ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖ਼ੂਬਸੂਰਤ ਵਿਰਾਸਤੀ ਇਮਾਰਤ

08:37 AM Jan 05, 2025 IST
ਬਟਾਲਾ ਵਿੱਚ ਕਰੋੜੀ ਸ਼ਮਸ਼ੇਰ ਖ਼ਾਨ ਦਾ ਮਕਬਰਾ।

 

Advertisement

ਇੰਦਰਜੀਤ ਸਿੰਘ ਹਰਪੁਰਾ *

ਬਟਾਲਾ ਸ਼ਹਿਰ ਦੇ ਇਤਿਹਾਸ ਅਤੇ ਇਸ ਦੀ ਵਿਰਾਸਤ ਵਿੱਚ ਮੁਗ਼ਲ ਕਾਲ ਦੌਰਾਨ ਹੋਏ ਕਰੋੜੀ ਸ਼ਮਸ਼ੇਰ ਖ਼ਾਨ ਦਾ ਅਹਿਮ ਸਥਾਨ ਹੈ। ਪੰਜਾਬ ਭਰ ਦੀਆਂ ਖ਼ੂਬਸੂਰਤ ਵਿਰਾਸਤਾਂ ਵਿੱਚੋਂ ਇੱਕ ਖ਼ੂਬਸੂਰਤ ਵਿਰਾਸਤੀ ਇਮਾਰਤ ਬਟਾਲਾ ਸ਼ਹਿਰ ਸਥਿਤ ਸ਼ਮਸ਼ੇਰ ਖ਼ਾਨ ਦੇ ਮਕਬਰੇ ਦੀ ਹੈ ਜਿਸ ਨੂੰ ਸਥਾਨਕ ਨਿਵਾਸੀ ਹਜ਼ੀਰਾ ਪਾਰਕ ਦੇ ਨਾਮ ਨਾਲ ਵੀ ਜਾਣਦੇ ਹਨ। ਫ਼ਾਰਸੀ ਜ਼ੁਬਾਨ ਵਿੱਚ ਮਕਬਰੇ ਨੂੰ ਹਜ਼ੀਰਾ ਵੀ ਕਿਹਾ ਜਾਂਦਾ ਹੈ।
ਸ਼ਮਸ਼ੇਰ ਖ਼ਾਨ ਬਾਦਸ਼ਾਹ ਅਕਬਰ ਦਾ ਮਤਰੇਆ ਭਰਾ ਸੀ। ਉਹ ਅਕਬਰ ਦੇ ਬਚਪਨ ਦਾ ਸਾਥੀ ਸੀ। ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵੀ ਬਟਾਲਾ ਨੇੜਲੇ ਸ਼ਹਿਰ ਕਲਾਨੌਰ ਵਿਖੇ ਹੋਈ ਸੀ। ਅਕਬਰ ਜਵਾਨ ਹੋਇਆ ਤਾਂ ਉਹ ਹਿੰਦੋਸਤਾਨ ਦੇ ਦੂਸਰੇ ਇਲਾਕਿਆਂ ਨੂੰ ਫ਼ਤਹਿ ਕਰਨ ਲਈ ਚਲਾ ਗਿਆ ਅਤੇ ਬਟਾਲਾ ਪਰਗਨੇ ਦੇ ਇਲਾਕੇ ਦਾ ਪ੍ਰਬੰਧ ਉਸ ਨੇ ਆਪਣੇ ਮਤਰੇਏ ਭਰਾ ਸ਼ਮਸ਼ੇਰ ਖ਼ਾਨ ਨੂੰ ਦੇ ਦਿੱਤਾ। ਕਹਿੰਦੇ ਹਨ ਕਿ ਉਸ ਸਮੇਂ ਬਟਾਲਾ ਪਰਗਨੇ ਵਿੱਚੋਂ ਇੱਕ ਕਰੋੜ ਦਾ ਟੈਕਸ ਇਕੱਤਰ ਹੁੰਦਾ ਸੀ ਜਿਸ ਕਰਕੇ ਬਟਾਲੇ ਦੇ ਫ਼ੌਜਦਾਰ ਨੂੰ ਕਰੋੜੀ ਵੀ ਕਿਹਾ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਮਸ਼ੇਰ ਖ਼ਾਨ ਹਿਜੜਾ ਸੀ।
ਜਦੋਂ ਸ਼ਮਸ਼ੇਰ ਖ਼ਾਨ ਨੇ ਬਟਾਲਾ ਪਰਗਨਾ ਦੀ ਕਮਾਨ ਸੰਭਾਲੀ ਤਾਂ ਉਸ ਸਮੇਂ ਬਟਾਲਾ ਸ਼ਹਿਰ ਨੇ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਛੂਹੀਆਂ। ਸ਼ਮਸ਼ੇਰ ਖ਼ਾਨ ਦੇ ਸਮੇਂ ਬਟਾਲਾ ਸ਼ਹਿਰ ਨੂੰ ਕਿਲ੍ਹਾਬੰਦ ਕੀਤਾ ਗਿਆ। ਸ਼ਹਿਰ ਵਿੱਚ ਪੱਕੇ ਬਾਜ਼ਾਰ, ਪੱਕੀਆਂ ਹਵੇਲੀਆਂ ਅਤੇ ਸੁੰਦਰ ਇਮਾਰਤਾਂ ਤਾਮੀਰ ਹੋਈਆਂ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸ਼ਮਸ਼ੇਰ ਖ਼ਾਨ ਨੇ ਬਟਾਲਾ ਵਾਸੀਆਂ ਲਈ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਸ਼ਹਿਰ ਦੇ ਬਾਹਰਵਾਰ ਉੱਤਰ-ਪੂਰਬ ਦਿਸ਼ਾ ’ਚ ਇੱਕ ਬਹੁਤ ਵੱਡੇ ਤਲਾਬ ਦੀ ਖੁਦਾਈ ਕਰਵਾਈ। ਜਦੋਂ ਇਹ ਤਲਾਬ ਬਣ ਕੇ ਤਿਆਰ ਹੋ ਗਿਆ ਤਾਂ ਮੁਸਲਿਮ ਬਹੁਲਤਾ ਵਾਲੇ ਇਸ ਸ਼ਹਿਰ ਦੇ ਲੋਕ ਇਸ ਤਲਾਬ ਦੇ ਪਾਣੀ ਦੀ ਵਰਤੋਂ ਕਰਨ ਲੱਗੇ। ਗ਼ੈਰ-ਮੁਸਲਿਮ ਵਸੋਂ ਵੱਲੋਂ ਖੁੱਲ੍ਹ ਕੇ ਇਸ ਤਲਾਬ ਦੀ ਵਰਤੋਂ ਇਸ ਕਰਕੇ ਨਾ ਕੀਤੀ ਗਈ ਕਿ ਇਹ ਇੱਕ ਮੁਸਲਿਮ ਹਾਕਮ ਵੱਲੋਂ ਬਣਾਇਆ ਗਿਆ ਸੀ। ਜਦੋਂ ਸ਼ਮਸ਼ੇਰ ਖ਼ਾਨ ਨੂੰ ਲੋਕਾਂ ਦੀ ਇਸ ਭਾਵਨਾ ਦਾ ਪਤਾ ਲੱਗਾ ਤਾਂ ਉਸ ਨੇ ਬਟਾਲਾ ਸ਼ਹਿਰ ਤੋਂ 300 ਊਠ ਹਰਿਦੁਆਰ ਨੂੰ ਗੰਗਾ ਜਲ ਲੈਣ ਲਈ ਭੇਜੇ ਤਾਂ ਜੋ ਇਸ ਤਲਾਬ ਦੇ ਪਾਣੀ ਵਿੱਚ ਗੰਗਾ ਜਲ ਮਿਲਾਇਆ ਜਾ ਸਕੇ। ਜਦੋਂ ਗੰਗਾ ਜਲ ਇਸ ਤਲਾਬ ਦੇ ਪਾਣੀ ਵਿੱਚ ਮਿਲ ਗਿਆ ਤਾਂ ਹਿੰਦੂ ਧਰਮ ਦੇ ਲੋਕਾਂ ਦੀ ਆਸਥਾ ਵੀ ਇਸ ਤਲਾਬ ਵਿੱਚ ਹੋ ਗਈ ਅਤੇ ਉਹ ਇਸ ਤਲਾਬ ਵਿੱਚ ਇਸ਼ਨਾਨ ਕਰਨਾ ਗੰਗਾ ਜਲ ਨਾਲ ਇਸ਼ਨਾਨ ਕਰਨ ਦੇ ਤੁਲ ਸਮਝਣ ਲੱਗੇ।
ਇਸ ਤਲਾਬ ਨੂੰ ਤਾਜ਼ੇ ਪਾਣੀ ਨਾਲ ਭਰਨ ਲਈ ਬਟਾਲਾ ਵਿੱਚੋਂ ਲੰਘਦੇ ਹੰਸਲੀ ਨਾਲੇ ਨਾਲ ਜੋੜਿਆ ਗਿਆ। ਬੇਰਿੰਗ ਸਕੂਲ ਦੇ ਵਿਚਦੀ ਆਉਂਦੀ ਪਾਣੀ ਵਾਲੀ ਨਹਿਰ ਦੇ ਕੁਝ ਅੰਸ਼ ਅਜੇ ਵੀ ਦੇਖੇ ਜਾ ਸਕਦੇ ਹਨ। ਇਸੇ ਤਲਾਬ ਵਿੱਚ ਅੱਗੇ ਜਾ ਕੇ 19ਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਸ਼ੇਰ ਸਿੰਘ ਨੇ ਬਾਰਾਂਦਰੀ ਬਣਵਾਈ, ਜਿਸ ਨੂੰ ਜਲ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸ਼ਮਸ਼ੇਰ ਖ਼ਾਨ ਦੇ ਪ੍ਰਬੰਧ ਤੋਂ ਬਟਾਲਾ ਵਾਸੀ ਖ਼ੁਸ਼ ਸਨ ਅਤੇ ਲੋਕਾਂ ਵਿੱਚ ਉਸ ਦਾ ਬਹੁਤ ਸਤਿਕਾਰ ਸੀ। ਬਾਦਸ਼ਾਹ ਅਕਬਰ ਜਦੋਂ ਵੀ ਬਟਾਲੇ ਆਉਂਦਾ ਤਾਂ ਉਹ ਕਈ-ਕਈ ਦਿਨ ਉੱਥੇ ਆਪਣਾ ਪੜਾਅ ਕਰਦਾ। ਉਸ ਸਮੇਂ ਸ਼ਮਸ਼ੇਰ ਖ਼ਾਨ ਵੱਲੋਂ ਬਾਦਸ਼ਾਹ ਅਕਬਰ ਦੀ ਪੂਰੀ ਆਓ ਭਗਤ ਕੀਤੀ ਜਾਂਦੀ। ਬਾਦਸ਼ਾਹ ਅਕਬਰ ਵੀ ਆਪਣੇ ਬਚਪਨ ਦੇ ਦੋਸਤ ਅਤੇ ਮਤਰੇਏ ਭਰਾ ਸ਼ਮਸ਼ੇਰ ਖ਼ਾਨ ਨੂੰ ਪੂਰਾ ਮਾਣ ਸਤਿਕਾਰ ਦਿੰਦਾ ਸੀ।
