For the best experience, open
https://m.punjabitribuneonline.com
on your mobile browser.
Advertisement

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲੀਸ ਹੋਈ ਮੁਸਤੈਦ

10:11 AM Aug 14, 2024 IST
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲੀਸ ਹੋਈ ਮੁਸਤੈਦ
ਮਾਨਸਾ ’ਚ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਫਲੈਗ ਮਾਰਚ ਕਰਦੀ ਹੋਈ ਪੁਲੀਸ।-ਫੋਟੋ:ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਗਸਤ
ਮਾਲਵਾ ਖੇਤਰ ਵਿੱਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਅੱਜ ਸ਼ਹਿਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਦੀ ਹੱਦ ਹਰਿਆਣਾ ਸੂਬੇ ਨਾਲ ਲੱਗਦੀ ਹੈ ਅਤੇ ਹਰਿਆਣਾ ਅੱਗੇ ਦਿੱਲੀ ਨਾਲ ਲੱਗਦਾ ਹੈ, ਜਿਸ ਕਰਕੇ ਪੁਲੀਸ ਨੂੰ ਸ਼ੱਕ ਹੈ ਕਿ ਦਿੱਲੀ ਤੋਂ ਹਰਿਆਣਾ ਰਸਤੇ ਕੋਈ ਵੀ ਨਿੱਕੀ-ਮੋਟੀ ਵਾਰਦਾਤ ਨੂੰ ਹੋਣ ਤੋਂ ਰੋਕਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾਣ।ਪੁਲੀਸ ਵੱਲੋਂ ਇਸ ਖੇਤਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਵੱਡੀਆਂ ਸਾਂਝੀਆਂ ਥਾਵਾਂ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਹਰਿਆਣੇ ਵਾਲੇ ਪਾਸਿਓਂ ਇਸ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਲਈ ਨਾਕੇ ਲਾਏ । ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ ਹਰਿਆਣਾ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿਚ ਚੌਕਸੀ ਵਧਾਈ ਗਈ ਹੈ ਅਤੇ ਜ਼ਿਲ੍ਹੇ ਵਿਚ ਆਉਣ-ਜਾਣ ਵਾਲੇ ਵਾਹਨਾਂ ਦੀ ਬਾਕਾਇਦਾ ਨਿਗਰਾਨੀ ਰੱਖੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪੁਲੀਸ ਸਟੇਸ਼ਨਾਂ ਦੇ ਮੁਖੀਆਂ ਨੂੰ ਬਾਕਾਇਦਾ ਹਦਾਇਤ ਕੀਤੀ ਗਈ ਹੈ ਕਿ ਨਾਕਿਆਂ ’ਤੇ ਪਹਿਰੇਦਾਰੀ ਕੀਤੀ ਜਾਵੇ। ਉਨ੍ਹਾਂ ਸੜਕਾਂ ’ਤੇ ਵਾਹਨਾਂ ਦੀ ਪਾਰਕਿੰਗ ਨੂੰ ਰੋਕਣ ਲਈ ਵੀ ਹਦਾਇਤ ਕੀਤੀ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਭੀੜ ਵਾਲੇ ਇਲਾਕਿਆਂ ਵਿੱਚ ਆਰਜ਼ੀ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਵਿੱਚ ਪੁਲੀਸ ਦਾ ਸਹਿਯੋਗ ਦੇਣ।

ਮੋਗਾ ਦੀ ਨਵੀਂ ਅਨਾਜ ਮੰਡੀ ਵਿੱਚ ਅਧਿਕਾਰੀਆਂ ਨਾਲ ਡੀਆਈਜੀ ਅਸ਼ਵਨੀ ਕਪੂਰ।

ਡੀਆਈਜੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਮੋਗਾ (ਨਿੱਜੀ ਪੱਤਰ ਪ੍ਰੇਰਕ): ਫ਼ਰੀਦਕੋਟ ਰੇਂਜ ਦੇ ਡੀਆਈਜੀ ਵੱਲੋਂ ਇਥੇ ਆਜ਼ਾਦੀ ਦਿਹਾੜੇ ਦੇ ਮੱਦੇਨਜਰ ਸੁਰੱਖਿਆ ਪ੍ਰਬੰਧਾਂ ਦਾ ਵਿਆਪਕ ਜਾਇਜ਼ਾ ਲਿਆ ਗਿਆ। ਇਸ ਮੌਕੇ ਸੁਰੱਖਿਆ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।ਇਸ ਮੌਕੇ ਡੀਆਈਜੀ ਅਸ਼ਵਨੀ ਕਪੂਰ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਦਿਨ-ਰਾਤ ਸ਼ਹਿਰ ਤੇ ਜ਼ਿਲ੍ਹੇ ਦੀਆਂ ਹੱਦਾਂ ਉੱਤੇ ਸਥਾਪਤ ਐਂਟਰੀ ਪੁਆਇੰਟਾਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਮਹੱਤਵਪੂਰਨ ਸੁਰੱਖਿਆ ਪਹਿਲੂਆਂ ਬਾਰੇ ਡੀਆਈਜੀ ਨੂੰ ਜਾਣੂ ਕਰਵਾਇਆ। ਇਸ ਮੌਕੇ ਡੀਆਈਜੀ ਨੇ ਅਧਿਕਾਰੀਆਂ ਨੂੰ ਲੋਕਾਂ ਨਾਲ ਸਹਿਯੋਗ ਵਧਾਉਣ ਦੀ ਅਪੀਲ ਕੀਤੀ।

Advertisement

Advertisement
Author Image

Advertisement
×