ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਾਂ ਤੇ ਹੁਣ...

06:11 AM Nov 03, 2023 IST

ਨੰਦ ਸਿੰਘ ਮਹਤਿਾ

“ਕੁਨਣਾ ਤੇਰਾ ਕੀ ਲੈਂਦੇ ਸੀ ਇਹ, ਓਏ?” ਆਪਣਾ ਮੋਟਰ ਸਾਈਕਲ ਮੋਟਰ ਵਾਲੇ ਵਿਹੜੇ ’ਚ ਖੜ੍ਹਾ ਕਰਦਿਆਂ ਮੈਂ ਆਪਣੇ ਸੀਰੀ ਕੁਨਣ ਨੂੰ ਸੰਬੋਧਤਿ ਸਾਂ।
“ਤੈਨੂੰ ਡਰ ਨ੍ਹੀਂ ਲੱਗਿਆ?” ਅੱਗਿਓਂ ਕੁਨਣ ਹੱਸ ਰਿਹਾ ਸੀ।
“ਨਾਂਹ ਮੈਂ ਥੋਡੇ ’ਚੋਂ ਨ੍ਹੀਂ? ਮੈਂ ਕਿਸਾਨ ਦਾ ਪੁੱਤ ਹੋਣ ’ਤੇ ਮਾਣ ਕਰ ਰਿਹਾ ਸੀ।
“ਇਹ ਹੁਣ ਹੰਕਾਰ ਗਿਆ ਸੀ। ਮੈਂ ਜਿਹੜੇ ਕਿਆਰੇ ’ਚ ਪਾਣੀ ਛੱਡਦਾ, ਇਹ ਓਸੇ ’ਚ ਮੂਹਰੇ ਆ ਕੇ ਫਣ ਚੱਕ ਲੈਂਦਾ ਸੀ।”
“... ਤੇ ਇਸ ਵਿਚਾਰੀ ਗੋਹ ਨੇ ਤੇਰਾ ਕੀ ਵਿਗਾੜਿਆ ਸੀ?”
“ਇਹ ਵੀ ਜਾੜ੍ਹਾਂ ਜੀਆਂ ਕੱਢਦੀ ਸੀ। ਮੈਂ ਮਾਰਿਆ ਇਹਦੇ ਵੀ ਪਿੱਠ ’ਚ ਤੇ ਕੱਟ’ਤੀ ਇਹਦੀ ਵੀ ਜੂਨੀ।”
ਕੁਨਣ ਸਾਡਾ ਕਾਰ-ਏ-ਮੁਖ਼ਤਾਰ ਸੀ। ਖੇਤ ਚਾਹ-ਪਾਣੀ ਦੀ ਜਿ਼ੰਮੇਵਾਰੀ ਉਸੇ ਦੀ ਹੁੰਦੀ। ਉਹ ਤਕੜੇ ਜੁੱਸੇ ਵਾਲਾ ਕਾਮਾ ਸੀ ਪਰ ਸੀ ਮਰਜ਼ੀ ਦਾ ਮਾਲਕ। ਕੋਈ ਉਸ ਦੀ ਬਹੁਤੀ ਰੋਕ-ਟੋਕ ਨਹੀਂ ਸੀ ਕਰ ਸਕਦਾ।
ਇਹ 1981-82 ਵਾਲਾ ਸਮਾਂ ਸੀ। ਮੈਂ ਰੋਜ਼ ਵਾਂਗ ਉਸ ਦਿਨ ਵੀ ਸਕੂਲੋਂ ਸਿੱਧਾ ਖੇਤ ਪਹੁੰਚ ਗਿਆ ਸੀ। ਮੀਂਹ ਪੈ ਕੇ ਹਟਿਆ ਸੀ। ਸਾਰੇ ਜਣੇ ਦੁਪਹਿਰ ਦੀ ਚਾਹ ਪੀ ਰਹੇ ਸਨ। ਮੇਰੇ ਦੋਵੇਂ ਵੱਡੇ ਭਰਾ, ਭਤੀਜਾ, ਦੋਵੇਂ ਸੀਰੀ ਕੁਨਣ ਤੇ ਮਿੱਠੂ ਅਤੇ ਦੋ ਕੁ ਦਿਹਾੜੀਏ ਖੇਤ ਦੇ ਉੱਚੇ ਪਾਸੇ ਤੋਂ ਹੇਠਾਂ ਵੱਲ ਆਉਂਦੇ ਪਾਣੀ ਨਾਲ ਪਏ ਘਾਰੇ ਪੂਰ ਰਹੇ ਸਨ। ਕੁਨਣ ਸ਼ਰਾਰਤੀ ਜਿਹਾ ਸੀ। ਉਸ ਨੇ ਸਾਡੇ ਖੇਤ ਰਹਿੰਦਾ ਕੋਬਰਾ ਅਤੇ ਵੱਡੀ ਸਾਰੀ ਗੋਹ ਮਾਰ ਕੇ ਪਹੀ ’ਤੇ ਪਏ ਲੀਹੇ ਦੇ ਦੋਵੇਂ ਪਾਸੀਂ ਰੱਖ ਦਿੱਤੇ ਸਨ।... ਉਸ ਨੂੰ ਲੱਗਦਾ ਸੀ ਕਿ ਜਦੋਂ ਮੈਂ ਆਊਂਗਾ, ਡਰ ਜਾਊਂਗਾ।
ਕੋਬਰੇ ਨੂੰ ਕਿਸੇ ਨੇ ਮਾਰਿਆ ਨਹੀਂ ਸੀ; ਤੇ ਕੋਬਰੇ ਨੇ ਵੀ ਕਦੇ ਕਿਸੇ ਕੰਮ ’ਚ ਵਿਘਨ ਨਹੀਂ ਸੀ ਪਾਇਆ। ਜਿੱਥੇ ਕੰਮ ਕਰਨ ਵਾਲੇ ਕੰਮ ਕਰ ਰਹੇ ਹੁੰਦੇ, ਉਥੋਂ ਉਹ ਟਲ ਜਾਂਦਾ। ਖੇਤ ਉੱਚਾ-ਨੀਵਾਂ ਤੇ ਰੇਤਲਾ ਸੀ। ਸਾਡੇ ਤਾਏ ਕੁੰਢਾ ਸਿਉਂ ਨੇ ਉੱਥੇ ਬਹੁਤ ਸਾਰੀਆਂ ਕਿੱਕਰਾਂ ਬੇਰੀਆਂ ਪਾਲੀਆਂ ਹੋਈਆਂ ਸਨ। ਜਿੱਥੇ ਵੀ ਕੋਈ ਦਰੱਖਤ ਉੱਗ ਪੈਂਦਾ, ਉਹ ਉਸ ਨੂੰ ਵੱਢਣ-ਪੁੱਟਣ ਨਹੀਂ ਦਿੰਦਾ ਸੀ। ਸਾਡੇ ਖੇਤ ਦੇ ਨਾਲ ਵਾਲਾ ਟਿੱਬਾ ਵੀ ਬੇਆਬਾਦ ਪਿਆ ਹੋਣ ਕਰ ਕੇ ਉਸ ਵਿਚ ਕਿੱਕਰਾਂ ਬੇਰੀਆਂ ਦੇ ਨਾਲ ਨਾਲ ਬੂਈਆਂ, ਅੱਕ, ਖਿੱਪ, ਸਲੋਟ, ਸਰਕੜਾ ਅਤੇ ਹੋਰ ਬਹੁਤ ਕੁਝ ਉੱਗਿਆ ਹੋਣ ਕਰ ਕੇ ਉੱਥੇ ਗਿੱਦੜ, ਲੂੰਬੜ, ਸਹੇ, ਸੱਪ, ਨਿਉਲੇ, ਝਹੇ, ਗੋਹਾਂ, ਤਿੱਤਰ, ਬਟੇਰੇ ਅਤੇ ਹੋਰ ਅਨੇਕਾਂ ਕਿਸਮ ਦੇ ਜੀਵ ਰਹਿੰਦੇ ਸਨ। ਉਨ੍ਹਾਂ ਦਾ ਸਾਡੇ ਖੇਤ ’ਚ ਆਉਣਾ ਜਾਣਾ ਵੀ ਆਮ ਹੀ ਸੀ।
