ਆਵਾਜ਼ ਬਣ
ਸਰਿਤਾ ਤੇਜੀ
ਚੁੱਪ ਦੇ ਜਿੰਦਰੇ ਲਈ ਆਵਾਜ਼ ਬਣ,
ਬੇਨੂਰ ਅੱਖੀਆਂ ਦੇ ਲਈ ਕੋਈ ਖ਼ਾਬ ਬਣ।
ਸਮੇਂ ਨੇ ਗਿਰਵੀ ਜਿਨ੍ਹਾਂ ਦੇ ਰੱਖੇ ਖੰਭ,
ਨਿਆਸਰੇ ਜਿਸਮਾਂ ਲਈ ਪਰਵਾਜ਼ ਬਣ।
ਸਰੇ ਰਾਹ ਜੋ ਵਿਕੀ, ਉਸ ਮਜਬੂਰ ਲਈ,
ਸਿਰ ਦੀ ਚੁੰਨੀ, ਹਿੱਕ ਦਾ ਕੋਈ ਰਾਜ਼ ਬਣ।
ਵਾਪਰੇਗਾ ਹੁਣ ਨਾ ਕੋਈ ਮੁਅੱਜ਼ਜਾ,
ਉੱਠ, ਛੁਪੇ ਘਾਤੀਆਂ ਲਈ ਗਾਜ ਬਣ।
ਮਧੋਲਿਆ ਮੁੜ ਜਿਉਣ ਲਈ ਜੋ ਅੜ ਗਿਆ,
ਓਸ ਘਾਹ ਦੀ ਤਿੜ ਤੋਂ ਜ਼ਿੰਦਗੀ ਲਈ ਨਾਜ਼ ਬਣ।
ਤਕਦੀਰ ਦੇ ਹੱਥੋਂ ਹੱਕ ਆਪਣਾ ਖੋਹ ਲਵੇ,
ਚਿੜੀ ਨਹੀਂ, ਤੂੰ ਹੌਂਸਲਾ ਰੱਖ ਬਾਜ਼ ਬਣ।
ਜਾਤਾਂ, ਧਰਮਾਂ, ਨਸਲਾਂ ਵਿੱਚ ਕਿਉਂ ਉਲਝਿਆ
ਮਨੁੱਖ ਏ ਤਾਂ ਮਨੁੱਖਤਾ ਦਾ ਤਾਜ ਬਣ।
ਸੰਪਰਕ: 96468-48766
ਗ਼ਜ਼ਲ
ਮੋਹਨ ਸ਼ਰਮਾ
ਉਹ ਅੱਥਰੂ ਅੱਥਰੂ ਹੈ ਐਦਾਂ ਨਾ ਰੁਲਾ ਉਹਨੂੰ।
ਤੇਰੇ ਸਾਹੀਂ ਜਿਉਂਦਾ ਹੈ ਐਦਾਂ ਨਾ ਭੁਲਾ ਉਹਨੂੰ।
ਹੁਣ ਸੇਕ ਤਿਉੜੀ ਦਾ ਉਹਤੋਂ ਨਹੀਂ ਸਹਿ ਹੋਣਾ,
ਉਪਕਾਰ ਤੇਰਾ ਇਹੋ ਤੂੰ ਹੱਸਕੇ ਬੁਲਾ ਉਹਨੂੰ।
ਉਹਦੇ ਪੈਰੀਂ ਛਾਲੇ ਨੇ ਉਹਦੀ ਰੂਹ ਵੀ ਜ਼ਖ਼ਮੀ ਹੈ,
ਉਹ ਥੱਕਿਆ ਪਾਂਧੀ ਹੈ ਮੋਹ ਨਾਲ ਸੁਲਾ ਉਹਨੂੰ।
ਇਹ ਮੋਹ ਦੀ ਦੌਲਤ ਨੂੰ ਵੇਖੀਂ ਕਿਤੇ ਖੋ ਦੇਵੇਂ,
ਉਹ ਵਫ਼ਾ ਦੀ ਮੂਰਤ ਹੈ, ਨੈਣਾਂ ’ਚ ਵਸਾ ਉਹਨੂੰ।
ਉਹ ਚੁੱਪ ਚੁਪੀਤਾ ਹੁਣ ਸਿਵਿਆਂ ਵੱਲ ਵਿੰਹਦਾ ਹੈ,
ਉਹ ਰੋਜ਼ ਹੀ ਜਲਦਾ ਹੈ, ਨਾ ਹੋਰ ਜਲਾ ਉਹਨੂੰ।
