ਰੈਲੀਆਂ ਕਾਰਨ ਥਾਂ-ਥਾਂ ਲੱਗੇ ਜਾਮ; ਪ੍ਰਸ਼ਾਸਨ ਰਿਹਾ ਪੱਬਾਂ ਭਾਰ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਫਰਵਰੀ
ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਖੰਨਾ ਤੇ ਸਮਰਾਲਾ ਵਿੱਚ ਕਰਵਾਈਆਂ ਗਈਆਂ ਰੈਲੀਆਂ ਦੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਨੂੰ ਕਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਵਾਧੂ ਇੰਤਜ਼ਾਮ ਕਰਨੇ ਪਏ ਹਨ, ਉੱਥੇ ਪੁਲੀਸ ਨੂੰ ਇਸ ਇਲਾਕੇ ਦੇ ਚੜ੍ਹਦੀ ਵਿੱਚ ਸਥਿਤ ਰੈਲੀ ਵਾਲੀਆਂ ਥਾਵਾਂ ਨੂੰ ਇੱਥੋਂ ਜਾਣ ਵਾਲੇ ਟਰੈਫਿਕ ਕਾਰਨ ਵੀ ਪੱਬਾਂ ਭਾਰ ਰਹਿਣਾ ਪਿਆ ਹੈ।
ਲੁਧਿਆਣਾ- ਮਾਲੇਰਕੋਟਲਾ, ਅਹਿਮਦਗੜ੍ਹ- ਰਾਏਕੋਟ, ਜਗੇੜਾ-ਪਾਇਲ, ਰਾਏਕੋਟ-ਸਾਹਨੇਵਾਲ, ਕੁੱਪ-ਮਲੌਦ, ਮਾਲੇਰਕੋਟਲਾ-ਜੌੜੇਪੁਲ ਅਤੇ ਅਹਿਮਦਗੜ੍ਹ-ਸੰਦੌੜ ਸੜਕਾਂ ਉੱਪਰ ਸ਼ਨਿਚਰਵਾਰ ਅਤੇ ਐਤਵਾਰ ਦੋਵੇਂ ਦਿਨ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਤੋਂ ਬਾਅਦ ਥਾਂ-ਥਾਂ ਜਾਮ ਲੱਗਦੇ ਰਹੇ। ਦੋਵੇਂ ਪਾਰਟੀਆਂ ਵੱਲੋਂ ਸਰਕਾਰੀ ਬੱਸਾਂ ਸਮੇਤ ਵੱਡੀ ਗਿਣਤੀ ਪ੍ਰਾਈਵੇਟ ਬੱਸਾਂ ਰੈਲੀਆਂ ਲਈ ਬੁੱਕ ਕੀਤੇ ਜਾਣ ਨਾਲ ਸਮੱਸਿਆ ਹੋਰ ਵੀ ਗੰਭੀਰ ਬਣੀ ਰਹੀ ਕਿਉਂਕਿ ਜਿਹੜੇ ਲੋਕਾਂ ਨੇ ਰੁਟੀਨ ਵਿੱਚ ਬੱਸਾਂ ਵਿੱਚ ਸਫਰ ਕਰਨਾ ਸੀ ਉਨ੍ਹਾਂ ਨੂੰ ਆਪਣੇ ਨਿੱਜੀ ਵਾਹਨ ਸੜਕਾਂ ’ਤੇ ਲਿਆਉਣੇ ਪਏ। ਭਾਵੇਂ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਇਸ ਸਬੰਧ ਵਿੱਚ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਪਰ ਅਸਲ ਵਿੱਚ ਆਸ ਨਾਲੋਂ ਵੱਧ ਵਾਹਨ ਸੜਕਾਂ ਉੱਪਰ ਆਉਣ ਕਾਰਨ ਡੀਐੱਸਪੀ ਅਹਿਮਦਗੜ੍ਹ ਦਵਿੰਦਰ ਸਿੰਘ ਸੰਧੂ, ਡੀਐੱਸਪੀ ਗਿੱਲ ਗੁਰਇਕਬਾਲ ਸਿੰਘ ਅਤੇ ਡੀਐੱਸਪੀ ਰਾਏਕੋਟ ਖੁਦ ਫੀਲਡ ਵਿੱਚ ਆਕੇ ਟਰੈਫਿਕ ਦਾ ਸੰਚਾਲਨ ਕਰਵਾਉਂਦੇ ਦੇਖੇ ਗਏ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵੇਂ ਦਿਨ ਆਪਣੇ ਜਾਣਕਾਰਾਂ ਦੇ ਟਰੈਫਿਕ ਵਿੱਚ ਫਸ ਜਾਣ ਤੋਂ ਬਾਅਦ ਦਖਲਅੰਦਾਜ਼ੀ ਕਰ ਕੇ ਕਈ ਥਾਈਂ ਟਰੈਫਿਕ ਜਾਮ ਖੁਲ੍ਹਵਾਉਣੇ ਪਏ।
ਲੁਧਿਆਣਾ-ਮਾਲੇਰਕੋਟਲਾ ਰੋਡ ਉੱਪਰ ਥਾਣਾ ਡੇਹਲੋਂ ਨੇੜੇ ਪੈਂਦੇ ਚੌਕ ਵਿੱਚ ਜਾਮ ਖੁੱਲ੍ਹਵਾ ਰਹੇ ਥਾਣੇਦਾਰ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਵੱਡੇ ਵਾਹਨਾਂ ਵੱਲੋਂ ਬਾਈਪਾਸ ਰਾਹੀਂ ਨਾ ਜਾ ਕੇ ਪਿੰਡ ਦੇ ਅੰਦਰੋਂ ਲੰਘਣ ਨਾਲ ਸਥਿਤੀ ਕਈ ਬਾਰ ਸੰਭਾਲਣੀ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਰਸਤੇ ਤੋਂ ਲੰਘਦੀਆਂ ਐਂਬੂਲੈਂਸਾਂ ਆਦਿ ਨੂੰ ਦੇਖਦੇ ਹੋਏ ਵਾਧੂ ਫੋਰਸ ਲਗਾਤਾਰ ਲਗਾ ਕੇ ਰੱਖੀ ਗਈ ਸੀ।