ਮੈਂ ਖੇਤਾਂ, ਖੇਤੀ ਤੇ ਖੇਤਾਂ ਵਾਲਿਆਂ ਨੂੰ ਪਿਆਰ ਕਰਨ ਵਾਲਾ ਬੰਦਾ ਹਾਂ। ਇਸੇ ਲਈ 27 ਮਾਰਚ 2016 ਨੂੰ ਜਦੋਂ ਆਪਣੇ ਖੇਤ ’ਚ ਲੱਗੇ ਟਿਊਬਵੈੱਲ ਦੇ ਚਬੱਚੇ ’ਤੇ ਬੈਠਾ ਆਪਣੇ ਖੇਤ ਨੂੰ ਰੀਝ ਨਾਲ ਦੇਖ ਰਿਹਾ ਸੀ ਤਾਂ ਮਾਣ ਜਿਹਾ ਹੋ ਰਿਹਾ ਸੀ ਪਰ ਨਾਲ ਹੀ ਉਸ ’ਤੇ ਕਿਸੇ ਹੋਰ ਦੀ ਅੱਖ ਹੋਣ ਦਾ ਖਿਆਲ ਵੀ ਆ ਰਿਹਾ ਸੀ। ਉਦੋਂ ਜ਼ੁਬਾਨ ’ਤੇ ਕੁਝ ਲਾਈਨਾਂ ਆ ਗਈਆਂ ਸਨ; ਫਿਰ ਉਹ ਲਾਈਨਾਂ 2020-21 ਦੇ ਕਿਸਾਨ ਮੋਰਚੇ ’ਚ ਸੱਚ ਸਾਬਤ ਹੁੰਦੀਆਂ ਹਨ:
ਮੇਰੀ ਜਿੰਦ ਮੇਰੀ ਜਾਨ। ਮੇਰਾ ਮਾਣ ਮੇਰੀ ਸ਼ਾਨ।
ਜਾਬਰਾਂ ਦੀ ਇਹ’ਤੇ ਅੱਖ, ਪਰ ਮੈਂ ਹੋਜੂੰ ਕੁਰਬਾਨ।
ਰੱਤ ਅੰਤਾਂ ਦਾ ਡੁੱਲੂ, ਨੇਰ੍ਹੀ ਰੱਤੀ ਜਦੋਂ ਝੁੱਲੂ।
ਜਿੱਤ ਹੋਊ ਆਖ਼ਰ ਮੇਰੀ, ਯੁੱਧ ਹੋਊ ਘਮਸਾਨ...!
ਜਾਬਰਾਂ ਨੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜਿ਼ਸ਼ ਰਚੀ ਤਾਂ ਘਮਸਾਨੀ ਯੁੱਧ ਹੋਇਆ। ਕਿਸਾਨੀ ਫੌਜਾਂ ਆਪਣੇ ਏਕੇ, ਸਿਰੜ ਤੇ ਸਿਦਕ ਵਾਲੇ ਹਥਿਆਰਾਂ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਜਾ ਗਰਜੀਆਂ। ਉਨ੍ਹਾਂ ਅਨੇਕਾਂ ਰੋਕਾਂ ਸਰ ਕੀਤੀਆਂ। ਭਾਰੀ ਪੱਥਰਾਂ ਦੇ ਬੈਰੀਕੇਡ ਤੋੜੇ। ਹੰਝੂ ਗੈਸ ਦੇ ਗੋਲਿਆਂ ਦੇ ਬਰਸਾਏ ਮੀਂਹ ਦਾ ਸਾਹਮਣਾ ਕੀਤਾ। ਪਾਣੀ ਦੀਆਂ ਬੁਛਾੜਾਂ ਝੱਲੀਆਂ। 700 ਦੇ ਲੱਗਭੱਗ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਪਰ ਜਿੱਤ ਅੰਤ ਮਿਹਨਤੀਆਂ ਦੀ ਹੋਈ।
