ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜ਼ੀਵਾਦ ਦੇ ਸਿਰ ਚੁੱਕਣ ਤੋਂ ਪਹਿਲਾਂ

07:31 AM Nov 16, 2023 IST
ADOLF HITLER The accused in the Hitler Putsch Trial, (from left) Pernet, Weber, Frick, Kriebel, Ludendorff, Hitler, Bruekner, Roehm and Wagner ,1923/4

ਸ਼ੈਲੀ ਵਾਲੀਆ
ਅਕਤੂਬਰ 1922 ਵਿਚ ਬੈਨੀਤੋ ਮੂਸੋਲਿਨੀ ਨੇ ਰੋਮ ’ਤੇ ਚੜ੍ਹਾਈ ਕੀਤੀ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਹਿਟਲਰ ਕਰੀਬ ਇਕ ਸਾਲ ਬਾਅਦ 8 ਨਵੰਬਰ ਨੂੰ ਦੋ ਹਜ਼ਾਰ ਹਥਿਆਰਬੰਦ ਵਾਲੰਟੀਅਰਾਂ ਨਾਲ ਬਾਵੇਰੀਆ ਰਾਜ ਦੇ ਸ਼ਹਿਰ ਮਿਊਨਿਖ ਵੱਲ ਮਾਰਚ ਕਰਦੇ ਹੋਏ ਇਕ ਬੀਅਰ ਹਾਲ (ਬਰਜਰਬ੍ਰਾਕੈਲਰ) ਪਹੁੰਚਿਆ ਸੀ। ਸਪੱਸ਼ਟ ਸੀ ਕਿ ਹਿਟਲਰ ਦਾ ਮਨਸ਼ਾ ਸੀ ਕਿ ਬਾਵੇਰੀਆਈ ਰਾਜਧਾਨੀ ਨੂੰ ਕਬਜ਼ੇ ਵਿਚ ਲੈ ਕੇ ਜਰਮਨੀ ਦੀ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਤਖ਼ਤਾ ਉਲਟਾ ਕੇ ਇਸ ਦੀ ਥਾਂ ਇਕ ਤਾਨਾਸ਼ਾਹ ਨਜਿ਼ਾਮ ਕਾਇਮ ਕੀਤਾ ਜਾਵੇ ਜੋ ਹਿੰਸਾ ਅਤੇ ਨਸਲਪ੍ਰਸਤ ਵਿਚਾਰਧਾਰਾ ਨੂੰ ਲੈ ਕੇ ਚੱਲੇ। ਸਰਕਾਰੀ ਨੌਕਰੀਆਂ ’ਚੋਂ ਯਹੂਦੀਆਂ ਦੀ ਛਾਂਟੀ ਅਤੇ ਯਹੂਦੀਆਂ ਦੀ ਮਦਦ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਜ਼ਾ ਦੇਣੀ ਹਿਟਲਰ ਦੀਆਂ ਤਰਜੀਹਾਂ ਵਿਚ ਸ਼ੁਮਾਰ ਸੀ। ਉਸ ਦੀ ਯੋਜਨਾ ਇਕ ਅਜਿਹੀ ਸਰਕਾਰ ਕਾਇਮ ਕਰਨ ਦੀ ਸੀ ਜਿਸ ਦੀ ਦੇਖ ਰੇਖ ਹੇਠ ਇਕਜੁੱਟ ਮਹਾਂ ਜਰਮਨ ਰਾਇਖ (ਸਾਮਰਾਜ) ਦੀ ਸਥਾਪਨਾ ਹੋ ਸਕੇ।
9 ਨਵੰਬਰ ਨੂੰ ਹਿਟਲਰ ਨੇ ਆਪਣੇ ਦਸਤੇ ਬੀਅਰ ਬਾਰ ਤੋਂ ਹਟਾ ਕੇ ਓਡੀਓਨਸਪਲਾਜ਼ (ਕੇਂਦਰੀ ਮਿਊਨਿਖ ਵਿੱਚ ਇੱਕ ਚੌਕ) ’ਤੇ ਤਾਇਨਾਤ ਕਰ ਦਿੱਤੇ ਜਿੱਥੇ ਬਾਵੇਰਿਆਈ ਦਸਤਿਆਂ ਨੇ ਨਾਜ਼ੀ ਵਿਦਰੋਹੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਕੁਝ ਨੂੰ ਮਾਰ ਮੁਕਾਇਆ। ਹਿਟਲਰ ਲੜਾਈ ਵਿਚ ਵਾਲ ਵਾਲ ਬਚਿਆ ਤੇ ਇਕ ਗੋਲੀ ਉਸ ਤੋਂ ਇੰਚ ਕੁ ਵਿੱਥ ਨਾਲ ਲੰਘ ਗਈ। ਜੇ ਉਸ ਸਵੇਰ ਹਿਟਲਰ ਮਾਰਿਆ ਜਾਂਦਾ ਤਾਂ ਦੁਨੀਆ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ, ਪਰ ਉਸ ਨੇ ਤਾਂ ਅੱਗੇ ਚੱਲ ਕੇ ਜਰਮਨੀ ਦਾ ਫਿਹੂਰਰ (ਸਰਬਰਾਹ) ਬਣਨਾ ਸੀ। ਜਿਸ ਜਗ੍ਹਾ ਉਸ ਨੂੰ ਮੂੰਹ ਦੀ ਖਾਣੀ ਪਈ ਸੀ, ਦਸ ਸਾਲਾਂ ਬਾਅਦ ਉਸ ਨੇ ਹਜ਼ਾਰਾਂ ਲੋਕਾਂ ਦੇ ਹਜੂਮ ਨਾਲ ਉਸੇ ਜਗ੍ਹਾ ਜਰਮਨੀ ਦਾ ਚਾਂਸਲਰ ਬਣ ਕੇ ਪੁੱਜਣਾ ਸੀ ਅਤੇ ਉਸ ਦੀ ਜੇਬ੍ਹ ਵਿਚ ਜਿਹੜਾ ਮੈਨੀਫੈਸਟੋ ਪਿਆ ਸੀ। ਉਸ ਨਾਲ ਜਰਮਨੀ ਵਿਚ ਲੋਕਰਾਜ ਦਾ ਖਾਤਮਾ ਹੋਣਾ ਸੀ।
ਆਪਣੇ ਹਮਾਇਤੀਆਂ ਦੇ ਹਜੂਮ ਵਿਚ ਘਿਰੇ ਹਿਟਲਰ ਨੇ ਆਪਣੇ ਵਤਨ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿਚ ਆਪਣਾ ਸਿਰ ਝੁਕਾਇਆ ਸੀ। ਇੰਝ ਯੂਰਪ ਦੇ ਇਤਿਹਾਸ ਵਿਚ ਸਭ ਤੋਂ ਘਾਤਕ ਸਿਆਸੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ। ਉਸ ਦਾ ਸੱਤਾ ਵਿਚ ਆਉਣਾ ਮਾਨਵਤਾ ਨੂੰ ਇਕ ਪੁਰਜ਼ੋਰ ਸਬਕ ਦੇ ਰਿਹਾ ਸੀ: ਜੇ ਉਦਾਰਵਾਦੀ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਹਲੂਣਿਆ ਗਿਆ ਜਾਂ ਇਨ੍ਹਾਂ ਨੂੰ ਕਮਜ਼ੋਰ ਕੀਤਾ ਗਿਆ ਤਾਂ ਕਿਸੇ ਬੀਅਰ ਪੱਬ ਵਿੱਚੋਂ ਉੱਠੀ ਬਗ਼ਾਵਤ ਦੀ ਚੰਗਿਆੜੀ ਨੂੰ ਭੜਕਣ ਵਿਚ ਜ਼ਿਆਦਾ ਦੇਰ ਨਹੀਂ ਲੱਗੇਗੀ। ਸਗੋਂ, ਮਿਊਨਿਖ ਵਿਚ ਉਸ ਦੀ ਆਮਦ ਨਾਲ ਉਨ੍ਹਾਂ ਲੋਕਾਂ ਦੀਆਂ ਵੀ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਸਨ ਜੋ ਝੂਠ ਫਰੇਬ ਦੇ ਜਾਲ ਵਿਚ ਫਸ ਕੇ ਨਸਲਕੁਸ਼ੀ ਦੀ ਸਿਆਸਤ ਲਈ ਕੰਮ ਕਰਨ ਅਤੇ ਸੰਵਿਧਾਨਕ ਲੋਕਤੰਤਰ ਨੂੰ ਕਮਜ਼ੋਰ ਪਾਉਣ ਵਾਲੀਆਂ ਤਾਕਤਾਂ ਦੇ ਝਾਂਸੇ ਵਿਚ ਆ ਰਹੇ ਸਨ।
ਹਿਟਲਰ ਦੇ ਵਿਦਰੋਹ ਨੂੰ ਸਮਝਣ ਦੀ ਅਹਿਮੀਅਤ ਲੋਕਰਾਜ, ਨਿਆਂ ਅਤੇ ਆਜ਼ਾਦੀ ਦੇ ਸਾਡੇ ਵਿਚਾਰਾਂ ਦੇ ਭਵਿੱਖ ਲਈ ਪ੍ਰਸੰਗਕ ਹੈ। ਨਾਜ਼ੀਵਾਦ ਦੀ ਉਤਪਤੀ ਦੇ ਸਵਾਲ ’ਤੇ ਇਕ ਪਲ ਲਈ ਰੁਕ ਕੇ ਅਸੀਂ ਇਕ ਬਾਜ਼ ਨਜ਼ਰ ਨਾਲ ਮੌਜੂਦਾ ਸਮਿਆਂ ਵਿਚ ਲੋਕਰਾਜ ਅਤੇ ਕਾਨੂੰਨ ਦੇ ਰਾਜ ਨੂੰ ਹੋ ਰਹੇ ਨੁਕਸਾਨ ਦੇ ਸੰਕਟ ਦੇ ਧੁਰ ਅੰਦਰ ਤੱਕ ਜਾ ਸਕਦੇ ਹਾਂ ਜੋ ਅਮਨਪਸੰਦ ਸਹਿਹੋਂਦ ਨਾਲ ਆਜ਼ਾਦੀ ਤਲਬ ਲੋਕਾਂ ਲਈ ਚਹੇਤੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਜ਼ਿੰਦਾ ਰੱਖਣ ਲਈ ਨਿੱਠਵੇਂ ਸੰਘਰਸ਼ ਦਾ ਹੋਕਾ ਦਿੰਦੀ ਹੈ। ਸਾਨੂੰ ਅਹਿਸਾਸ ਕਰਨਾ ਪਵੇਗਾ ਕਿ ਅਸੀਂ ਘਿਰਣਾਗ੍ਰਸਤ ਅਤੇ ਜੰਗਬਾਜ਼ ਰਾਸ਼ਟਰਵਾਦ ਦੇ ਦੌਰ ਵਿਚ ਜੀਅ ਰਹੇ ਹਾਂ। ਸਪੇਨੀ- ਅਮਰੀਕੀ ਦਾਰਸ਼ਨਿਕ ਜੌਰਜ ਸਾਂਤਿਆਨਾ ਦੇ ਲਫਜ਼ਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿ ‘‘ਜੋ ਲੋਕ ਇਤਿਹਾਸ ਨੂੰ ਭੁਲਾ ਦਿੰਦੇ ਹਨ, ਉਨ੍ਹਾਂ ਨੂੰ ਇਤਿਹਾਸ ਦੁਹਰਾਉਣਾ ਪੈਂਦਾ ਹੈ।’’ ਇਸ ਵੇਲੇ ਦੁਨੀਆ ਭਰ ਵਿਚ ਨਸਲਪ੍ਰਸਤ ਰਾਸ਼ਟਰਵਾਦ ਦਾ ਮੁੜ ਉਭਾਰ ਹੋ ਰਿਹਾ ਹੈ ਖ਼ਾਸਕਰ ਰੂਸ ਅਤੇ ਇਸਰਾਇਲ ਵਿਚ। ਇਸਰਾਇਲੀ ਲੀਡਰਸ਼ਿਪ ਨਾਜ਼ੀ ਪਾਰਟੀ ਵਾਂਗ ਆਪਣੇ ਕੋਟ ਦੀ ਮੋੜੀ ’ਤੇ ਰਾਸ਼ਟਰਵਾਦ ਦਾ ਬੈਜ ਲਾ ਕੇ ਚੱਲਣ ਲੱਗ ਪਈ ਹੈ ਜਿਸ ’ਤੇ ਲਿਖਿਆ ਹੁੰਦਾ ਹੈ ‘ਨੌਟ ਅਗੇਨ’ ਭਾਵ ਦੁਬਾਰਾ ਨਹੀਂ। ਸਿਤਮਜ਼ਰੀਫ਼ੀ ਦੀ ਗੱਲ ਹੈ ਕਿ ਨਸਲਕੁਸ਼ੀ ਦੇ ਸ਼ਿਕਾਰ ਹੋਏ ਲੋਕਾਂ ਦੇ ਵਾਰਸ ਹੁਣ ਆਪਣੇ ਹੱਥੀਂ ਇਹੋ ਜਿਹਾ ਹੀ ਕਾਰਾ ਕਰ ਰਹੇ ਹਨ ਅਤੇ ਇਸ ਵਾਰ ਫ਼ਲਸਤੀਨੀਆਂ ਨੂੰ ਦੂਜੀ ਵਾਰ ਉਜਾੜੇ (ਨਕਬਾ) ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਗੱਲ ਸਮਝ ਪੈਂਦੀ ਹੈ ਕਿ ਇਸ ਵੇਲੇ ਦੁਨੀਆ ਭਰ ਵਿਚ ਜਿਸ ਸੱਜੇਪੱਖੀ ਪਾਪੂਲਜਿ਼ਮ ਨੂੰ ਉਭਾਰਿਆ ਜਾ ਰਿਹਾ ਹੈ, ਉਸ ਨਾਲ ਆਧੁਨਿਕ ਯੁੱਗ ਦਾ ਕਬਾਇਲੀਪੁਣਾ ਸਿਰ ਚੁੱਕ ਰਿਹਾ ਹੈ ਅਤੇ ਨਾਜ਼ੀਵਾਦ ਦੇ ਮਾੜੇ ਸੁਪਨੇ ਤੋਂ, ਸਬਕਾਂ ਤੋਂ ਮੂੰਹ ਫੇਰਨਾ ਬਹੁਤ ਔਖਾ ਹੈ। ਨਾਜ਼ੀ ਜਰਮਨੀ ਦੇ ਹਥਿਆਰਾਂ ਅਤੇ ਜੰਗੀ ਸਾਜ਼ੋ ਸਾਮਾਨ ਦੇ ਮਾਮਲਿਆਂ ਬਾਰੇ ਮੰਤਰੀ ਅਲਬਰਟ ਸਪੀਅਰ ਨੇ ਹਿਟਲਰ ਦੀ ‘ਨਿੱਜੀ ਬਦਹਵਾਸੀ’ ਦੀ ਧਾਰਨਾ ਨੂੰ ਰੇਖਾਂਕਤ ਕੀਤਾ ਸੀ ਜੋ ਅਰਥਚਾਰੇ ਦੀ ਨਾਕਾਮੀ ਕਰ ਕੇ ਪੈਦਾ ਹੋਈ ਸੀ ਅਤੇ ਉਸ ਨੇ ਇਸ ਨੂੰ ਬੜੀ ਹੁਸ਼ਿਆਰੀ ਨਾਲ ਇਕ ਅਜਿਹੇ ਜਨੂੰਨ ਦਾ ਰੂਪ ਦੇ ਦਿੱਤਾ ਜੋ ਸ਼ਿਕਾਰਾਂ ਦੀ ਮੰਗ ਕਰਦੀ ਸੀ। ਉਸ ਨੇ ਇਤਿਹਾਸ ਨੂੰ ਬਦਲਾਖੋਰੀ ਦੇ ਜ਼ਖੀਰੇ ਵਿਚ ਤਬਦੀਲ ਕਰ ਦਿੱਤਾ ਸੀ। 