ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਹਿਮੰਡ ਵਿੱਚ ਖ਼ੂਬਸੂਰਤ ਖੋਜ

07:04 AM Oct 06, 2024 IST

ਡਾ. ਵਿਦਵਾਨ ਸਿੰਘ ਸੋਨੀ

Advertisement

ਵਿਗਿਆਨੀਆਂ ਨੇ ਬ੍ਰਹਿਮੰਡ ਦੀ ਸਭ ਤੋਂ ਵੱਧ ਚਮਕਦਾਰ, ਸੂਰਜ ਨਾਲੋਂ 10 ਖਰਬ ਗੁਣਾ ਵੱਧ ਚਮਕੀਲੀ ਵਸਤੂ ਖੋਜ ਲਈ ਹੈ। ਇਹ ਕੁਆਸਾਰ ਸਾਲ 1980 ਤੋਂ ਦਿਸ ਰਿਹਾ ਹੈ।
ਤਾਰਾ ਵਿਗਿਆਨੀਆਂ ਨੇ ਇਹ ਬੇਹੱਦ ਪ੍ਰਕਾਸ਼ਮਾਨ ਵਸਤ ਲੱਭਣ ਲਈ ਯੂਰਪ ਦੀ ਦੱਖਣੀ ਆਬਜ਼ਰਵੇਟਰੀ ਦਾ ਬਹੁਤ ਵੱਡਾ ਟੈਲੀਸਕੋਪ ਵਰਤਿਆ। ਇਹ ਆਪਣੀ ਹੀ ਕਿਸਮ ਦੀ ਬੇਹੱਦ ਚਮਕੀਲੀ ਵਸਤੂ ਹੈ।
ਕੁਆਸਾਰ ਆਕਾਸ਼ਗੰਗਾਵਾਂ ਵਿੱਚ ਮੌਜੂਦ ਇੱਕ ਬੇਹੱਦ ਚਮਕੀਲੀ ਕੋਰ ਹੁੰਦੀ ਹੈ, ਜਿਸ ਨੂੰ ਬਹੁਤ ਜ਼ਿਆਦਾ ਪੁੰਜ ਵਾਲੇ ਸਿਆਹ ਸੁਰਾਖ਼ (ਬਲੈਕ ਹੋਲ) ਤੋਂ ਸ਼ਕਤੀ ਮਿਲਦੀ ਹੈ। ਜਿਉਂ ਜਿਉਂ ਗੈਸ ਤੇ ਧੂੜ ਇਨ੍ਹਾਂ ਸਿਆਹ ਸੁਰਾਖ਼ਾਂ ’ਤੇ ਡਿੱਗਦੀ ਹੈ, ਤਿਉਂ ਤਿਉਂ ਉਹ ਅਤਿ ਚਮਕੀਲੀ ਵਿਕਿਰਣ ਛੱਡਦੇ ਹਨ।
ਕੁਆਸਾਰ ਬ੍ਰਹਿਮੰਡ ਵਿੱਚ ਮੌਜੂਦ ਬੇਹੱਦ ਚਮਕਦਾਰ ਵਸਤਾਂ ਹਨ ਜੋ ਸਾਡੀ ਆਕਾਸ਼ਗੰਗਾ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਪ੍ਰਕਾਸ਼ ਉਤਪੰਨ ਕਰਦੀਆਂ ਹਨ। ਜ਼ਿਆਦਾਤਰ ਚਮਕੀਲੇ ਕੁਆਸਾਰ ਅਰਬਾਂ ਪ੍ਰਕਾਸ਼ ਵਰ੍ਹੇ ਦੂਰੋਂ ਹੀ ਦਿਸ ਜਾਂਦੇ ਹਨ। ਇਹ ਸ਼ਕਤੀਸ਼ਾਲੀ ਨੀਲਾ ਅਤੇ ਪਰਾਬੈਂਗਣੀ ਪ੍ਰਕਾਸ਼ ਅਤੇ ਸ਼ਕਤੀਸ਼ਾਲੀ ਰੇਡੀਓ ਵੇਵਜ਼ ਪੈਦਾ ਕਰਦੇ ਹਨ।
