ਸੁਖਬੀਰ ਕਾਰਨ ਲੋਕ ਖ਼ੁਦ ਨੂੰ ਅਕਾਲੀ ਅਖਵਾਉਣ ਤੋਂ ਝਿਜਕਣ ਲੱਗੇ: ਚੰਦੂਮਾਜਰਾ
ਸਰਬਜੀਤ ਸਿੰਘ ਭੱਟੀ
ਲਾਲੜੂ, 13 ਅਗਸਤ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਰ ਕੇ ਅਕਾਲੀ ਦਲ ਦੀ ਹਾਲਤ ਇਸ ਹੱਦ ਮਾੜੀ ਹੋ ਚੁੱਕੀ ਹੈ ਕਿ ਪੰਜਾਬ ਦੇ ਟਕਸਾਲੀ ਅਕਾਲੀ ਪਰਿਵਾਰ ਵੀ ਖ਼ੁਦ ਨੂੰ ਅਕਾਲੀ ਅਖਵਾਉਣ ਤੋਂ ਝਿਜਕਣ ਲੱਗੇ ਹਨ। ਸਥਾਨਕ ਅਕਾਲੀ ਆਗੂ ਅਵਤਾਰ ਸਿੰਘ ਜਵਾਹਰਪੁਰ ਅਤੇ ਕਰਣ ਸਿੰਘ ਜਿਊਲੀ ਦੀ ਪਹਿਲ ਸਦਕਾ ਲੈਹਲੀ ਦੇ ਗੁਰਦੁਆਰੇ ਵਿੱਚ ਹੋਈ ਮੀਟਿੰਗ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ।
ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਵੋਟਾਂ ਪੱਖੋਂ ਬਹੁਤ ਨਿਵਾਣਾਂ ਵਾਲੀ ਸਥਿਤੀ ਵਿੱਚ ਪੁੱਜ ਚੁੱਕਾ ਹੈ ਅਤੇ ਇਹ ਸਭ ਕੁੱਝ ਸੁਖਬੀਰ ਬਾਦਲ ਵੱਲੋਂ ਕੀਤੀ ਮਾਫੀਆ ਦੀ ਕਥਿਤ ਪੁਸ਼ਤਪਨਾਹੀ ਕਾਰਨ ਹੋਇਆ ਹੈ। ਸ੍ਰੀ ਚੰਦੂਮਾਜਰਾ ਅਤੇ ਸ੍ਰੀ ਬਰਾੜ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਧੜਾ ਖ਼ੁਦ ਹੀ ਵਕੀਲ ਤੇ ਜੱਜ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਪੰਥ ਅਤੇ ਪੰਜਾਬ ਲਈ ਕੋਈ ਵੀ ਕੁਰਬਾਨੀ ਨਹੀਂ ਹੈ।
ਹਲਕਾ ਡੇਰਾਬਸੀ ਵਿੱਚ ਅਕਾਲੀ ਦਲ ਦੇ ਨਿਘਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਪੁੱਤਰ ਦੇ ਹਲਕੇ ਸਨੌਰ ਵਿੱਚੋਂ ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ ਜਦੋਂਕਿ ਡੇਰਾਬਸੀ ਵਿੱਚ ਭਾਜਪਾ ਨੇ ਆਪਣਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਵਿੱਚ ਭਾਜਪਾ ਦੀ ਚੜ੍ਹਤ ਬਾਰੇ ਐਨਕੇ ਸ਼ਰਮਾ ਖ਼ੁਦ ਅੰਦਰਝਾਤ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਇਹ ਸਭ ਕੁੱਝ ਬਠਿੰਡਾ ਸੀਟ ’ਤੇ ਭਾਜਪਾ ਨਾਲ ਸਮਝੌਤਾ ਹੋਣ ਕਾਰਨ ਹੋਇਆ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਬੀਰ ਸਿੰਘ ਲੈਹਲੀ ਤੇ ਹੋਰ ਆਗੂ ਹਾਜ਼ਰ ਸਨ।