1920ਵਿਆਂ ਦੇ ਦਹਾਕੇ ਵਿਚ ਇਹ ਨਿਸ਼ਾਨ ਬਹੁਤ ਨੀਵੇਂ ਚਲੇ ਜਾਣ ਕਰ ਕੇ ਜਰਮਨੀ ਨੂੰ ਆਧੁਨਿਕ ਸਨਅਤੀ ਰਾਜ ਦੇ ਰੂਪ ਵਿਚ ਪਹਿਲੀ ਵਾਰ ਅੱਤ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਸੀ। ਖ਼ਾਨਾਜੰਗੀ ਲਈ ਹਾਲਾਤ ਸਾਜ਼ਗਾਰ ਹੋ ਗਏ ਸਨ ਅਤੇ ਹਿਟਲਰ ਨੂੰ ਇਕ ਅਜਿਹੇ ਕਰੂਰ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਣ ਦੀ ਉਡੀਕ ਸੀ ਜਿਸ ਨੂੰ ਦੁਨੀਆ ਨੇ ਪਹਿਲਾਂ ਕਦੇ ਨਹੀਂ ਤੱਕਿਆ ਸੀ। ਦੱਖਣੀ ਖੇਤਰ ਦੇ ਲੋਕਰਾਜ ਵਿਰੋਧੀ ਸੰਸਦ ਮੈਂਬਰ ਵਧੇਰੇ ਉਦਾਰਵਾਦੀ ਉੱਤਰੀ ਖਿੱਤੇ ਦੇ ਮਿਹਨਤਕਸ਼ ਤਬਕਿਆਂ ਦੇ ਲੜਾਕਿਆਂ ਅਤੇ ਲੋਕਰਾਜ-ਪੱਖੀ ਸ਼ਕਤੀਆਂ ਖਿਲਾਫ਼ ਲਾਮਬੰਦ ਹੋ ਰਹੇ ਸਨ। ਇਸ ਤਰ੍ਹਾਂ ਜਰਮਨੀ ਵਿਚ ਖ਼ਾਨਾਜੰਗੀ ਧੁਖਣੀ ਸ਼ੁਰੂ ਹੋ ਗਈ ਸੀ।
1923 ਦੇ ਨਾਕਾਮ ਵਿਦਰੋਹ ਤੋਂ ਬਾਅਦ ਹਿਟਲਰ ਦੀ ਮਿਊਨਿਖ ਵਾਪਸੀ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਇਸ ਸ਼ਹਿਰ ਦਾ ਬਦਲਾਓ ਨਾਜ਼ੀ ਯੁੱਗ ਅਤੇ ਨਸਲਕੁਸ਼ੀ ਦੀ ਤਰਾਸਦੀ ਨੂੰ ਸਮਝਣ ਲਈ ਅਹਿਮ ਕਿਉਂ ਹੈ। ਬਾਵੇਰੀਆ ਦੀ ਕੰਜ਼ਰਵੇਟਿਵ ਸਰਕਾਰ ਨੇ ਗਿਣ ਮਿੱਥ ਕੇ ਯਹੂਦੀਆਂ ਨੂੰ ਖੱਬੇਪੱਖੀ ਇੰਤਹਾਪਸੰਦੀ ਨਾਲ ਜੋੜ ਦਿੱਤਾ ਅਤੇ ਧਰਮ ਦੇ ਆਧਾਰ ’ਤੇ ਨਸਲਪ੍ਰਸਤ ਹਮਲਿਆਂ ਦਾ ਮੁੱਢ ਬੰਨ੍ਹ ਦਿੱਤਾ ਸੀ ਅਤੇ ਇੰਝ ਨਾਜ਼ੀਵਾਦ ਅਤੇ ਨਸਲਪ੍ਰਸਤ ਵਿਚਾਰਧਾਰਾ ਦਾ ਆਧਾਰ ਮੁਹੱਈਆ ਕਰਵਾਇਆ। ਮਿਊਨਿਖ ਸੱਜੇ ਪੱਖੀ ਅਤਿਵਾਦ ਦਾ ਪੰਘੂੜਾ ਬਣ ਗਿਆ ਜਿੱਥੇ ਹਰ ਗਲੀ ਮੁਹੱਲੇ ਵਿਚ ਯਹੂਦੀਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਤੋੜਿਆ ਜਾ ਰਿਹਾ ਸੀ। ਇਸ ਸ਼ਹਿਰ ਵਿਚ ਹਿਟਲਰ ਨੇ ਨਾਜ਼ੀ ਲਹਿਰ ਦੀ ਸ਼ੁਰੂਆਤ ਕੀਤੀ ਸੀ ਤੇ ਸਿਆਹਫਾਮ ਵਿਰੋਧੀ ਆਪਣੇ ਵਿਚਾਰਾਂ ਨੂੰ ਵਿਕਸਤ ਕੀਤਾ ਸੀ। ਬਾਵੇਰੀਆ ਦੀ ਰਾਜਧਾਨੀ ਨੂੰ ਨਾਜ਼ੀਵਾਦ ਅਤੇ ਉਸ ਦੇ ‘ਅੰਤਿਮ ਹੱਲ’ ਦੀ ਇਕ ਘਿਰਣਾਮਈ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਸੀ।
ਰਾਇਖ ਸਰਕਾਰ ਜਲਦੀ ਹੀ ਅਨੇਬਲਿੰਗ ਐਕਟ, 1933 ਨੂੰ ਮਨਜ਼ੂਰੀ ਦੇ ਦਿੰਦੀ ਹੈ ਜਿਸ ਨਾਲ ਸ਼ਾਸਨ ਕਰ ਰਹੀ ਪਾਰਟੀ ਨੂੰ ਪਾਰਲੀਮੈਂਟ ਨੂੰ ਨਜ਼ਰਅੰਦਾਜ਼ ਕਰਨ ਦੀ ਨਿਰੰਕੁਸ਼ ਤਾਕਤ ਮਿਲ ਗਈ। ਇਹ ਬਿੱਲ ਪਾਸ ਹੋਣ ਨਾਲ ਨਾਜ਼ੀਵਾਦ ਨੂੰ ਵੱਡਾ ਹੁਲਾਰਾ ਮਿਲਿਆ ਅਤੇ ‘ਯਹੂਦੀ ਬੋਲਸ਼ਿਵਕ ਆਲਮੀ ਸਾਜ਼ਿਸ਼’ ਨੂੰ ਚੁਣੌਤੀ ਦੇਣ ਦੇ ਇਸ ਦੇ ਬਿਰਤਾਂਤ ਨੂੰ ਮਜ਼ਬੂਤੀ ਮਿਲੀ। ਹਿਟਲਰ ਤੇ ਉਸ ਦੇ ਹਮਾਇਤੀਆਂ ਨੇ ਮਿਊਨਿਖ ਦੇ ਯਹੂਦੀਆਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਕੰਮ ਵਿਚ ਸਿਆਸਤਦਾਨਾਂ, ਜੱਜਾਂ, ਪੁਲੀਸ ਅਤੇ ਆਮ ਲੋਕਾਂ ਨੇ ਉਸ ਦਾ ਪੱਖ ਪੂਰਿਆ। ਯਹੂਦੀਆਂ ਨੇ ਰਾਜ ਪ੍ਰਤੀ ਆਪਣੀ ਵਫ਼ਾਦਾਰੀ ਜਤਾ ਕੇ, ਜਨਤਕ ਜੀਵਨ ਵਿਚ ਵਿਚਰਨਾ ਛੱਡ ਕੇ ਜਾਂ ਕਈਆਂ ਨੇ ਉੱਕਾ ਸ਼ਹਿਰ ਹੀ ਤਿਆਗ ਕੇ ਵੱਖੋ ਵੱਖਰੇ ਢੰਗਾਂ ਨਾਲ ਪ੍ਰਤੀਕਿਰਿਆ ਦਿੱਤੀ।