ਨਵਾਂ ਲੱਭਿਆ ਕੁਆਸਾਰ ਸਿਰਫ਼ ਰਿਕਾਰਡ ਤੋੜਨ ਵਾਲਾ ਹੀ ਨਹੀਂ ਸਗੋਂ ਇਸ ਵਿੱਚ ਤੇਜ਼ੀ ਨਾਲ ਵਧ ਰਹੇ ਅਤਿ ਚਮਕੀਲੇ ਕੁਆਸਾਰ ਦੇ ਲੱਛਣ ਵੀ ਹਨ। ਇਸ ਦਾ ਨਾਮ ਜੇ0529-4351 ਹੈ ਜਿਸ ਦਾ ਆਕਾਰ ਇੱਕ ਸੂਰਜ ਪ੍ਰਤੀ ਦਿਨ ਦੇ ਹਿਸਾਬ ਨਾਲ ਵਧ ਰਿਹਾ ਹੈ ਅਤੇ ਸਾਡੇ ਸੂਰਜ ਨਾਲੋਂ 5000 ਅਰਬ ਗੁਣਾ ਜ਼ਿਆਦਾ ਚਮਕੀਲਾ ਹੈ। ਵਿਗਿਆਨੀਆਂ ਨੇ ਕੁਆਸਾਰਾਂ ਨੂੰ ਇਸ ਵਿੱਚ ਬਹੁਤ ਤੇਜ਼ ਗਤੀ ਨਾਲ ਘੁੰਮਦੇ ਬੱਦਲਾਂ ਦੇ ਚੱਲਣ, ਅੰਤਾਂ ਦੇ ਤਾਪਮਾਨ ਅਤੇ ਬਹੁਤ ਜ਼ਿਆਦਾ ਆਕਾਸ਼ੀ ਬਿਜਲੀ ਦੇ ਚਮਕਣ ਕਰਕੇ ਨਰਕ ਵਰਗਾ ਸਥਾਨ ਗਰਦਾਨਿਆ ਹੈ। ਇਨ੍ਹਾਂ ਗੱਲਾਂ ਦੇ ਬਾਵਜੂਦ ਇਸ ਕੁਆਸਾਰ ਦੁਆਰਾ ਅਲੌਕਿਕ ਰੌਸ਼ਨੀ ਛੱਡੀ ਜਾ ਰਹੀ ਹੈ। ਬ੍ਰਹਿਮੰਡ ਵਿੱਚ ਇਹ ਸਾਰਾ ਪ੍ਰਕਾਸ਼ ਸੱਤ ਪ੍ਰਕਾਸ਼ ਵਰ੍ਹੇ ਵਿਆਸ ਵਿੱਚ ਫੈਲੇ ਹੋਏ ਸਭ ਤੋਂ ਵੱਡੇ ਤਸ਼ਤਰੀਨੁਮਾ ਕੁਆਸਾਰ ਵਿੱਚੋਂ ਆ ਰਿਹਾ ਹੈ।
ਇਹ ਕੁਆਸਾਰ ਸਾਲ 1980 ਤੋਂ ਦਿਸ ਰਿਹਾ ਹੈ, ਪਰ ਤਾਰਾ ਵਿਗਿਆਨੀਆਂ ਨੇ ਇਸ ਦੀ ਪਛਾਣ ਹੁਣ ਕੀਤੀ ਹੈ। ਸ਼ੁਰੂ ਵਿੱਚ ਇਹ ਬਹਿਸ ਚੱਲਦੀ ਰਹੀ ਕਿ ਕੀ ਇਹ ਅਸਲ ਵਿੱਚ ਕੁਆਸਾਰ ਹੈ ਵੀ ਜਾਂ ਨਹੀਂ ਕਿਉਂਕਿ ਪ੍ਰਚੱਲਿਤ ਜਾਣਕਾਰੀ ਅਨੁਸਾਰ ਇਹ ਆਮ ਵਸਤਾਂ ਨਾਲੋਂ ਬਹੁਤ ਜ਼ਿਆਦਾ ਵਧੇਰੇ ਚਮਕਦਾਰ ਹੈ।
