For the best experience, open
https://m.punjabitribuneonline.com
on your mobile browser.
Advertisement

ਭੈਣੀ ਰਜਬਾਹੇ ’ਚ ਪਾੜ ਕਾਰਨ ਕਿਤੇ ਡੋਬਾ, ਕਿਤੇ ਸੋਕਾ

10:55 AM Dec 21, 2023 IST
ਭੈਣੀ ਰਜਬਾਹੇ ’ਚ ਪਾੜ ਕਾਰਨ ਕਿਤੇ ਡੋਬਾ  ਕਿਤੇ ਸੋਕਾ
ਮਾਨਸਾ ਨੇੜੇ ਭੈਣੀ ਰਜਬਾਹੇ ’ਚ ਪਏ ਪਾੜ ਦੀ ਝਲਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 20 ਦਸੰਬਰ
ਭਾਰੀ ਠੰਢ ਦੇ ਦਿਨਾਂ ਵਿਚ ਭੈਣੀ ਰਜਬਾਹੇ ਵਿੱਚ ਪਏ ਪਾੜ ਕਾਰਨ, ਜਿੱਥੇ ਤਿੰਨ ਪਿੰਡਾਂ ਰੱਲਾ, ਤਾਮਕੋਟ ਅਤੇ ਭੂਪਾਲ ਦੀ ਤਕਰੀਬਨ 700 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਉਥੇ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਵਿਚਲੇ ਲਗਪਗ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਖੇਤ ਅਤੇ ਲੋਕ ਪਾਣੀ ਨੂੰ ਤਰਸ ਰਹੇ ਹਨ। ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲੋਂ ਇਹ ਨਹਿਰ 15 ਨਵੰਬਰ ਤੋਂ 5 ਦਸੰਬਰ ਤੱਕ 21 ਦਿਨਾਂ ਵਾਸਤੇ ਜ਼ਰੂਰੀ ਮੁਰੰਮਤ ਲਈ ਬੰਦ ਕੀਤੀ ਗਈ ਸੀ ਜਦਕਿ ਉਸ ਤੋਂ ਬਾਅਦ ਇੱਕ ਹਫ਼ਤੇ ਲਈ ਹੋਰ ਬੰਦੀ ਦਾ ਸਮਾਂ ਵਧਾਇਆ ਗਿਆ ਪਰ ਜਦੋਂ ਸਿੰਜਾਈ ਵਿਭਾਗ ਵੱਲੋਂ 18 ਦਸੰਬਰ ਨੂੰ ਪਾਣੀ ਛੱਡਿਆ ਗਿਆ ਤਾਂ ਕੋਟਲਾ ਬ੍ਰਾਂਚ ਨਹਿਰੀ ਦੀ ਭੈਣੀ ਡਿਸਟ੍ਰਬਿਊਟਰੀ ਵਿੱਚ ਲਗਪਗ 100 ਫੁੱਟ ਪਾੜ ਪੈਣ ਕਾਰਨ ਤਿੰਨ ਪਿੰਡਾਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਉਪਰੰਤ ਇਸ ਰਜਬਾਹੇ ਵਿੱਚ ਪਾੜ ਪੂਰਨ ਤੱਕ ਸਿੰਚਾਈ ਵਿਭਾਗ ਵੱਲੋਂ ਬੰਦੀ ਕੀਤੀ ਗਈ ਹੈ, ਜਿਸ ਕਾਰਨ ਤਕਰੀਬਨ ਸਵਾ ਮਹੀਨਾ ਤੋਂ 4 ਦਰਜਨ ਪਿੰਡਾਂ ਦੇ ਖੇਤ ਪਾਣੀ ਤੋਂ ਵਾਂਝੇ ਹੋ ਗਏ ਹਨ ਅਤੇ ਇਨ੍ਹਾਂ ਪਿੰਡਾਂ ਦੇ ਵਾਟਰ ਵਰਕਸਾਂ ਦੇ ਟੈਂਕ ਖਾਲੀ ਹੋਣ ਕਾਰਨ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਸਿੰਚਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਦੱਸਿਆ ਕਿ ਰਜਬਾਹਾ ਟੁੱਟਣ ਦੇ ਕਾਰਨਾਂ ਲਈ ਬਣਾਈ ਦੋ ਐਸਡੀਓਜ਼ ਦੀ ਕਮੇਟੀ ਵੱਲੋਂ ਅੱਜ ਦਿੱਤੀ ਗਈ ਰਿਪੋਰਟ ਤੋਂ ਬਾਅਦ ਸ਼ਾਮ ਨੂੰ ਮਹਿਕਮੇ ਦੇ ਦੋ ਕਰਮਚਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਅੱਜ ਪਾੜ ਪੂਰਨ ਦਾ ਕਾਰਜ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਰਜਬਾਹੇ ਵਿੱਚ ਪਾੜ, ਪਾਣੀ ਡਾਫ਼ ਕਾਰਨ ਚੂਹੇ ਦੀ ਖੱਡ ’ਚੋਂ ਲੀਕੇਜ ਹੋਣ ਕਾਰਨ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਜਬਾਹੇ ਦੀ ਸਮਰੱਥਾ 400 ਕਿਊਸਿਕ ਹੈ। ਉਨ੍ਹਾਂ ਮੰਨਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਸਮੇਤ ਕਈ ਦਰਜਨ ਪਿੰਡਾਂ ਦੇ ਵਾਟਰ ਵਰਕਸ, ਖੇਤ ਪਾਣੀ ਤੋਂ ਵਾਂਝੇ ਹੋ ਗਏ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਰਜਬਾਹੇ ਦੇ ਟੁੱਟਣ ਕਾਰਨ ਤਿੰਨ ਪਿੰਡਾਂ ਦੇ 700 ਤੋਂ ਵੱਧ ਏਕੜ ਵਿੱਚ ਡੋਬਾ ਪੈ ਗਿਆ ਹੈ, ਜਦਕਿ ਡੇਢ ਦਰਜਨ ਤੋਂ ਵੱਧ ਮਾਨਸਾ ਜ਼ਿਲ੍ਹੇ ਦੇ ਅਤੇ ਢਾਈ ਦਰਜਨ ਤੋਂ ਵੱਧ ਬਠਿੰਡਾ ਜ਼ਿਲ੍ਹੇ ਦੇ ਖੇਤ ਕਣਕ ਸਮੇਤ ਹੋਰ ਫ਼ਸਲਾਂ ਨੂੰ ਪਹਿਲੇ ਪਾਣੀ ਲਈ ਤਿਹਾਏ ਹੋ ਗਏ ਹਨ ਅਤੇ ਐਨੇ ਹੀ ਪਿੰਡਾਂ ਦੇ ਲੋਕ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਤੋਂ ਪਿਆਸੇ ਹੋ ਗਏ ਹਨ।
ਮਹਿਕਮੇ ਅਨੁਸਾਰ ਇਸ ਰਜਬਾਹੇ ਰਾਹੀਂ ਪਿੰਡ ਰੱਲਾ, ਤਾਮਕੋਟ, ਖੋਖਰ ਕਲਾਂ, ਖੋਖਰ ਖੁਰਦ, ਭੈਣੀਬਾਘਾ, ਠੂਠਿਆਂਵਾਲੀ, ਸੱਦਾ ਸਿੰਘ ਵਾਲਾ, ਮਾਨਬੀਬੜੀਆਂ, ਕੋਠੇ ਅਸਪਾਲ, ਬਹਿਣੀਵਾਲ, ਬਣਾਂਵਾਲਾ, ਚਹਿਲਾਂਵਾਲਾ, ਰਾਏਪੁਰ, ਮਾਖਾ, ਕੋਟਲੀ ਕਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਪ੍ਰਭਾਵਤ ਹੁੰਦੇ ਹਨ ਜਦਕਿ ਢਾਈ ਦਰਜਨ ਤੋਂ ਵੱਧ ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਦੀ ਹੱਦ ਤੱਕ ਲੱਗਦੇ ਪਿੰਡ ਨਹਿਰੀ ਪਾਣੀ ਦੀ ਸਪਲਾਈ ਨੂੰ ਤਰਸਣ ਲੱਗੇ ਹਨ।

Advertisement

Advertisement
Advertisement
Author Image

Advertisement