ਸ਼ਮਸ਼ੇਰ ਖ਼ਾਨ ਨੇ ਤਲਾਬ ਦੇ ਨਾਲ ਹੀ ਇੱਕ ਖ਼ੂਬਸੂਰਤ ਬਾਗ਼ ਬਣਵਾਇਆ। ਜਦੋਂ ਸ਼ਮਸ਼ੇਰ ਖ਼ਾਨ ਦਾ ਦੇਹਾਂਤ ਹੋਇਆ ਤਾਂ ਉਸ ਦੀ ਮ੍ਰਿਤਕ ਦੇਹ ਨੂੰ ਤਲਾਬ ਦੀ ਦੱਖਣੀ ਬਾਹੀ ਵੱਲ ਉਸ ਵੱਲੋਂ ਬਣਾਏ ਬਾਗ਼ ਵਿੱਚ ਦਫ਼ਨਾਇਆ ਗਿਆ। ਮੁਗ਼ਲ ਹਕੂਮਤ ਵੱਲੋਂ ਸ਼ਮਸ਼ੇਰ ਖ਼ਾਨ ਦੀ ਕਬਰ ਉੱਪਰ ਇੱਕ ਸ਼ਾਨਦਾਰ ਮਕਬਰਾ ਬਣਾਇਆ ਗਿਆ ਜੋ ਅੱਜ ਵੀ ਮੌਜੂਦ ਹੈ।
ਮਕਬਰੇ (ਹਜ਼ੀਰੇ) ਦੀ ਦੀਵਾਰ ਕਾਫ਼ੀ ਚੌੜੀ ਹੈ ਅਤੇ ਇਸ ਦੀਵਾਰ ਵਿੱਚੋਂ ਹੀ ਪੌੜੀਆਂ ਚੜ੍ਹਦੀਆਂ ਹਨ। ਇਹ ਘੁਮਾਓਦਾਰ ਪੌੜੀਆਂ ਨਵੇਂ ਵਿਅਕਤੀ ਨੂੰ ਇੱਕ ਵਾਰ ਤਾਂ ਭੁਲੇਖਾ ਪਾ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਸਥਾਨਕ ਲੋਕ ਇਸ ਮਕਬਰੇ ਨੂੰ ਭੁੱਲ-ਭੁਲੱਈਆ ਵੀ ਕਹਿੰਦੇ ਹੁੰਦੇ ਸਨ। ਮਕਬਰੇ ਦੀਆਂ ਦੀਵਾਰਾਂ ਉੱਪਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਇਹ ਮਕਬਰਾ ਮੁਗ਼ਲ ਭਵਨ ਕਲਾ ਦਾ ਉੱਤਮ ਨਮੂਨਾ ਹੈ। ਮਕਬਰੇ ਦੁਆਲੇ ਚਾਰਦੀਵਾਰੀ ਕਰਕੇ ਚਾਰੇ ਨੁੱਕਰਾਂ ’ਤੇ ਚਾਰ ਗੁੰਬਦ ਬਣਾਏ ਗਏ ਹਨ। ਮਕਬਰੇ ਦੇ ਅਹਾਤੇ ਅੰਦਰ 19 ਕਬਰਾਂ ਹੋਰ ਵੀ ਹਨ ਜੋ ਸ਼ਮਸ਼ੇਰ ਖ਼ਾਨ ਦੇ ਕੁਨਬੇ ਦੀਆਂ ਮੰਨੀਆਂ ਜਾਂਦੀਆਂ ਹਨ। ਮਕਬਰੇ ਦੇ ਅੰਦਰ ਪੱਛਮ ਵਾਲੀ ਬਾਹੀ ਦੀ ਦੀਵਾਰ ਵਿੱਚ ਮਹਿਰਾਬ ਬਣਾ ਕੇ ਇਬਾਦਤਗਾਹ ਬਣਾਈ ਗਈ ਸੀ ਜੋ ਅੱਜ ਵੀ ਮੌਜੂਦ ਹੈ।

Advertisement