ਆਸਟਰੇਲੀਆ ਦੀ ਸਿਡਿੰਗ ਸਪਰਿੰਗ ਨਿਰੀਖਣਸ਼ਾਲਾ ਵਿਚਲੇ 2.3 ਮੀਟਰ ਲੰਮੇ ਟੈਲੀਸਕੋਪ ਨੂੰ ਵਰਤ ਕੇ ਉਨ੍ਹਾਂ ਨੇ ਪਤਾ ਲਗਾਇਆ ਕਿ ਇਹ ਹੁਣ ਤੱਕ ਖੋਜੇ ਜਾ ਚੁੱਕੇ ਕੁਆਸਾਰਾਂ ਵਿੱਚੋਂ ਸਭ ਤੋਂ ਵੱਧ ਚਮਕਦਾਰ ਹੈ। ਇਸ ਟੀਮ ਵਿਚਲੇ ਤਾਰਾ ਵਿਗਿਆਨੀ ਕ੍ਰਿਸਟੋਫਰ ਓਕ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਜੋ ਹੁਣ ਤੱਕ ਇਸ ਦਾ ਪਤਾ ਹੀ ਨਹੀਂ ਲੱਗਿਆ ਸੀ ਜਦੋਂਕਿ ਅਸੀਂ ਘੱਟ ਚਮਕ ਵਾਲੇ 10 ਲੱਖ ਕੁਆਸਾਰਾਂ ਬਾਰੇ ਵੀ ਜਾਣਕਾਰੀ ਰੱਖਦੇ ਹਾਂ।
ਬ੍ਰਹਿਮੰਡ ਦੇ ਸ਼ੁਰੂ ਹੋਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੁਆਸਾਰਾਂ ਤੇ ਸਿਆਹ ਸੁਰਾਖ਼ਾਂ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਿਵੇਂ ਬਣੇ ਤੇ ਆਕਾਸ਼ਗੰਗਾਵਾਂ ਕਿਸ ਪ੍ਰਕਾਰ ਵਿਕਸਿਤ ਹੋਈਆਂ। ਨਵੇਂ ਲੱਭੇ ਇਸ ਦੁਰੇੇਡੇ ਕੁਆਸਾਰ ਦੇ ਧੁਰ ਅੰਦਰ ਇੱਕ ਸਿਆਹ ਸੁਰਾਖ਼ ਮੌਜੂਦ ਹੈ ਜੋ ਸਾਡੇ ਸੂਰਜ ਨਾਲੋਂ 17 ਅਰਬ ਗੁਣਾ ਵੱਡਾ ਹੈ। ਟੈਲੀਸਕੋਪ ਰਾਹੀਂ ਦੇਖਣ ਤੋਂ ਇਹ ਇੱਕ ਬਿੰਦੂ ਦੀ ਨਿਆਈਂ ਹੀ ਜਾਪਦਾ ਹੈ, ਪਰ ਵਿਗਿਆਨੀ ਇਸ ਨੂੰ ਅਤਿ ਭਿਆਨਕ ਸਥਾਨ ਗਰਦਾਨਦੇ ਹਨ। ਕੁਆਸਾਰ ਦੇ ਸਿਆਹ ਸੁਰਾਖ਼ ਦੁਆਲੇ ਘੁੰਮਦੀ ਦਿਸਦੀ ਤਸ਼ਤਰੀ ਨੇ ਤਾਰਿਆਂ ਦਾ ਪਦਾਰਥ (matter) ਖਪਤ ਕੀਤਾ ਹੁੰਦਾ ਹੈ ਜੋ ਇੱਕ ਆਕਾਸ਼ੀ ਝੱਖੜ ਵਾਂਗ ਜਾਪਦੀ ਹੈ। ਸ਼ੁਰੂ ਵਿੱਚ ਯੂਰਪੀ ਦੱਖਣੀ ਨਿਰੀਖਣਸ਼ਾਲਾ ਦੁਆਰਾ ਸੰਨ 1980 ਵਿੱਚ ਇਸ ਨੂੰ ਜੇ0529-4351 ਵਜੋਂ ਦੇਖਿਆ ਗਿਆ ਤਾਂ ਇਸ ਨੂੰ ਸਿਰਫ਼ ਇੱਕ ਸਾਧਾਰਨ ਤਾਰਾ ਹੀ ਸਮਝਿਆ ਗਿਆ ਸੀ। ਦਰਅਸਲ, ਪਿਛਲੇ ਸਾਲ ਭਾਵ 2023 ਦੌਰਾਨ ਹੀ ਆਸਟਰੇਲੀਆ ਅਤੇ ਚਿੱਲੀ ਵਿਚਲੇ ਰੇਗਿਸਤਾਨ ਦੇ ਟੈਲੀਸਕੋਪਾਂ ਰਾਹੀਂ ਕੀਤੇ ਨਿਰੀਖਣਾਂ ਮਗਰੋਂ ਹੀ ਇਸ ਨੂੰ ਸਰਗਰਮ ਤੇ ਚਮਕਦਾਰ ਕੋਰ ਮੰਨਿਆ ਗਿਆ।
ਇਸ ਕੁਆਸਾਰ ਬਾਰੇ ਇੱਕ ਰੌਚਿਕ ਗੱਲ ਇਹ ਹੈ ਕਿ ਆਮ ਦ੍ਰਿਸ਼ਟੀ ਤੋਂ ਓਝਲ ਹੋਣ ਕਰਕੇ ਇਸ ਨੂੰ ਸਾਧਾਰਨ ਤਾਰਾ ਸਮਝਿਆ ਗਿਆ ਸੀ, ਪਰ ਬਾਅਦ ਵਾਲੇ ਨਿਰੀਖਣਾਂ ਤੇ ਕੰਪਿਊਟੇਸ਼ਨਲ ਵਿਸ਼ਲੇਸ਼ਣਾਂ ਦੌਰਾਨ ਇਹ ਪਤਾ ਲੱਗਾ ਕਿ ਇਹ ਕੁਆਸਾਰ ਪ੍ਰਤੀ ਦਿਨ 370 ਸੂਰਜਾਂ ਜਿੰਨਾ ਪਦਾਰਥ ਖਪਤ ਕਰ ਰਿਹਾ ਹੈ। ਖੋਜੀ ਟੀਮ ਨੇ ਇਹ ਵੀ ਨਿਸ਼ਚਿਤ ਕੀਤਾ ਕਿ ਇਸ ਦੇ ਕੇਂਦਰ ’ਚ ਮੌਜੂਦ ਸਿਆਹ ਸੁਰਾਖ਼ ਦਾ ਪੁੰਜ ਸਾਡੇ ਸੂਰਜ ਤੋਂ ਤਕਰੀਬਨ 17 ਤੋਂ 19 ਅਰਬ ਗੁਣਾ ਹੈੈ ਅਤੇ ਧਰਤੀ ਤੋਂ 12 ਅਰਬ ਪ੍ਰਕਾਸ਼ ਵਰ੍ਹੇ ਦੂਰ ਸਥਿਤ ਇਹ ਕੁਆਸਾਰ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਦੇ ਮੁੱਢਲੇ ਦਿਨਾਂ ਤੋਂ ਮੌਜੂਦ ਹੈ।
ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਸੰਪਰਕ: 98143-48697

Advertisement
Advertisement