... ਉਦੋਂ ਖੇਤਾਂ ’ਚ ਆਮ ਤੌਰ ’ਤੇ ਖੂਬ ਰੌਣਕਾਂ ਹੁੰਦੀਆਂ ਸਨ। ਕੋਈ ਹਲ ਵਾਹ ਰਿਹਾ ਹੁੰਦਾ, ਕੋਈ ਫ਼ਸਲਾਂ ਗੁੱਡ ਰਿਹਾ ਹੁੰਦਾ, ਕੋਈ ਖਾਲ ਸੰਵਾਰ ਰਿਹਾ ਹੁੰਦਾ ਤੇ ਕੋਈ ਕੁਝ ਹੋਰ ਕਰ ਰਿਹਾ ਹੁੰਦਾ। ਛੁੱਟੀ ਵਾਲੇ ਦਿਨ ਮੈਂ ਸਾਰਾ ਦਿਨ ਖੇਤ ਹੀ ਰਹਿੰਦਾ ਸਾਂ।
ਉਦੋਂ ਖੇਤੀ ਦਾ ਕੰਮ ਬਹੁਤ ਔਖਾ ਹੁੰਦਾ ਸੀ। ਟ੍ਰੈਕਟਰ ਭਾਵੇਂ ਆ ਗਏ ਸਨ, ਫਿਰ ਵੀ ਬਹੁਤ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ। ਦੂਜਾ, ਉਦੋਂ ਤਕਰੀਬਨ ਸਾਰੀਆਂ ਹੀ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਸਾਉਣੀ ਦੀਆਂ ਫ਼ਸਲਾਂ ਵਿਚ ਕਪਾਹ ਨਰਮੇ ਨਾਲ ਬਾਜਰਾ, ਗੁਆਰਾ, ਮੱਕੀ, ਮੂੰਗੀ, ਮੋਠ ਆਦਿ ਵੀ ਬੀਜੇ ਜਾਂਦੇ ਸਨ। ਬਾਜਰਾ ਅਤੇ ਗੁਆਰਾ ਵੱਢਣਾ-ਕੱਢਣਾ ਬਹੁਤ ਔਖਾ ਹੁੰਦਾ ਸੀ। ਇਹਨਾਂ ’ਚ ਕੰਡ ਬਹੁਤ ਹੁੰਦੀ ਸੀ। ਬਾਜਰਾ ਡੁੰਗਣਾ ਤਾਂ ਬਹੁਤ ਹੀ ਔਖਾ ਹੁੰਦਾ ਸੀ। ਇਕੱਲੇ ਇਕੱਲੇ ਸਿੱਟੇ ਨੂੰ ਹੱਥ ਲਾਉਣਾ ਪੈਂਦਾ ਸੀ; ਭਾਵ, ਸਿੱਟਾ ਫੜ ਕੇ ਵੱਢਣਾ ਪੈਂਦਾ ਸੀ। ਗੁਆਰਾ ਵੱਢਣਾ-ਕੱਢਣਾ ਵੀ ਬਹੁਤ ਔਖਾ ਹੁੰਦਾ। ਮੀਂਹ ਆਮ ਹੀ ਪੈ ਜਾਂਦੇ ਸਨ। ਪਿੜ ’ਚ ਪਿਆ ਗੁਆਰਾ ਜੇ ਭਿੱਜ ਜਾਂਦਾ ਤਾਂ ਸੁਕਾਉਣ ਲਈ ਸਾਰਾ ਸਿਆਲ ਹੀ ਜੂਝਣਾ ਪੈਂਦਾ। ਨਹਾਉਣ-ਧੋਣ ਦੀ ਵੀ ਸਾਡੇ ਵਰਗੇ ਘੌਲ ਕਰ ਜਾਂਦੇ ਸਨ।... ਬੜਾ ਔਖਾ ਕੰਮ ਸੀ ਉਦੋਂ ਖੇਤੀ ਦਾ।