ਸੰਪਰਕ: 94171-48866
* * *
ਭੁੱਲ-ਭੁਲੇਖੇ
ਨਿਰਮਲ ਸਿੰਘ ਰੱਤਾ
ਭੁੱਲ ਭੁਲੇਖੇ ਚੁੱਪ ਚੁਪੀਤੇ ਕਦੇ ਕਦੇ ਤਾਂ ਆਇਆ ਕਰ
ਜਾਂਦੇ ਜਾਂਦੇ ਲਾ ਗਿਆ ਸੀ ਜੋ ਆ ਕੁੰਡਾ ਖੜਕਾਇਆ ਕਰ
ਮੈਂ ਕਦ ਆਖਾਂ ਸ਼ਰਮ ਹਯਾ ਦੇ ਗਹਿਣੇ ਲਾਹ ਕੇ ਸੁੱਟ ਪਰ੍ਹਾਂ
ਪਰ ਨੈਣਾਂ ਦੀ ਆਪਸ ਦੇ ਵਿੱਚ ਗਲਵੱਕੜੀ ਤਾਂ ਪਾਇਆ ਕਰ
ਅੰਬਰਾਂ ਦੇ ਚੰਨ ਤਾਰੇ ਕਿੰਨਾ ਸਾਂਭ ਸੁਹੱਪਣ ਬੈਠੇ ਨੇ
ਜ਼ੁਲਫ਼ ਹਟਾ ਕੇ ਇਨ੍ਹਾਂ ਨੂੰ ਆ ਸ਼ੀਸ਼ਾ ਤਾਂ ਦਿਖਲਾਇਆ ਕਰ
ਤੜਫ਼ ਤੜਫ਼ ਕੇ ਹਿਜਰ ਤੇਰੇ ਵਿੱਚ ਸੁਪਨੇ ਸਾਰੇ ਮੁੱਕ ਚੱਲੇ
ਯਾ ਅੱਲ੍ਹਾ ਹੁਣ ਰਹਿਮਤ ਕਰਦੇ ਦੀਦ ਦਾ ਮੀਂਹ ਵਰਸਾਇਆ ਕਰ
ਕਿੰਨੇ ਸਾਲ ਮਹੀਨੇ ਲੰਘੇ ਪ੍ਰੇਮ ਨਿਸ਼ਾਨੀ ਦੇ ਜਾਹ ਤੂੰ
ਜਾਂ ਤਾਂ ਸਾਨੂੰ ਛੱਲਾ ਦੇ ਜਾਂ ਜ਼ਖ਼ਮ ਕੋਈ ਨਵਿਆਇਆ ਕਰ
ਯਾਦ ਤੇਰੀ ਦੀ ਕਾਲ ਕੋਠੜੀ ਜਿਉਂ ਮੱਸਿਆ ਦੀਆਂ ਰਾਤਾਂ ਨੇ
ਪੁੰਨਿਆ ਦਾ ਚੰਨ ਬਣਕੇ ਕੁਝ ਪਲ ਜੀਵਨ ਤਾਂ ਰੁਸ਼ਨਾਇਆ ਕਰ
ਦੁਨੀਆ ਭਰ ਦੇ ਸਾਗਰ ਤਰ ਕੇ ਫਿਰ ਤਿਰਹਾਇਆ ਫਿਰਦਾ ਹਾਂ
ਕਦੇ ਹਿਮਾਲਿਆ ਦੀ ਜਲ ਧਾਰਾ ਬਣ ਕੇ ਪਿਆਸ ਬੁਝਾਇਆ ਕਰ
ਧੁਖ਼ਦੀ ਪਈ ਇਹ ਮੁੱਦਤਾਂ ਤੋਂ ਜੋ ਬੁੱਝਦੀ ਬੁੱਝਦੀ ਬੁਝ ਚੱਲੀ
ਯਾਦਾਂ ਦੀ ਧੂਣੀ ਨੂੰ ਆ ਕੇ ਹਵਾ ਕਦੇ ਦੇ ਜਾਇਆ ਕਰ
ਇੱਕ ਨਦੀ ਦੇ ਦੋ ਕੰਢੇ ਬਣ ਬੈਠੇ ਕਦ ਤੱਕ ਰਹਿਣਾ ਹੈ
ਦਿਲ ਤੋਂ ਦਿਲ ਤੱਕ ਪਹੁੰਚਣ ਲਈ ਕੋਈ ਪੁਲ ਤਾਂ ਕਦੇ ਬਣਾਇਆ ਕਰ
ਸੰਪਰਕ: 84270-07623