ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਪੁਲੀਸ ਨੇ ਕੀਤਾ ਨਜ਼ਰਬੰਦ
ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 15 ਮਈ
ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਜ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਫੈਕਟਰੀ ਮੂਹਰੇ ਲਗਪਗ ਦੋ ਸਾਲ ਤੋਂ ਦਿਨ-ਰਾਤ ਦਾ ਸਾਂਝਾ ਮੋਰਚਾ ਚੱਲ ਰਿਹਾ ਹੈ। ਇਸ ਸਬੰਧ ਵਿੱਚ ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੀਰਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਜ਼ੀਰਾ ਵਿਖੇ ਰੋਡ ਸ਼ੋਅ ਕੱਢਿਆ ਜਾਣਾ ਸੀ ਤਾਂ ਭਗਵੰਤ ਮਾਨ ਦੇ ਪਹੁੰਚਣ ਤੋਂ ਪਹਿਲਾਂ ਸਾਂਝਾ ਮੋਰਚਾ ਜ਼ੀਰਾ ਵੱਲੋਂ ਸਵੇਰੇ 11 ਵਜੇ ਸਾਂਝਾ ਮੋਰਚਾ ਤੋਂ ਮੁੱਖ ਚੌਕ ਜ਼ੀਰਾ ਤੱਕ ਮੁੱਖ ਮੰਤਰੀ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਜਾਣਾ ਸੀ। ਇਸ ਦੌਰਾਨ ਐੱਸਪੀਡੀ ਰਣਧੀਰ ਕੁਮਾਰ, ਡੀਐੱਸਪੀ ਜ਼ੀਰਾ ਗੁਰਦੀਪ ਸਿੰਘ, ਸੀਐੱਮ ਸਿਕਿਉਰਟੀ ਅਤੇ ਪੁਲੀਸ ਪ੍ਰਸ਼ਾਸਨ ਭਾਰੀ ਗਿਣਤੀ ਵਿੱਚ ਮੋਰਚੇ ਤੇ ਪਹੁੰਚੇ ਪੁਲੀਸ ਪ੍ਰਸ਼ਾਸਨ ਨੇ 100 ਦੇ ਕਰੀਬ ਧਰਨਾਕਾਰੀਆਂ ਨੂੰ ਉੱਥੇ ਹੀ ਰੋਕ ਕੇ ਰੱਖਿਆ, ਜਿਸ ਦੇ ਵਿਰੋਧ ਵਿੱਚ ਧਰਨਾਕਾਰੀਆਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਰਚੇ ਦੇ ਆਗੂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਫਤਹਿ ਸਿੰਘ ਢਿੱਲੋਂ ਰਟੌਲ ਰੋਹੀ, ਸਰਪੰਚ ਗੁਰਮੇਲ ਸਿੰਘ ਅਤੇ ਧਰਨਾਕਾਰੀਆਂ ਨੇ ਕਿਹਾ ਕਿ ਸ਼ਰਾਬ ਫੈਕਟਰੀ ਜ਼ੀਰਾ ਇਲਾਕੇ ਦੇ ਲੋਕਾਂ ਦੀ ਸਾਂਝੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਸਬੰਧੀ ਮੁੱਖ ਮੰਤਰੀ ਵੱਲੋਂ ਜ਼ੁਬਾਨੀ ਕਲਾਮੀ ਬਿਆਨ ਤਾਂ ਦਿੱਤੇ ਜਾ ਰਹੇ ਹਨ ਪਰ ਅਜੇ ਤੱਕ ਕੋਈ ਲਿਖਤੀ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਆਪਣੀ ਗੱਲ ਮੁੱਖ ਮੰਤਰੀ ਤੱਕ ਪਹੁੰਚਾਉਣੀ ਚਾਹੁੰਦੇ ਸੀ ਤਾਂ ਸਾਡੀ ਆਵਾਜ਼ ਨੂੰ ਪੁਲੀਸ ਦੇ ਜ਼ੋਰ ’ਤੇ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਪੁੱਤ ਅਤੇ ਸਾਡਾ ਭਰਾ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਤੋਂ ਕਿਉਂ ਭੱਜ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਇਸ ਸ਼ਰਾਬ ਫੈਕਟਰੀ ਦਾ ਪੱਕੇ ਤੌਰ ’ਤੇ ਹੱਲ ਨਹੀਂ ਕੀਤਾ ਜਾਂਦਾ ਉਂਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਮਹਿੰਦਰ ਸਿੰਘ, ਬਲਰਾਜ ਸਿੰਘ, ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਬਲਦੇਵ ਸਿੰਘ ਜ਼ੀਰਾ, ਪ੍ਰੀਤਮ ਸਿੰਘ ਮਹੀਆਂ ਵਾਲਾ ਕਲਾਂ, ਗੁਰਸੇਵਕ ਸਿੰਘ ਨੰਬਰਦਾਰ, ਨਿਰਮਲ ਸਿੰਘ ਭੱਲਾ ਸੋਡੀਵਾਲਾ, ਕਰਨੈਲ ਸਿੰਘ ਮਨਸੂਰਵਾਲ ਕਲਾਂ, ਪਿਆਰਾ ਸਿੰਘ, ਬਲਵਿੰਦਰ ਸਿੰਘ ਵਾੜਾ ਚੈਨ ਸਿੰਘ ਵਾਲਾ, ਜਗਰੂਪ ਸਿੰਘ ਮਹੀਆਂ ਵਾਲਾ ਕਲਾਂ, ਬੂਟਾ ਸਿੰਘ ਮਨਸੂਰਵਾਲ ਕਲਾਂ ਤੇ ਠਾਕੁਰ ਸਿੰਘ ਮਨਸੂਰਵਾਲ ਕਲਾਂ ਅਦਿ ਹਾਜ਼ਰ ਸਨ।