ਸਬ੍ਹਾਤਾਂ, ਵਰਾਂਡਿਆਂ, ਛਤੜਿਆਂ ਵਾਲੇ ਘਰ ਤਕਰੀਬਨ ਕੱਚੇ ਹੀ ਹੁੰਦੇ ਸਨ। ਫੱਗਣ ਦਾ ਮਹੀਨਾ ਉਨ੍ਹਾਂ ਨੂੰ ਲਿੱਪਣ-ਪੋਚਣ ’ਤੇ ਹੀ ਲੰਘ ਜਾਂਦਾ ਸੀ। ਕਿਸਾਨਾਂ ਦਾ ਜੀਵਨ ਬੜਾ ਔਖਾ ਸੀ। ਵੀਹ ਕੁ ਜੀਆਂ ਦਾ ਸਾਡਾ ਵੱਡਾ ਪਰਿਵਾਰ ਸੀ। ਸਾਰੇ ਪਾਸੀਂ ਹਾਸਿਆਂ ਦੇ ਛਣਕਾਟੇ ਪੈਂਦੇ ਸਨ।
ਸਮਾਂ ਬੀਤਦਾ ਗਿਆ। ਸਾਰੀ ਖੇਤੀ ਮਸ਼ੀਨੀ ਹੋ ਗਈ। ਮਿਹਨਤ-ਮੁਸ਼ੱਕਤ ਦੇ ਮਾਇਨੇ ਬਦਲ ਗਏ। ਹੁਣ ਖੇਤਾਂ ’ਚੋਂ ਰੌਣਕਾਂ ਹੀ ਚਲੀਆਂ ਗਈਆਂ ਹਨ। ਸਿਰਫ ਨਰਮੇ ਕਪਾਹਾਂ ਵਾਲੇ ਖੇਤਾਂ ’ਚ ਥੋੜ੍ਹੇ ਸਮੇ ਲਈ ਰੌਣਕਾਂ ਰਹਿੰਦੀਆਂ ਹਨ। ਬਾਕੀ ਸਾਰਾ ਸਾਲ ਖੇਤ ਸੁੰਨੇ ਜਿਹੇ ਹੀ ਰਹਿੰਦੇ ਹਨ। ਖੇਤ ਹੁਣ ਭਾਂਡੇ ਬਣ ਗਏ ਹਨ ਜਿਨ੍ਹਾਂ ’ਚ ਸਮਾਨ ਪਾਇਆ ਜਾਂਦਾ ਹੈ ਅਤੇ ਜਿਣਸ ਪੈਦਾ ਕਰ ਲਈ ਜਾਂਦੀ ਹੈ।
ਅਸੀਂ ਚਾਰੇ ਭਾਈ ਅੱਡ ਅੱਡ ਰਹਿਣ ਲੱਗ ਪਏ ਹਾਂ। ਅਗਲੀ ਪੀੜ੍ਹੀ ਪੜ੍ਹ-ਲਿਖ ਗਈ ਹੈ। ਧੀਆਂ ਆਪੋ-ਆਪਣੇ ਘਰੀਂ ਚਲੀਆਂ ਗਈਆਂ ਹਨ। ਤੀਜੀ ਪੀੜ੍ਹੀ ਵਾਲੇ ਪਰਦੇਸੀ ਹੋ ਗਏ ਹਨ। ਹੁਣ ਦੋ ਦੋ, ਤਿੰਨ ਤਿੰਨ ਜੀਆਂ ਵਾਲੀਆਂ ਕੋਠੀਆਂ ਬਣ ਗਈਆਂ ਹਨ। ਸਾਰੇ ਘਰੀਂ ਕਾਰਾਂ ਆ ਖੜ੍ਹੀਆਂ ਹਨ। ਦੁਧਾਰੂ ਅਤੇ ਹਾਲੀ ਜੀਵਾਂ ਦਾ ਵਾਸਾ ਮੁੱਕ ਗਿਆ ਹੈ ਜਾਂ ਮੁੱਕ ਰਿਹਾ ਹੈ। ਆਪਸੀ ਸਾਂਝਾਂ ਖ਼ਤਮ ਹੋ ਗਈਆਂ ਹਨ। ਰਸਮੀ ਜਾਂ ਮਤਲਬੀ ਰਿਸ਼ਤੇ ਹੀ ਰਹਿ ਗਏ ਹਨ। ਪਹਿਲਾਂ ਵਾਲਾ ਅਸਲੀ ਭਾਵੇਂ ਔਖਾ ਜੀਵਨ ਹੁਣ ਬਹੁਤ ਨਹੀਂ, ਬਹੁਤ ਹੀ ਪਿੱਛੇ ਰਹਿ ਗਿਆ ਹੈ। ਹੁਣ ਭਾਵੇਂ ਸੌਖਾ ਪਰ ਨਕਲੀ ਜਿਹੇ ਦਾ ਪਹਿਰਾ ਹੋ ਗਿਆ ਹੈ।
ਸੰਪਰਕ: 94170-35744

Advertisement

Advertisement