ਚੀਜ਼ਾਂ ਖਾਣ ਅਤੇ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਹਿਣ ਤੋਂ ਇਲਾਵਾ ਹੋਰ ਕੀ ਕੁੱਝ ਕਰਨਾ ਚਾਹੀਦਾ ਹੈ?’’
ਪਲਵਿੰਦਰ ਦੇ ਪਾਪਾ ਦਾ ਪ੍ਰਸ਼ਨ ਸੁਣ ਕੇ ਸਾਰੇ ਬੱਚੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਸਮਝ ਨਾ ਆਵੇ ਕਿ ਉਹ ਉਨ੍ਹਾਂ ਨੂੰ ਕੀ ਜਵਾਬ ਦੇਣ।
ਸਾਰੇ ਬੱਚਿਆਂ ਨੂੰ ਚੁੱਪ ਵੇਖ ਕੇ ਪਲਵਿੰਦਰ ਦੀ ਭੈਣ ਬੋਲੀ, ‘‘ਬੱਚਿਓ! ਸਾਡੇ ਮੰਮੀ-ਪਾਪਾ ਸਾਨੂੰ ਹਰ ਨਵੇਂ ਵਰ੍ਹੇ ਤੋਂ ਪਹਿਲਾਂ ਇਹ ਸਵਾਲ ਜ਼ਰੂਰ ਪੁੱਛਦੇ ਹਨ। ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਮਨ ਵਿੱਚ ਇਹ ਜ਼ਰੂਰ ਸੋਚੋ ਕਿ ਪਿਛਲੇ ਵਰ੍ਹੇ ਵਿੱਚ ਉਨ੍ਹਾਂ ਨੇ ਕਿਹੜੀਆਂ ਪ੍ਰਾਪਤੀਆਂ ਕਰਨ ਦਾ ਫ਼ੈਸਲਾ ਕੀਤਾ ਸੀ? ਕੀ ਉਹ ਉਨ੍ਹਾਂ ਪ੍ਰਾਪਤੀਆਂ ਨੂੰ ਹਾਸਲ ਕਰਨ ਵਿੱਚ ਸਫਲ ਰਹੇ ਹਨ? ਜੇਕਰ ਸਫਲ ਨਹੀਂ ਰਹੇ ਤਾਂ ਉਨ੍ਹਾਂ ਵਿੱਚ ਕੀ ਕਮੀਆਂ ਰਹੀਆਂ ਹਨ? ਅਸਫਲ ਰਹਿਣ ਵਿੱਚ ਉਨ੍ਹਾਂ ਤੋਂ ਕੀ ਗ਼ਲਤੀਆਂ ਹੋਈਆਂ ਹਨ। ਨਵੇਂ ਵਰ੍ਹੇ ਵਿੱਚ ਆਪਣੇ ਆਪ ਨਾਲ ਵਾਅਦਾ ਕਰੋ ਕਿ ਪਿਛਲੀਆਂ ਗ਼ਲਤੀਆਂ ਅਤੇ ਕਮੀਆਂ ਮੁੜ ਨਹੀਂ ਦੁਹਰਾਈਆਂ ਜਾਣਗੀਆਂ, ਉਨ੍ਹਾਂ ਵਿੱਚ ਸੁਧਾਰ ਕੀਤਾ ਜਾਵੇਗਾ। ਨਵੇਂ ਵਰ੍ਹੇ ਵਿੱਚ ਨਵੇਂ ਨਿਸ਼ਾਨੇ ਮਿੱਥ ਕੇ, ਉਨ੍ਹਾਂ ਨੂੰ ਹਾਸਲ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰੋ।’’
ਪਲਵਿੰਦਰ ਦੇ ਮੰਮੀ-ਪਾਪਾ ਨੇ ਸਾਰੇ ਬੱਚਿਆਂ ਨੂੰ ਕਿਹਾ, ‘‘ਬੱਚਿਓ! ਜਦੋਂ ਤੁਸੀਂ ਆਪਣੇ ਮਿੱਥੇ ਨਿਸ਼ਾਨੇ ਲਈ ਮਿਹਨਤ ਕਰਕੇ ਅੱਗੇ ਵਧਣਾ ਸ਼ੁਰੂ ਕਰੋਗੇ, ਉਦੋਂ ਆਉਣ ਵਾਲਾ ਹਰ ਸਾਲ ਤੁਹਾਡੇ ਲਈ ਨਵੀਆਂ ਖ਼ੁਸ਼ੀਆਂ ਜ਼ਰੂਰ ਲੈ ਕੇ ਆਵੇਗਾ।’’ ਸਾਰੇ ਬੱਚੇ ਪਲਵਿੰਦਰ ਦੇ ਮੰਮੀ-ਪਾਪਾ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਸਾਰਿਆਂ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀ ਨਸੀਹਤ ਉੱਤੇ ਅਮਲ ਜ਼ਰੂਰ ਕਰਨਗੇ।
ਸੰਪਰਕ: 98726-27136

Advertisement

Advertisement
Author Image

Balwinder Kaur

View all posts

Advertisement