ਏਸ਼ਿਆਈ ਖੇਡਾਂ ਤੋਂ ਪਹਿਲਾਂ ਹਾਕੀ ਇੰਡੀਆ ਨੇ ਕੌਮੀ ਕੈਂਪ ਲਈ 39 ਮੈਂਬਰੀ ਸੰਭਾਵੀ ਸਮੂਹ ਅੇੈਲਾਨਿਆ
ਨਵੀਂ ਦਿੱਲੀ, 20 ਅਗਸਤ
ਹੈਂਗਜ਼ੂ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਵਜੋਂ ਹਾਕੀ ਇੰਡੀਆ ਨੇ ਬੰਗਲੂਰੂ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ 39 ਮੈਂਬਰੀ ਕੋਰ ਪੁਰਸ਼ ਦੇ ਸੰਭਾਵੀ ਸਮੂਹ ਦਾ ਐਲਾਨ ਕੀਤਾ ਹੈ। ਬੰਗਲੂਰੂ ਦੇ ਸਾਈ ਸੈਂਟਰ ਵਿੱਚ 21 ਅਗਸਤ ਤੋਂ 18 ਸਤੰਬਰ ਤੱਕ ਲੱਗਣ ਵਾਲਾ ਇਹ ਕੈਂਪ ਖਿਡਾਰੀਆਂ ਨੂੰ ਆਪਣਾ ਹੁਨਰ ਨਿਖਾਰਨ ਦਾ ਮੌਕਾ ਦੇਵੇਗਾ। ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਵਿੱਚ ਹੋਣੀਆਂ ਹਨ। ਭਾਰਤੀ ਪੁਰਸ਼ ਹਾਕੀ ਟੀਮ ਏਸ਼ਿਆਈ ਖੇਡਾਂ ਦਾ ਆਪਣਾ ਪਲੇਠਾ ਮੁਕਾਬਲਾ 24 ਸਤੰਬਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਖੇਡੇਗੀ। ਭਾਰਤ ਨੂੰ ਪੂਲ ਏ ਵਿਚ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਤੇ ਉਜ਼ਬੇਕਿਸਤਾਨ ਨਾਲ ਰੱਖਿਆ ਗਿਆ ਹੈ। ਕੈਂਪ ਵਿੱਚ ਸ਼ਾਮਲ ਹੋਣ ਵਾਲੇ 39 ਖਿਡਾਰੀਆਂ ਵਿਚ ਗੋਲਕੀਪਰ ਵਜੋਂ ਕ੍ਰਿਸ਼ਨ ਬਹਾਦਰ ਪਾਠਕ, ਪੀ.ਆਰ.ਸ੍ਰੀਜੇਸ਼, ਸੂਰਜ ਕਾਰਕੇਰਾ, ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ; ਡਿਫੈਂਡਰਜ਼ ਵਜੋਂ ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੋੜ, ਨੀਲਮ ਸੰਜੀਪ ਐਕਸਿਸ, ਸੰਜੈ, ਯਸ਼ਦੀਪ ਸਿਵਾਚ, ਦੀਪਸਨ ਟਿਰਕੀ, ਮਨਜੀਤ; ਮਿਡਫੀਲਡਰ ਵਜੋਂ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਸ਼ਾਮਲ ਹਨ। -ਪੀਟੀਆਈ