For the best experience, open
https://m.punjabitribuneonline.com
on your mobile browser.
Advertisement

ਖ਼ੂਬਸੂਰਤ ਗਹਿਣਾ ਸਾਦਗੀ

10:22 AM Mar 16, 2024 IST
ਖ਼ੂਬਸੂਰਤ ਗਹਿਣਾ ਸਾਦਗੀ
Advertisement

ਕਮਲਜੀਤ ਕੌਰ ਗੁੰਮਟੀ

Advertisement

ਸਾਦਗੀ ਸਭ ਤੋਂ ਵੱਡਾ ਗਹਿਣਾ ਹੈ। ਇਹ ਗਹਿਣਾ ਭਾਵੇਂ ਕਿਸੇ ਬਜ਼ੁਰਗ ਨੇ, ਜਵਾਨ ਨੇ ਜਾਂ ਬੱਚੇ ਨੇ ਪਹਿਨਿਆ ਹੋਵੇ ਸਭ ਨੂੰ ਖ਼ੁਸ਼ੀ ਪ੍ਰਦਾਨ ਕਰਦਾ ਹੈ। ਸਾਦਗੀ ਮਨ ਨੂੰ ਤਰੋਤਾਜ਼ਾ ਕਰਨ ਵਾਲੀ ਇੱਕ ਮਹਿਕ ਹੈ। ਸਾਦਗੀ ਵਿੱਚ ਜੀਵਨ ਦੀ ਸੰਪੂਰਨਤਾ ਹੈ। ਚਕਾਚੌਂਧ ਭਰਿਆ ਜੀਵਨ ਸਿਰਫ਼ ਦਿਖਾਵਾ ਹੈ ਜੋ ਆਉਂਦਾ-ਜਾਂਦਾ ਰਹਿੰਦਾ ਹੈ ਪਰ ਸਾਦਗੀ ਅਮਰ ਹੈ। ਮਾਨਸਿਕ ਖ਼ੁਸ਼ੀ ਲਈ ਸਾਦਗੀ ਬਹੁਤ ਜ਼ਰੂਰੀ ਹੈ। ਭੌਤਿਕ ਸੁੱਖ ਸਹੂਲਤਾਂ, ਮਹਿੰਗੇ ਕੱਪੜੇ, ਮਹਿੰਗੀਆਂ ਕਾਰਾਂ, ਚੰਗੇ ਪਕਵਾਨ, ਵੱਡੀਆਂ ਕੋਠੀਆਂ ਹੋਣ ਦੇ ਬਾਵਜੂਦ ਜੇਕਰ ਸਾਡੇ ਮਨ ਅੰਦਰ ਉਲਝਣ ਅਤੇ ਖਲਬਲੀ ਹੈ ਤਾਂ ਇਹ ਖ਼ੁਸ਼ੀ ਨਹੀਂ।
ਖ਼ੁਸ਼ੀ ਦਾ ਅਰਥ ਹੈ ਮਨ ਦਾ ਸ਼ਾਂਤ ਹੋਣਾ, ਸਵੈ ਸੰਤੁਸ਼ਟੀ ਹੋਣੀ। ਜਿਸ ਵਿਅਕਤੀ ਕੋਲ ਸੋਝੀ ਹੈ, ਭਾਵੇਂ ਉਸ ਸੋਝੀ ਦਾ ਆਧਾਰ ਅਧਿਆਤਮਕਤਾ ਹੀ ਹੋਵੇ, ਉਹ ਭੌਤਿਕ ਤ੍ਰਿਸ਼ਨਾਵਾਂ ਦੀ ਅੰਨ੍ਹੀਂ ਦੌੜ ਵਿੱਚ ਸ਼ਾਮਲ ਨਹੀਂ ਹੁੰਦਾ। ਮਨੁੱਖੀ ਮਨ ਅਕਸਰ ਚਕਾਚੌਂਧ ਅਤੇ ਦਿਖਾਵੇ ਵੱਲ ਖਿੱਚਿਆ ਜਾਂਦਾ ਹੈ। ਬਹੁਤੇ ਦੁੱਖ ਅਸੀਂ ਚਕਾਚੌਂਧ ਵਾਲਾ ਜੀਵਨ ਜਿਊਣ ਕਰਕੇ ਹੀ ਪੈਦਾ ਕਰ ਲੈਂਦੇ ਹਾਂ। ਅਸੀਂ ਜਿਸ ਖ਼ੁਸ਼ੀ ਦੀ ਭਾਲ ਕਰਦੇ ਹਾਂ ਉਹ ਖ਼ੁਸ਼ੀ ਸਾਨੂੰ ਸਾਦਗੀ ਵਾਲੇ ਜੀਵਨ ਵਿੱਚੋਂ ਹਾਸਲ ਹੋ ਸਕਦੀ ਹੈ। ਸਾਡੇ ਤਨ ਅਤੇ ਮਨ ਦਾ ਗਹਿਰਾ ਸਬੰਧ ਹੈ। ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਤਨ ਦੀ ਖ਼ੁਸ਼ੀ ਲਈ ਮਨ ਦਾ ਚੈਨ ਗਵਾ ਲੈਂਦਾ ਹੈ। ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਸੁੱਖ ਸਹੂਲਤਾਂ ਵਾਲੇ ਲੋਕ ਵਧੇਰੇ ਖ਼ੁਸ਼ ਰਹਿੰਦੇ ਹਨ ਤਾਂ ਇਹ ਸਾਡਾ ਤੰਗ ਨਜ਼ਰੀਆ ਹੈ।
ਚਕਾਚੌਂਧ ਵਾਲਾ ਜੀਵਨ ਪਾਉਣ ਲਈ ਅਸੀਂ ਵਿਅਰਥ ਦੀ ਦੌੜ ਭੱਜ ਵਿੱਚ ਮਸ਼ਰੂਫ ਹੋ ਕੇ ਅੰਦਰੂਨੀ ਖ਼ੁਸ਼ੀ ਅਤੇ ਸਕੂਨ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਖ਼ੁਸ਼ੀ ਮਨੁੱਖ ਦੀ ਮੁੱਢਲੀ ਲੋੜ ਹੈ, ਇਸ ਦੀ ਭਾਲ ਮਨੁੱਖ ਨੂੰ ਕਰਦੇ ਰਹਿਣਾ ਚਾਹੀਦਾ ਹੈ। ਅਜਿਹੀ ਖ਼ੁਸ਼ੀ ਦਾ ਕੋਈ ਅਰਥ ਨਹੀਂ ਜੋ ਸਾਨੂੰ ਦੂਜਿਆਂ ਨੂੰ ਦੁੱਖ ਦੇ ਕੇ ਪ੍ਰਾਪਤ ਹੁੰਦੀ ਹੈ। ਸਮਾਜ ਵਿੱਚ ਵਿਚਰਨ ਲਈ ਸਮਾਜ ਦੇ ਹਾਣੀ ਹੋਣਾ ਜ਼ਰੂਰੀ ਹੈ ਪਰ ਸਾਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਜੇ ਅਸੀਂ ਸਾਦਗੀ ਵਾਲਾ ਜੀਵਨ ਬਤੀਤ ਕਰਾਂਗੇ ਤਾਂ ਲੋਕ ਕੀ ਕਹਿਣਗੇ। ਸਾਦਗੀ ਦਾ ਸਾਡੀ ਕਾਮਯਾਬੀ ਜਾਂ ਪ੍ਰਸਿੱਧੀ ’ਤੇ ਕੋਈ ਅਸਰ ਨਹੀਂ ਪੈਂਦਾ। ਸਿਆਣਿਆਂ ਨੇ ਸੱਚ ਕਿਹਾ ਹੈ ‘ਲਾਲ ਤਾਂ ਜੁੱਲੀਆਂ ਵਿੱਚ ਵੀ ਦਗਦੇ ਹਨ।’ ਸਾਡੀਆਂ ਤਰਜੀਹਾਂ ਸਹੀ ਹੋਣੀਆਂ ਚਾਹੀਦੀਆਂ ਹਨ। ਸਾਨੂੰ ਆਪਣੇ ਜੀਵਨ ਦਾ ਮਹੱਤਵ ਅਤੇ ਮੁੱਲ ਤਲਾਸ਼ਣ ਦੀ ਲੋੜ ਹੈ। ਜੇਕਰ ਸਾਡੇ ਰੁਤਬੇ ਵਿੱਚ ਸਾਦਗੀ ਹੈ ਤਾਂ ਦੁਨੀਆ ਦੀ ਹਰ ਮਹਿੰਗੀ ਤੋਂ ਮਹਿੰਗੀ ਸ਼ੈਅ ਉਸ ਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ।
ਚਕਾਚੌਂਧ ਮਹਿਜ਼ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ। ਕਈ ਵਾਰ ਅਸੀਂ ਦੂਸਰਿਆਂ ਦਾ ਚਕਾਚੌਂਧ ਵਾਲਾ ਜੀਵਨ ਦੇਖ ਕੇ ਮਾਨਸਿਕ ਰੋਗਾਂ ਦਾ ਬੋਝ ਚੁੱਕੀ ਫਿਰਦੇ ਹਾਂ, ਆਪਣੀ ਕਾਬਲੀਅਤ, ਸਿਹਤ ਅਤੇ ਸਮੇਂ ਦਾ ਨਾਸ਼ ਕਰ ਲੈਂਦੇ ਹਾਂ। ਸਹਿਜਤਾ ਅਤੇ ਸਥਾਈ ਸ਼ਾਂਤੀ ਸਾਦਗੀ ’ਤੇ ਹੀ ਟਿਕੀ ਹੋਈ ਹੈ। ਇਹ ਨਹੀਂ ਕਿ ਅਸੀਂ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰਨੀ, ਤਰੱਕੀ ਜ਼ਰੂਰ ਕਰਨੀ ਹੈ, ਮਿਹਨਤ ਅਤੇ ਉੱਦਮ ਨਾਲ ਕਾਮਯਾਬੀਆਂ ਦੇ ਦਰ ਖੜਕਾਉਣੇ ਹਨ ਪਰ ਜੀਵਨ ਨੂੰ ਸਾਦਾ ਰੱਖਣਾ ਹੈ। ਸਾਦਾ ਭੋਜਨ, ਪਾਣੀ ਸਾਨੂੰ ਤੰਦਰੁਸਤ ਰੱਖਦਾ ਹੈ। ਮੀਟ, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਸਾਡੀ ਸਿਹਤ ਨੂੰ ਬਿਮਾਰੀਆਂ ਵੱਲ ਲੈ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਚਕਾਚੌਂਧ ਵਾਲੇ ਜੀਵਨ ਦੀ ਭਾਲ ਵਿੱਚ ਅਸੀਂ ਆਪਣੇ ਜੀਵਨ ਨੂੰ ਵਿਅਰਥ ਗਵਾ ਲਈਏ। ਇਸ ਧਰਤੀ ’ਤੇ ਆਪਣੀ ਜ਼ਿੰਦਗੀ ਦੀ ਮਿਆਦ ਚਕਾਚੌਂਧ ਵਾਲੇ ਜੀਵਨ ਦੀ ਤਲਾਸ਼ ਵਿੱਚ ਹੀ ਨਹੀਂ ਪੁਗਾਅ ਦੇਣੀ ਸਗੋਂ ਸਾਦਗੀ ਭਰਿਆ ਜੀਵਨ ਬਤੀਤ ਕਰਕੇ ਸਮਾਜ ਲਈ ਕੁਝ ਚੰਗੇ ਕੰਮ ਕਰਨੇ ਹਨ। ਅਸੀਂ ਚਕਾਚੌਂਧ ਵਾਲੇ ਜੀਵਨ ਕਰਕੇ ਹੀ ਕਿਸੇ ਵੀ ਵਿਅਕਤੀ ਨੂੰ ਕਿਸੇ ਵਿਸ਼ੇ ਦਾ ਮਾਹਰ ਨਹੀਂ ਮੰਨ ਸਕਦੇ। ਮਾਹਰ ਉਸ ਨੂੰ ਮੰਨਦੇ ਹਾਂ, ਜੇਕਰ ਉਸ ਨੇ ਭਰੋਸੇਯੋਗ ਕੰਮ ਕੀਤੇ ਹਨ।
ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਦਗੀ ਭਰਿਆ ਜੀਵਨ ਬਤੀਤ ਕੀਤਾ ਉਨ੍ਹਾਂ ਨੇ ਵਧੇਰੇ ਪ੍ਰਸਿੱਧੀ ਹਾਸਲ ਕੀਤੀ। ਦੀਵਿਆਂ ਦੀਆਂ ਰੌਸ਼ਨੀਆਂ ਹੇਠ ਪੜ੍ਹ ਪੜ੍ਹ ਕੇ ਆਉਣ ਵਾਲਿਆਂ ਨੇ ਮਨੁੱਖ ਜਾਤੀ ਦੇ ਰਾਹ ਨੂੰ ਰੌਸ਼ਨੀਆਂ ਨਾਲ ਭਰ ਦਿੱਤਾ। ਕਈ ਵਾਰ ਦਿਖਾਵੇ ਦੀ ਹੋੜ ਵਿੱਚ ਅਸੀਂ ਬੱਚਿਆਂ ਨੂੰ ਚਕਾਚੌਂਧ ਵਾਲਾ ਜੀਵਨ ਦੇਣ ਦੇ ਚੱਕਰ ਵਿੱਚ ਆਪਣਾ ਸਭ ਕੁਝ ਹੀ ਨਸ਼ਟ ਕਰ ਲੈਂਦੇ ਹਾਂ। ਬੱਚਿਆਂ ਨੂੰ ਦਿੱਤਾ ਐਸ਼ੋ ਆਰਾਮ ਵਾਲਾ ਜੀਵਨ ਉਨ੍ਹਾਂ ਨੂੰ ਗਲਤ ਰਸਤਿਆਂ ’ਤੇ ਲੈ ਜਾਂਦਾ ਹੈ। ਜਦ ਤੱਕ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਫੋਕੇ ਦਿਖਾਵੇ ਪਿੱਛੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਨਾਸ਼ ਕਰ ਚੁੱਕੇ ਹੁੰਦੇ ਹਾਂ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਅਸੀਂ ਮੌਸਮ ਅਤੇ ਵਾਤਾਵਰਨ ਦੀ ਗੱਲ ਕਰਦੇ ਹਾਂ, ਓਜ਼ੋਨ ਪਰਤ ਦੀ ਚਿੰਤਾ ਕਰਦੇ ਹਾਂ, ਪਾਣੀ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰੇ ਕਰਦੇ ਹਾਂ। ਇਹ ਚਿੰਤਾਵਾਂ ਅਸੀਂ ਆਪਣੇ ਹੱਥੀਂ ਸਹੇੜੀਆਂ ਹਨ। ਬਹੁਤਾ ਪਾਉਣ ਦੀ ਲਾਲਸਾ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਸਹੇੜ ਦਿੱਤੇ ਹਨ। ਮਨੁੱਖ ਦੀ ਦੂਜੇ ਗ੍ਰਹਿਆਂ ’ਤੇ ਜੀਵਨ ਲੱਭਣ ਦੀ ਖੋਜ ਬੜੀ ਉਤਸ਼ਾਹਜਨਕ ਹੈ। ਨਵੀਆਂ ਤਕਨੀਕਾਂ ਸਮੇਂ ਦੀ ਲੋੜ ਹਨ। ਇਹੋ ਜਿਹੇ ਮਹਾਨ ਕਾਰਨਾਮੇ ਕਰਨ ਵਾਲੇ ਵਿਅਕਤੀ ਚਕਾਚੌਂਧ ਵਾਲੇ ਜੀਵਨ ਵਿੱਚ ਆਪਣੀ ਊਰਜਾ ਨਹੀਂ ਗਵਾਉਂਦੇ, ਸਾਦਗੀ ਭਰੇ ਜੀਵਨ ਅਤੇ ਉੱਚੀ ਸੁੱਚੀ ਸੋਚ ਵਿੱਚ ਵਿਸ਼ਵਾਸ ਰੱਖਦੇ ਹਨ। ਸਾਦਗੀ ਨਾਲ ਜੀਵਨ ਤਸੱਲੀਬਖ਼ਸ਼ ਅਤੇ ਸਾਰਥਿਕ ਬਣਾਉਂਦੇ ਹਨ। ਅਸੀਂ ਅਕਸਰ ਦੇਖਦੇ ਹਾਂ ਜਦੋਂ ਕਦੇ ਪੂਰੀ ਦੁਨੀਆ ਨੂੰ, ਕਿਸੇ ਦੇਸ਼ ਨੂੰ, ਕਿਸੇ ਸੂਬੇ ਨੂੰ, ਕਿਸੇ ਪਿੰਡ ਜਾਂ ਪਰਿਵਾਰ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਦਗੀ ਵਾਲਾ ਜੀਵਨ ਅਖ਼ਤਿਆਰ ਕੀਤਾ ਹੁੰਦਾ ਹੈ, ਉਹ ਮੁਸ਼ਕਲ ਹਾਲਤਾਂ ਵਿੱਚ ਵੀ ਥੋੜ੍ਹੇ ਵਿੱਚ ਸੌਖ ਨਾਲ ਗੁਜ਼ਾਰਾ ਕਰ ਲੈਂਦੇ ਹਨ। ਜ਼ਿੰਦਗੀ ਦੀ ਪਗਡੰਡੀ ’ਤੇ ਵਿਚਰਦਿਆਂ ਜਦੋਂ ਵੀ ਕੋਈ ਸਾਦਗੀ ਨਾਲ ਭਰਿਆ ਵਿਅਕਤੀ ਮਿਲਦਾ ਹੈ ਉਸ ਦੀ ਵਿਲੱਖਣ ਸ਼ਖ਼ਸੀਅਤ ਪਲਾਂ ਵਿੱਚ ਹੀ ਸਾਡੇ ਮਨ ਨੂੰ ਜਿੱਤ ਲੈਂਦੀ ਹੈ। ਇਸ ਲਈ ਸਾਦਗੀ ਭਰਪੂਰ ਜੀਵਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸੰਪਰਕ: 98769-26873

Advertisement
Author Image

joginder kumar

View all posts

Advertisement
Advertisement
×