ਮ੍ਰਿਤਕ ਐਲਾਨੇ ਨੌਜਵਾਨ ਦੇ ਸਸਕਾਰ ਤੋਂ ਪਹਿਲਾਂ ਮੁੜ ਚੱਲੇ ਸਾਹ
ਜੈਪੁਰ, 22 ਨਵੰਬਰ
ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਵਿੱਚ ਬੀਤੇ ਦਿਨ ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ 25 ਸਾਲਾ ਨੌਜਵਾਨ ਸਸਕਾਰ ਤੋਂ ਠੀਕ ਪਹਿਲਾਂ ਮੁੜ ਸਾਹ ਲੈਣ ਲੱਗਾ ਪਰ ਅੱਜ ਜੈਪੁਰ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਝੁੰਝੁਨੂ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਨੌਜਵਾਨ ਨੂੰ ਮ੍ਰਿਤਕ ਐਲਾਨਣ ਵਾਲੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਜਾਂਚ ਲਈ ਕਮੇਟੀ ਵੀ ਬਣਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤਸ਼ ਕੁਮਾਰ ਬੋਲਾ ਅਤੇ ਗੂੰਗਾ ਹੈ ਅਤੇ ਪਰਿਵਾਰ ਨਾ ਹੋਣ ਕਾਰਨ ਸ਼ੈਲਟਰ ਹੋਮ ਵਿੱਚ ਰਹਿੰਦਾ ਸੀ। ਪੁਲੀਸ ਮੁਤਾਬਕ ਕੁਮਾਰ ਨੂੰ ਵੀਰਵਾਰ ਨੂੰ ਸ਼ੈਲਟਰ ਹੋਮ ’ਚ ਬੇਹੋਸ਼ ਹੋਣ ਤੋਂ ਬਾਅਦ ਝੁੰਝੁਨੂ ਦੇ ਬੀਡੀਕੇ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਲਾਜ ਕਰਨ ’ਤੇ ਵੀ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਹਸਪਤਾਲ ਦੇ ਡਾਕਟਰਾਂ ਨੇ ਦੁਪਹਿਰ 2 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਲਾਸ਼ ਦੋ ਘੰਟੇ ਲਈ ਮੁਰਦਾਘਰ ਵਿਚ ਰਖਵਾਈ। ਇਸ ਮਗਰੋਂ ਪੁਲੀਸ ਨੇ ‘ਪੰਚਨਾਮਾ’ ਤਿਆਰ ਕਰਕੇ ਲਾਸ਼ ਸ਼ਮਸ਼ਾਨਘਾਟ ਪਹੁੰਚਾ ਦਿੱਤੀ। ਪੁਲੀਸ ਨੇ ਦੱਸਿਆ ਕਿ ਜਿਵੇਂ ਹੀ ਲਾਸ਼ ਨੂੰ ਚਿਖਾ ’ਤੇ ਰੱਖਿਆ ਗਿਆ, ਨੌਜਵਾਨ ਅਚਾਨਕ ਸਾਹ ਲੈਣ ਲੱਗਾ ਤੇ ਤੁਰੰਤ ਐਂਬੂਲੈਂਸ ਬੁਲਾ ਕੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਹਿਲਾਂ ਉਸ ਦੀ ਹਾਲਤ ਸਥਿਰ ਸੀ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਕਥਿਤ ਡਾਕਟਰੀ ਲਾਪਰਵਾਹੀ ਦਾ ਨੋਟਿਸ ਲੈਂਦਿਆਂ ਝੁੰਝੁਨੂ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। -ਪੀਟੀਆਈ/ਆਈਏਐੱਨਐੱਸ