ਸੁੰਦਰੀ: ਦਾਬੇ ਖਿਲਾਫ਼ ਹੋਂਦ ਦਾ ਮਸਲਾ
ਡਾ. ਹਰਿੰਦਰਜੀਤ ਸਿੰਘ ਕਲੇਰ
‘ਸੁੰਦਰੀ’ ਭਾਈ ਵੀਰ ਸਿੰਘ ਦਾ ਪਲੇਠਾ ਤੇ ਸ਼ਾਹਕਾਰ ਪੰਜਾਬੀ ਨਾਵਲ ਹੈ ਜੋ 1898 ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਪਹਿਲਾਂ ਇਸਾਈ ਮਿਸ਼ਨਰੀਆਂ ਦੇ ਦੋ ਨਾਵਲ ਜਾਨ ਬਨੀਅਨ ਦੇ ‘ਪਿਲਗ੍ਰਿਮਜ਼ ਪ੍ਰੋਗਰੈੱਸ’ (ਪੰਜਾਬੀ ਅਨੁਵਾਦ ‘ਯਿਸੂਈ ਮੁਸਾਫ਼ਰ ਦੀ ਯਾਤਰਾ’) ਅਤੇ ‘ਜਯੋਤਿਰੁਦਯ’ (ਦੂਜਾ ਨਾਂ ‘ਜੋਤ ਦਾ ਉਦੈ ਹੋਣਾ’) ਛਪੇ ਸਨ। ਇਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿਤ ਇਨ੍ਹਾਂ ਨਾਵਲਾਂ ਦਾ ਅਨੁਵਾਦ ਪੰਜਾਬੀ ’ਚ ਕਰਵਾ ਤੇ ਪੰਜਾਬ ਦੇ ਲੋਕਾਂ ਵਿੱਚ ਵੰਡ ਕੇ ਇਸ ਨੂੰ ਪ੍ਰਚਾਰ ਦਾ ਜ਼ਰੀਆ ਬਣਾਇਆ ਸੀ। ਇਨ੍ਹਾਂ ਵਿੱਚ ਇੱਕ ਤਬਕੇ ਦੇ ਲੋਕਾਂ ਨੂੰ ਸੱਭਿਅਕ ਅਤੇ ਦੂਜੇ ਤਬਕੇ ਦੇ ਲੋਕਾਂ ਨੂੰ ਅਸੱਭਿਅਕ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬੀ ਨਾਵਲ ਨੇ ਵਿਧਾ ਤੇ ਵਿਚਾਰ ਪੱਛਮ ਤੋਂ ਲਿਆ ਸੀ, ਪਰ ਉਸ ਸਮੇਂ ਦੇ ਜ਼ਰੂਰੀ ਤੱਤ ਉਨ੍ਹਾਂ ਦੇ ਸੱਭਿਆਚਾਰ ਤੋਂ ਵੱਖਰੇ ਸਨ। ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਦਾ ਉਦੈ ਤਣਾਅ ਦੀ ਸਥਿਤੀ ਵਿੱਚੋਂ ਹੋਇਆ।
ਸੰਨ 1898 ’ਚ ਛਪੇ ਨਾਵਲ ‘ਸੁੰਦਰੀ’ ਤੋਂ ਬਾਅਦ ਭਾਈ ਵੀਰ ਸਿੰਘ ਨੇ ਨਾਵਲ ‘ਸਤਵੰਤ ਕੌਰ’, ‘ਵਿਜੈ ਸਿੰਘ’ ਅਤੇ ‘ਬਾਬਾ ਨੌਧ ਸਿੰਘ’ ਲਿਖੇ। ਇਹ ਨਾਵਲ ਇਤਿਹਾਸਕ ਹੋਣ ਦੇ ਨਾਲ ਨਾਲ ਧਾਰਮਿਕ ਪ੍ਰਸੰਗਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਦਰਅਸਲ, ਇਸਾਈ ਮਿਸ਼ਨਰੀਆਂ, ਹਿੰਦੂਆਂ, ਮੁਸਲਮਾਨਾਂ, ਸਨਾਤਨ ਤੇ ਆਰੀਆ ਸਮਾਜੀ ਅਤੇ ਜਮਾਇਤ ਅਹਿਮਦੀਆ ਵੱਲੋਂ ਆਪੋ ਆਪਣੇ ਧਰਮਾਂ ਨੂੰ ਨਿਵੇਕਲਾ ਤੇ ਵਧੀਆ ਦਿਖਾਉਣ ਹਿਤ ਚਲਾਏ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਭਾਈ ਵੀਰ ਸਿੰਘ ਅਤੇ ਹੋਰ ਸਿੱਖ ਬੁੱਧੀਜੀਵੀਆਂ ਨੇ ਰਲ ਕੇ ਸਿੰਘ ਸਭਾ ਲਹਿਰ ਨੂੰ ਉਤਸ਼ਾਹਿਤ ਕੀਤਾ ਤਾਂ ਜੋ ਸਿੱਖਾਂ ਦੇ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ।
ਇਸ ਲਹਿਰ ਦਾ ਅਸਲ ਮਕਸਦ ਸਿੱਖਾਂ ਦੇ ਮਨਾਂ ਵਿੱਚ ਧਾਰਮਿਕ, ਇਤਿਹਾਸਕ ਸ਼ਖ਼ਸੀਅਤਾਂ ਦੇ ਆਦਰਸ਼ਾਂ ਨੂੰ ਪੇਸ਼ ਕਰ ਕੇ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਸੀ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਚਲਾਏ ਬਰਾਬਰੀ ਦੇ ਸੰਕਲਪ ਨੂੰ ਲੋਕਾਈ ਤੱਕ ਲਿਜਾਇਆ ਜਾ ਸਕੇ। ਇਸੇ ਕਰਕੇ ਭਾਈ ਵੀਰ ਸਿੰਘ ਨੇ ਸਿੱਖ ਇਤਿਹਾਸ ਦੇ ਸ਼ਾਨਾਂਮੱਤੇ ਸਮੇਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ।
ਭਾਈ ਵੀਰ ਸਿੰਘ ਨੇ ‘ਸੁੰਦਰੀ’ ਨਾਵਲ ਵਿੱਚ ਅਠਾਰਵੀਂ ਸਦੀ ਦੇ ਸਿੱਖ ਸੰਘਰਸ਼ ਦਾ ਵਿਸ਼ਾ ਚੁਣਿਆ ਤੇ ਪੱਛਮੀ ਸੰਸਕ੍ਰਿਤੀ ਦੇ ਉਲਟ ਹਕੂਮਤ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਲੁਕਵੇਂ ਤਰੀਕੇ ਤੇ ਆਪਣੇ ਪ੍ਰਬੀਨ ਢੰਗ ਨਾਲ ਸਾਹਿਤਕ ਮਾਧਿਅਮ ਦਾ ਸਹਾਰਾ ਲੈ ਕੇ ਸਿੱਖ ਆਦਰਸ਼ਾਂ ਨੂੰ ਤੱਥਾਂ ਸਮੇਤ ਅਤੇ ਉਨ੍ਹਾਂ ਦੇ ਸਿਦਕ ਤੇ ਆਡੋਲਤਾ ਦੇ ਨਾਲ ਨਾਲ ਵਿਰੋਧੀ ਹਾਲਾਤ ਨਾਲ ਸੰਘਰਸ਼ ਵਿੱਚੋਂ ਪੈਦਾ ਹੋਏ ਦੁੱਖਾਂ, ਤਕਲੀਫ਼ਾਂ ਵੀ ਆਮ ਲੋਕਾਂ ਲਈ ਰਾਹਦਸੇਰਾ ਬਣਾ ਕੇ ਪੇਸ਼ ਕੀਤਾ।
‘ਸੁੰਦਰੀ’ ਵਿੱਚ ਛੋਟੇ ਘੱਲੂਘਾਰੇ ਤੇ ਅਹਿਮਦ ਸ਼ਾਹ ਅਬਦਾਲੀ ਤੇ ਹੋਰ ਮੁਗ਼ਲ ਹਾਕਮਾਂ ਦੇ ਸਮੇਂ ਦਾ ਚਿੱਤਰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਾ ਮਕਸਦ ਉਸ ਸਮੇਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਚੁੱਕੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਸਿੱਖ ਇਤਿਹਾਸ ਦੇ ਬਹਾਦਰੀ ਭਰੇ ਅਮੀਰ ਵਿਰਸੇ, ਮੁਗ਼ਲਾਂ ਦੇ ਜਬਰ ਤੇ ਦਾਬੇ ਦੇ ਬਿਰਤਾਂਤ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸੀ ਤਾਂ ਜੋ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕੇ ਲੋਕਾਂ ਵਿੱਚ ਉਤਸ਼ਾਹ ਭਰਿਆ ਅਤੇ ਖ਼ਾਸਕਰ ਇਸਤਰੀ ਜਾਤੀ ਨੂੰ ਸਮਾਜ ਵਿੱਚ ਯੋਗ ਥਾਂ ਦਿਵਾਈ ਜਾ ਸਕੇ। ਸੁੰਦਰੀ ਨੂੰ ਇੱਕ ਧਾਰਮਿਕ, ਦਲੇਰ, ਸੂਝਵਾਨ ਲੜਕੀ ਵਜੋਂ ਦ੍ਰਿਸ਼ਮਾਨ ਕਰ ਕੇ ‘ਰੋਲ ਮਾਡਲ’ ਦੇ ਰੂਪ ਵਿੱਚ ਪੇਸ਼ ਕੀਤਾ ਜੋ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਧਰਮ ਤੇ ਅਸਲੀਅਤ ਤੋਂ ਪਿੱਛੇ ਨਹੀਂ ਹਟਦੀ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਨਾਵਲ ਵਿੱਚ ਇੱਕ ਥਾਂ ਉਹ ਆਖਦੀ ਹੈ:
‘‘ਤੀਵੀਆਂ ਧਰਮ ਰੱਖਯਾ ਲਈ ਕਿਉਂ ਨਹੀਂ ਜੰਗ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ।’’
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ ਦੀ ਬਾਣੀ ਨੂੰ ਸਿੱਖ ਨੈਤਿਕਤਾ ਦਾ ਆਧਾਰ ਮੰਨਿਆ ਜਾ ਸਕਦਾ ਹੈ। ਇਸ ਤਹਿਤ ਭਾਈ ਵੀਰ ਸਿੰਘ ਨੇ ਸਿੱਖ ਨੈਤਿਕਤਾ ਨੂੰ ਪ੍ਰਮੁੱਖ ਤੌਰ ’ਤੇ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਹੈ। ਅਠਾਰ੍ਹਵੀਂ ਸਦੀ ਦੇ ਇਤਿਹਾਸ ਨੂੰ ਪ੍ਰਤੀਮਾਨਕ ਰੂਪ ਵਿੱਚ ਪੇਸ਼ ਕਰ ਕੇ ਉਨ੍ਹਾਂ ਨੇ ਉਸ ਸਮੇਂ ਦੇ ਲੀਹ ਤੋਂ ਲੱਥੇ ਸਿੱਖਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸੁੰਦਰੀ ਨੂੰ ਆਦਰਸ਼ ਪਾਤਰ ਬਣਾ ਕੇ ਔਰਤ ਜਾਤੀ ਪ੍ਰਤੀ ਗੁਰੂ ਦੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਧਰਮ ਤੇ ਨੈਤਿਕਤਾ ਪ੍ਰਤੀ ਸੁਚੇਤ ਕਰਦਿਆਂ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਵਿੱਚ ਰੁਚਿਤ ਹੁੰਦੇ ਹੋਏ ਔਰਤਾਂ ਨੂੰ ਨੈਤਿਕ ਫ਼ਰਜ਼ਾਂ ਪ੍ਰਤੀ ਸੁਚੇਤ ਵੀ ਕੀਤਾ।
ਭਾਈ ਵੀਰ ਸਿੰਘ ਦੇ ਇਸ ਨਾਵਲ ਵਿੱਚ ਸਭ ਤੋਂ ਪਹਿਲਾਂ ਪ੍ਰਤੀਮਾਨ ਤੇ ਪਰਹਾਣ ਦਾ ਦਵੰਦ ਵੱਖਰਾ ਰੂਪ ਅਖਤਿਆਰ ਕਰਦਾ ਹੈ। ਉਹ ਸਥਾਪਿਤ ਸੰਪਰਦਾਇਕ ਪ੍ਰਤੀਮਾਨਾਂ ਦੇ ਨੁਕਤੇ ਤੋਂ ਨਹੀਂ ਸਗੋਂ ਪਰਹਾਹਿਤ ਹੋਈ ਜੀਵਨ ਜਾਚ ਉੱਤੇ ਸਵਾਲੀਆ ਨਿਸ਼ਾਨ ਲਗਾਉਂਦਾ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਰਚਨਾ ਵਿੱਚ ਵਿਰੋਧ ਨਵੀਂ ਜੀਵਨ ਜਾਚ ਤੋਂ ਪ੍ਰਤੀਮਾਨਕ ਜ਼ਿੰਦਗੀ ਵੱਲ ਆ ਜਾਂਦਾ ਹੈ। ਇਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਭਾਈ ਵੀਰ ਸਿੰਘ ਨੂੰ ਆਪਣੇ ਸਮੇਂ ਵਿੱਚ ਖ਼ਾਸਕਰ ਸਿੱਖ ਪੁਰਸ਼ਾਂ ਅਤੇ ਇਸਤਰੀਆਂ ਦੇ ਧਰਮ ਤੋਂ ਦੂਰ ਜਾਣ ’ਤੇ ਦੁੱਖ ਸੀ।
‘ਸੁੰਦਰੀ’ ਦਾ ਵਿਸ਼ਾ ਧਾਰਮਿਕ ਹੈ ਤੇ ਸਮੇਂ ਅਨੁਸਾਰ ਦਾਬੇ ਤੇ ਜਬਰ ਖਿਲਾਫ਼ ਸੁਚੇਤ ਕਰਨ ਵਾਲਾ ਹੈ। ਇਸ ਦਾ ਅਸਲ ਮਹੱਤਵ ਸਿੱਖ ਧਰਮ ਵਿੱਚ ਆ ਰਹੇ ਪਤਨ ਨੂੰ ਕਿਵੇਂ ਨਾ ਕਿਵੇਂ ਰੋਕਣਾ ਹੈ। ਇਸ ਨਾਵਲ ਦੇ ਪਾਤਰ ਉਸਾਰੀ ਵੱਲੋਂ ਆਦਰਸ਼ਕ, ਘਟਨਾਵਾਂ ਪੱਖੋਂ ਰੁਮਾਂਟਿਕ ਅਤੇ ਦ੍ਰਿਸ਼ਟੀ ਵਜੋਂ ਸੁਧਾਰਕ ਅਤੇ ਯਥਾਰਥ ਤੋਂ ਦੂਰ ਲੱਗਦੇ ਹਨ। ਇਸ ਦੇ ਬਾਵਜੂਦ ਇਹ ਨਾਵਲ ਸਾਹਿਤ ਇਤਿਹਾਸ ਵਿੱਚ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ।
ਮੁੱਢਲੇ ਇਤਿਹਾਸਕ ਨਾਵਲਾਂ ਦਾ ਕਥਾਨਕ ਅਕਸਰ ਅਠਾਰਵੀਂ ਸਦੀ ਵਿੱਚ ਹੋਈਆਂ ਸਿੱਖਾਂ ਦੀ ਮੁਗ਼ਲ ਹਾਕਮਾਂ ਨਾਲ ਟੱਕਰ ਦੀਆਂ ਘਟਨਾਵਾਂ ’ਤੇ ਆਧਾਰਿਤ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਮੁਗ਼ਲ ਹਾਕਮਾਂ ਦੇ ਜਬਰ ਤੇ ਜ਼ੁਲਮ ਦਾ ਵਿਰੋਧ ਜ਼ਿਆਦਾਤਰ ਸਿੱਖਾਂ ਨੂੰ ਹੀ ਕਰਨਾ ਪਿਆ। ਉਹ ਸਿੱਖਾਂ ਨੂੰ ਕਰਮ, ਧਰਮ ਤੇ ਆਰਥਿਕ ਤੌਰ ’ਤੇ ਕਮਜ਼ੋਰ ਕਰ ਕੇ ਆਪਣੇ ਰਾਹੀਂ ਚਲਾਉਣਾ ਚਾਹੁੰਦੇ ਸਨ। ਉਸ ਦੇ ਬਾਵਜੂਦ ਸਿੱਖ ਯੋਧੇ ਗੁਰੂ ਵੱਲੋਂ ਬਖ਼ਸ਼ੀ ਸਿੱਖਿਆ ਅਨੁਸਾਰ ਨੈਤਿਕਤਾ ਨੂੰ ਅੱਖੋਂ ਪਰੋਖੇ ਨਹੀਂ ਕਰਦੇ ਸਗੋਂ ਸ਼ੁੱਧ ਆਚਰਣ ਪ੍ਰਤੀ ਵੀ ਵਚਨਬੱਧ ਸਨ।
ਭਾਈ ਵੀਰ ਸਿੰਘ ਨੇ ਸੁੰਦਰੀ ਨੂੰ ਇੱਕ ਸਿੱਖ ਨਾਇਕਾ ਬਣਾ ਕੇ ਪੇਸ਼ ਕੀਤਾ ਹੈ। ਉਸ ਨੂੰ ਬਾਕੀ ਇਸਤਰੀਆਂ ਦੇ ਮੁਕਾਬਲੇ ਵਧੇਰੇ ਸ੍ਰੇਸ਼ਟ, ਵਧੇਰੇ ਬਲਵਾਨ ਤੇ ਵਧੇਰੇ ਦਿਆਨਤਦਾਰ ਦਰਸਾਇਆ ਗਿਆ ਹੈ ਤਾਂ ਕਿ ਹੋਰ ਸਿੱਖ ਪੁਰਸ਼ ਤੇ ਇਸਤਰੀਆਂ ਉਸ ਦਾ ਤਰ੍ਹਾਂ ਆਦਰਸ਼ਕ ਜੀਵਨ ਜਿਊਣ। ਸੁੰਦਰੀ ਇੱਕ ਖਾਂਦੇ-ਪੀਂਦੇ ਹਿੰਦੂ ਪਰਿਵਾਰ ਦੀ ਸੋਹਣੀ ਤੇ ਸਮਝਦਾਰ ਧੀ ਹੈ ਜੋ ਮੁਕਲਾਵੇ ਵਾਲੇ ਦਿਨ ਮੁਗ਼ਲ ਹਾਕਮਾਂ ਦੇ ਕਰਿੰਦਿਆਂ ਦੇ ਹੱਥ ਚੜ੍ਹ ਜਾਂਦੀ ਹੈ। ਉਹ ਆਪਣੇ ਧਰਮ ਤੇ ਕਰਮ ਵਿੱਚ ਪੱਕੀ, ਨਿਡਰ, ਦਇਆਵਾਨ ਨਾਰੀ ਹੈ। ਜਦੋਂ ਉਸ ਦਾ ਪਰਿਵਾਰ, ਖ਼ਾਸਕਰ ਉਸ ਦਾ ਹੋਣ ਵਾਲਾ ਪਤੀ ਉਸ ਦੇ ਉਧਾਲੇ ਤੋਂ ਬਾਅਦ ਨਾਲ ਲੈ ਕੇ ਜਾਣ ਤੋਂ ਮੁਨਕਰ ਹੋ ਜਾਂਦਾ ਹੈ ਤਾਂ ਉਹ ਪਰਮਾਤਮਾ ਵਿੱਚ ਵਿਸ਼ਵਾਸ ਹੋਣ ਸਦਕਾ ਔਖੀਆਂ ਘੜੀਆਂ ਵਿੱਚ ਵੀ ਅਡੋਲ ਰਹਿੰਦੀ ਹੈ। ਸਿੱਖ ਯੋਧਿਆਂ ਨਾਲ ਰਲਣ ਤੋਂ ਬਾਅਦ ਉਹ ਆਪਣੀ ਸਾਰੀ ਜ਼ਿੰਦਗੀ ਵਿਆਹ ਦੇ ਬੰਧਨ ਤੋਂ ਮੁਕਤ ਹੋ ਕੇ ਜਤ-ਸਤ ਵਾਲੀ, ਸਦਾਚਾਰੀ, ਦਇਆਵਾਨ ਨਾਰੀ ਦੇ ਰੂਪ ਵਿੱਚ ਪੇਸ਼ ਹੋਈ ਹੈ। ਉਹ ਆਪਣਾ ਜੀਵਨ ਉਨ੍ਹਾਂ ਦੀ ਸੇਵਾ ਸੰਭਾਲ ਤੇ ਗੁਰੂ ਦੇ ਲੇਖੇ ਲਾ ਦਿੰਦੀ ਹੈ। ਸੁੰਦਰੀ ਇੱਕ ਧਰਮ ਭੈਣ, ਸੇਵਾਦਾਰ ਜੋ ਲੰਗਰ ਪਾਣੀ ਦਾ ਜ਼ਿੰਮਾ ਆਪ ਲੈਂਦੀ ਹੈ, ਵੀਰਤਾ ਤੇ ਸੂਝ ਦੇ ਨਾਲ ਨਾਲ ਹੋਰ ਚੰਗੇ ਆਤਮਿਕ ਵਿਚਾਰਾਂ ਨਾਲ ਭਰਪੂਰ ਹੋਣ ਕਰਕੇ ਸਿੱਖ ਧਰਮ ਲਈ ਆਪਣੀ ਜ਼ਿੰਦਗੀ ਵੀ ਅਰਪਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਉਹ ਔਖੇ ਸਮੇਂ ਵਿੱਚ ਵੀ ਸਨਿਮਰ, ਬਹਾਦਰ ਤੇ ਨਿਆਂਪਸੰਦ ਰਹਿੰਦੀ ਹੈ। ਜਦੋਂ ਜਥੇ ’ਤੇ ਆਰਥਿਕ ਸੰਕਟ ਮੰਡਰਾਉਂਦਾ ਹੈ ਤਾਂ ਉਹ ਆਪਣੀ ਕੀਮਤੀ ਹੀਰੇ ਦੀ ਮੁੰਦਰੀ ਵੇਚਣ ਲਈ ਤੋਂ ਗੁਰੇਜ਼ ਨਹੀਂ ਕਰਦੀ। ਜਦੋਂ ਸੁੰਦਰੀ ਲੰਗਰ ਦੀ ਸੇਵਾ ਵਾਸਤੇ ਸੌਦਾ-ਪੱਤਾ ਲੈਣ ਸ਼ਹਿਰ ਵੱਲ ਜਾਂਦੀ ਹੈ ਤਾਂ ਰਸਤੇ ਵਿੱਚ ਮੁਗ਼ਲ ਹਾਕਮਾਂ ਦੇ ਕਰਿੰਦਿਆਂ ਵੱਲੋਂ ਫੜ ਲਈ ਜਾਂਦੀ ਹੈ। ਇੱਕ ਤੁਰਕ ਸੁੰਦਰੀ ਨੂੰ ਧਰਮ ਬਦਲ ਕੇ ਆਪਣੇ ਹਾਕਮ ਦੀ ਬੇਗਮ ਬਣਾਉਣ ਦੀ ਪੇਸ਼ਕਸ਼ ਕਰਦਾ ਹੈ। ਉਹ ਡੋਲਦੀ ਨਹੀਂ ਸਗੋਂ ਇੱਕ ਯੋਧੇ ਦੀ ਤਰ੍ਹਾਂ ਨਿਡਰ ਤੇ ਗੁਰੂ ਵਿੱਚ ਪ੍ਰਪੱਕ ਵਿਸ਼ਵਾਸ ਹੋਣ ਕਾਰਨ ਉਸ ਨੂੰ ਬਹਾਦਰੀ ਨਾਲ ਜਵਾਬ ਦਿੰਦੀ ਹੈ ਜੋ ਬਹੁਤ ਹੀ ਤਰਕਸੰਗਤ ਪ੍ਰਤੀਤ ਹੁੰਦਾ ਹੈ।
ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਾਵਲ ਵਿੱਚ ਭਾਈ ਸਾਹਿਬ ਨੇ ਸਿੱਖ ਨੈਤਿਕਤਾ, ਅਮਲਾਂ, ਸੰਘਰਸ਼ਾਂ, ਨਿਮਰਤਾ, ਨਾਮ ਜਪਣ ਤੇ ਸੇਵਾ ਆਦਿ ਦੇ ਸੰਕਲਪਾਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ ਕਿ ਕਿਵੇਂ ਸਿੱਖ ਔਖੇ ਤੋਂ ਔਖੇ ਸਮੇਂ ਵਿੱਚ ਵੀ ਆਪਣੇ ਗੁਰੂ ਵਿੱਚ ਵਿਸ਼ਵਾਸ ਹੋਣ ਕਾਰਨ ਜਾਬਰ ਹਾਕਮਾਂ ਦੀਆਂ ਦਮਨਕਾਰੀ ਨੀਤੀਆਂ ਤੇ ਦਾਬੇ ਖਿਲਾਫ਼ ਆਪਣੀ ਹੋਂਦ ਬਚਾਉਣ ਦੇ ਯਤਨ ਕਰਦਿਆਂ ਅਣਖ ਤੇ ਗ਼ੈਰਤ ਭਰੀ ਜ਼ਿੰਦਗੀ ਜਿਊਣ ਨੂੰ ਤਰਜੀਹ ਦਿੰਦੇ ਸਨ।
* ਮੁਖੀ, ਪੰਜਾਬੀ ਵਿਭਾਗ, ਮਾਲਵਾ ਕਾਲਜ, ਬੌਂਦਲੀ-ਸਮਰਾਲਾ (ਲੁਧਿਆਣਾ)
ਸੰਪਰਕ: 94177-05555