For the best experience, open
https://m.punjabitribuneonline.com
on your mobile browser.
Advertisement

ਕੁਦਰਤ ਦੇ ਰੰਗ ਨਿਆਰੇ

09:03 AM Mar 27, 2024 IST
ਕੁਦਰਤ ਦੇ ਰੰਗ ਨਿਆਰੇ
Advertisement

ਜਸਪ੍ਰੀਤ ਹਰੀ

Advertisement

ਰੰਗਾਂ ਦਾ ਤਿਓਹਾਰ ਹੋਲੀ ਆਪਾਂ ਸਾਰੇ ਦੋ ਦਿਨ ਪਹਿਲਾਂ ਹੀ ਮਨਾ ਕੇ ਹਟੇ ਹਾਂ। ਲਾਲ, ਨੀਲਾ ਤੇ ਪੀਲਾ ਤਿੰਨ ਪ੍ਰਾਇਮਰੀ ਰੰਗਾਂ ਦੇ ਸੁਮੇਲ ਨਾਲ ਲੱਖਾਂ ਰੰਗ ਬਣਦੇ ਹਨ ਜੋ ਅਸੀਂ ਕੁਦਰਤ ’ਚ ਦੇਖਦੇ ਹਾਂ। ਸੂਰਜ ਦੀ ਰੌਸ਼ਨੀ ਵੀ ਜੋ ਆਪਾਂ ਨੂੰ ਚਾਂਦੀ ਰੰਗੀ ਲੱਗਦੀ ਹੈ, ਇਹ ਪਾਣੀ ਦੀਆਂ ਬੂੰਦਾਂ ਨਾਲ ਮਿਲਦੇ ਹੀ ਆਪਣੇ ਸੁਹੱਪਣ ਦਾ ਪ੍ਰਤੱਖ ਨਜ਼ਾਰਾ ਸਾਡੇ ਅੱਗੇ ਪੇਸ਼ ਕਰ ਦਿੰਦੀ ਹੈ, ਜਿਸ ਨੂੰ ਆਪਾਂ ਸਤਰੰਗੀ ਪੀਂਘ ਕਹਿ ਦਿੰਦੇ ਹਾਂ। ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਕਿ ਸਤਰੰਗੀ ਪੀਂਘ ਦੇ ਪਰਲੇ ਪਾਸੇ ਖ਼ਜ਼ਾਨਾ ਲੁਕਿਆ ਹੋਇਐ। ਉਦੋਂ ਲੱਗਦਾ ਹੁੰਦਾ ਸੀ ਕਿ ਦੂਜੇ ਪਾਸੇ ਸੋਨੇ, ਚਾਂਦੀ, ਹੀਰੇ, ਜਵਾਹਰਾਤਾਂ ਨਾਲ ਭਰਿਆ ਘੜਾ ਪਿਆ ਹੋਊ। ਪਰ ਅਸਲ ਗੱਲ ਹੈ ਕਿ ਉਹ ਖ਼ਜ਼ਾਨਾ ਹੈ ਚਾਵਾਂ ਦਾ, ਖ਼ੁਸ਼ੀਆਂ ਖੇੜਿਆਂ ਦਾ, ਨਵੀਆਂ ਉਮੰਗਾਂ ਦਾ, ਜੋ ਸਾਨੂੰ ਐਨੇ ਸੋਹਣੇ ਸੋਹਣੇ ਰੰਗਾਂ ਨੂੰ ਨਿਹਾਰ ਕੇ ਮਿਲਦੇ ਹਨ।