ਬਜ਼ੁਰਗ ਦੱਸਦੇ ਹਨ ਕਿ ਸੰਨ 1947 ਤੋਂ ਪਹਿਲਾਂ ਜਦੋਂ ਬਟਾਲਾ ਸ਼ਹਿਰ ਵਿੱਚ ਬਹੁ-ਗਿਣਤੀ ਮੁਸਲਮਾਨ ਭਾਈਚਾਰੇ ਦੀ ਸੀ ਤਾਂ ਉਹ ਸ਼ਮਸ਼ੇਰ ਖ਼ਾਨ ਨੂੰ ਪੀਰ ਦੀ ਤਰ੍ਹਾਂ ਪੂਜਦੇ ਸਨ। ਉਨ੍ਹਾਂ ਵੱਲੋਂ ਉਸ ਦੀ ਕਬਰ ਉੱਪਰ ਰੋਜ਼ ਦੀਵਾ ਜਗਾਇਆ ਜਾਂਦਾ ਸੀ। ਸ਼ਮਸ਼ੇਰ ਖ਼ਾਨ ਦੀ ਕਬਰ ਉੱਪਰ ਹੁਣ ਵੀ ਕੁਝ ਸਥਾਨਕ ਵਸਨੀਕਾਂ ਵੱਲੋਂ ਹਰ ਵੀਰਵਾਰ ਦੀਵਾ ਜਗਾਇਆ ਜਾਂਦਾ ਹੈ।
ਸ਼ਮਸ਼ੇਰ ਖ਼ਾਨ ਦੇ ਮਕਬਰੇ ਅਤੇ ਉਸ ਵੱਲੋਂ ਬਣਾਏ ਤਲਾਬ ਨੂੰ ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਸੁਰੱਖਿਅਤ ਸਮਾਰਕ ਐਲਾਨਿਆ ਹੋਇਆ ਹੈ ਅਤੇ ਇਸ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਮਕਬਰੇ ਦੇ ਬਾਹਰਵਾਰ ਖ਼ੂਬਸੂਰਤ ਪਾਰਕ ਹੈ ਜੋ ਕਿ ਬਟਾਲਾ ਦੀ ਸਭ ਤੋਂ ਖ਼ੂਬਸੂਰਤ ਸੈਰਗਾਹ ਹੈ। ਪੁਰਾਤੱਤਵ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸ਼ਮਸ਼ੇਰ ਖ਼ਾਨ ਦੇ ਮਕਬਰੇ, ਤਲਾਬ ਤੇ ਜਲ ਮਹਿਲ ਦੀ ਮੁਰੰਮਤ ਕੀਤੀ ਜਾਂਦੀ ਹੈ। ਪੁਰਾਤੱਤਵ ਵਿਭਾਗ ਵੱਲੋਂ ਪਾਰਕ ਵਿੱਚ ਰੋਸ਼ਨੀਆਂ, ਬੈਠਣ ਲਈ ਬੈਂਚ ਆਦਿ ਲਗਾਉਣ ਤੋਂ ਇਲਾਵਾ ਹੋਰ ਵਿਕਾਸ ਕਾਰਜ ਵੀ ਕੀਤੇ ਗਏ ਹਨ। ਸ਼ਮਸ਼ੇਰ ਖ਼ਾਨ ਦੇ ਮਕਬਰੇ ਦੀ ਇਹ ਖ਼ੂਬਸੂਰਤ ਵਿਰਾਸਤੀ ਇਮਾਰਤ ਜਿੱਥੇ ਬਟਾਲੇ ਦੀ ਤਵਾਰੀਖ਼ ਦਾ ਸ਼ਾਨਦਾਰ ਪੰਨਾ ਹੈ, ਓਥੇ ਇਹ ਸਦੀਆਂ ਬਾਅਦ ਵੀ ਬਟਾਲਾ ਸ਼ਹਿਰ ਦੀ ਸ਼ਾਨ ਬਣੀ ਹੋਈ ਹੈ।
* ਸੂਚਨਾ ਤੇ ਲੋਕ ਸੰਪਰਕ ਅਧਿਕਾਰੀ, ਪੰਜਾਬ ਸਰਕਾਰ।
ਸੰਪਰਕ: 98155-77574

Advertisement