ਇਸ ਵਰਤਾਰੇ ਦੀ ਸ਼ਤਾਬਦੀ ਨੂੰ ਚੇਤੇ ਕਰਦਿਆਂ ਸਾਨੂੰ ਮੌਜੂਦਾ ਸਮਿਆਂ ਵਿਚ ਦੁਨੀਆ ਭਰ ਵਿਚ ਲੋਕਰਾਜ ਦੇ ਹੋ ਰਹੇ ਪਤਨ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲ ਸਕਦੀ ਹੈ। ਦੁਨੀਆ ਭਰ ਵਿਚ ਉਦਾਰਵਾਦੀ ਲੋਕਰਾਜ ਨਿਰੰਕੁਸ਼ ਰਾਜਤੰਤਰਾਂ ਵਿਚ ਗਰਕਦੇ ਜਾ ਰਹੇ ਹਨ ਅਤੇ ਨੰਗੀ ਚਿੱਟੀ ਨਸਲਪ੍ਰਸਤੀ ਨਾਲ ਸਿਆਸੀ ਕੁਲੀਨਾਂ ਦਾ ਉਭਾਰ ਹੋਇਆ ਹੈ ਅਤੇ ਇੰਝ ਲੋਕਾਂ ਨੂੰ ਰਿਝਾਉਣ ਵਾਲੇ ਉਸਟੰਡਬਾਜ਼ਾਂ ਲਈ ਰਾਹ ਪੱਧਰਾ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਿਊਨਿਖ ਅਤੇ ਨਾਜ਼ੀ ਜਰਮਨੀ ਵਿਚ ਜੋ ਕੁਝ ਹੋਇਆ ਸੀ, ਉਹੀ ਹੁਣ ਆਪਣੇ ਆਪ ਨੂੰ ਸਮਤਾਵਾਦੀ ਕਹੇ ਜਾਣ ਵਾਲੇ ਕਈ ਲੋਕਰਾਜੀ ਮੁਲਕਾਂ ਵਿਚ ਵਾਪਰ ਰਿਹਾ ਹੈ। ਅਜਿਹੇ ਸਮਿਆਂ ਵਿਚ ਇਹ ਸਵਾਲ ਕਰਨਾ ਅਹਿਮ ਹੈ: ਕੀ ਪਿਛਲੇ 50 ਸਾਲਾਂ ਦੌਰਾਨ, ਦੁਨੀਆ ਨੇ ਸੰਵਿਧਾਨਕ ਲੋਕਰਾਜ ਦੇ ਮਾਮਲਿਆਂ ਵਿਚ ਕੋਈ ਪੇਸ਼ਕਦਮੀ ਕੀਤੀ ਹੈ ਜਾਂ ਅਸੀਂ ਖੜੋਤ ਦਾ ਸ਼ਿਕਾਰ ਹਾਂ ਜਾਂ ਫਿਰ ਪਿਛਾਂਹ ਮੁੜੇ ਹਾਂ? ਕੀ ਲੋਕਤੰਤਰ ਦਮਨ ਲਾਗੇ ਚੱਲਦੇ ਨਰਮ ਤੰਗਨਜ਼ਰਵਾਦ ਵਿਚ ਗਰਕ ਰਹੇ ਹਨ ਜਿੱਥੇ ਦੂਜੇ ਧਰਮਾਂ ਜਾਂ ਜੀਵਨ ਪੱਧਤੀਆਂ ਲਈ ਬਹੁਤੀ ਥਾਂ ਨਹੀਂ ਹੁੰਦੀ? ਦਰਅਸਲ, ਨਸਲੀ ਅਸਹਿਣਸ਼ੀਲਤਾ ਪੁਰਾਣੇ ਸਮਿਆਂ ਦੇ ਮੁਕਾਬਲੇ ਜ਼ਿਆਦਾ ਘਿਣਾਉਣੇ ਰੂਪ ਵਿਚ ਸਿਰ ਚੁੱਕ ਰਹੀ ਹੈ। ਦੁਨੀਆ ਭਰ ਵਿਚ ਬੇਸ਼ੁਮਾਰ ਮਿਊਨਿਖ ਉਦਾਰਵਾਦੀ ਬਹੁਵਾਦੀ ਸਮਾਜਾਂ ਦਾ ਚੋਗਾ ਉਤਾਰ ਕੇ ਵਿਤਕਰਿਆਂ ਅਤੇ ਹਿੰਸਾ ਨਾਲ ਲਬਰੇਜ਼ ਸ਼ਹਿਰਾਂ ਦਾ ਰੂਪ ਧਾਰਦੇ ਜਾ ਰਹੇ ਹਨ।
*ਲੇਖਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਅੰਗਰੇਜ਼ੀ ਅਤੇ ਕਲਚਰਲ ਸਟੱਡੀਜ਼ ਵਿਭਾਗ ਦੇ ਪ੍ਰੋਫੈਸਰ ਹਨ।
Advertisement

Advertisement