ਜੇ ਅਸੀਂ ਵਿਗਿਆਨਕ ਤੌਰ ’ਤੇ ਦੇਖੀਏ ਤਾਂ ਕਹਿੰਦੇ ਚੀਜ਼ਾਂ ਦਾ ਅਸਲ ’ਚ ਆਪਣਾ ਕੋਈ ਰੰਗ ਨਹੀਂ ਹੁੰਦਾ। ਜਦੋਂ ਸੂਰਜ ਦੀ ਰੌਸ਼ਨੀ ਕਿਸੇ ਚੀਜ਼ ’ਤੇ ਪੈਂਦੀ ਹੈ ਤਾਂ ਉਹ ਚੀਜ਼ ਇੱਕ ਰੰਗ ਨੂੰ ਵਾਪਸ ਭੇਜ (Reflect) ਕੇ ਬਾਕੀ ਸਾਰੇ ਰੰਗਾਂ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ। ਜਿਹੜਾ ਰੰਗ ਰਿਫਲੈਕਟ ਹੋ ਕੇ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ, ਓਹੀ ਸਾਨੂੰ ਦਿਸਦਾ ਹੈ। ਕਿੰਨੇ ਕਮਾਲ ਦੀ ਗੱਲ ਹੈ। ਅਨੇਕਾਂ ਰੰਗ ਨੇ ਸਾਡੇ ਅੰਦਰ, ਹਰ ਚੀਜ਼ ਅੰਦਰ, ਪਰ ਸਾਨੂੰ ਦਿਸਦੇ ਨਹੀਂ। ਅਸੀਂ ਕਦੇ ਆਪਣੇ ਅੰਦਰ ਵੇਖਿਆ ਵੀ ਤਾਂ ਨਹੀਂ।
ਆਪਣੇ ਅਹਿਸਾਸਾਂ ਨੂੰ, ਜਜ਼ਬਾਤਾਂ ਨੂੰ ਦਰਸਾਉਣ ਲਈ ਵੀ ਅਸੀਂ ਰੰਗਾਂ ਦਾ ਸਹਾਰਾ ਲੈਂਦੇ ਹਾਂ। ਗੁੱਸੇ ’ਚ ਲਾਲ ਪੀਲੇ ਹੋਣਾ, ਪਿਆਰ ’ਚ ਹਵਾਵਾਂ ਗੁਲਾਬੀ ਹੋ ਜਾਣੀਆਂ, ਮੁੱਖੜੇ ’ਤੇ ਲਾਲੀ ਆ ਜਾਣੀ, ਡਰ ਨਾਲ ਚਿਹਰੇ ਤੋਂ ਰੰਗ ਉੱਡ ਜਾਣਾ ਆਦਿ। ਮੌਸਮਾਂ ਦੇ ਰੰਗ, ਅਸਮਾਨ ਦੇ ਰੰਗ, ਬੱਦਲਾਂ ਦੇ ਰੰਗ, ਚੜ੍ਹਦੇ ਤੇ ਲਹਿੰਦੇ ਸੂਰਜ ਦੇ ਰੰਗ, ਨਦੀਆਂ, ਪਰਬਤਾਂ, ਫੁੱਲਾਂ ਦੇ ਰੰਗ, ਲੋਕਾਂ ਦੀ ਚਮੜੀ ਦੇ ਰੰਗ, ਵੱਖ ਵੱਖ ਉਮਰਾਂ ਦੇ ਰੰਗ। ਗੱਲ ਕੀ, ਸਾਡੀ ਜ਼ਿੰਦਗੀ ਰੰਗਾਂ ਨਾਲ ਭਰੀ ਪਈ ਹੈ। ਕਈਆਂ ਨੂੰ ਇਹ ਰੰਗ ਦਿਸਦੇ ਵੀ ਨਹੀਂ, ਉਹ ਆਪਣੀ ਭੱਜ ਨੱਠ ’ਚ ਹੀ ਕਦੋਂ ਇਨ੍ਹਾਂ ਰੰਗਾਂ ਕੋਲੋਂ ਲੰਘ ਗਏ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਕਈਆਂ ਨੂੰ ਇਹ ਰੰਗ ਸਿਰਫ਼ ਦਿਸਦੇ ਹਨ ਪਰ ਕਈ ਇਨ੍ਹਾਂ ਨੂੰ ਮਾਣਦੇ ਹਨ। ਉਹ ਅੱਖ ਚਾਹੀਦੀ ਹੈ ਤੇ ਮਨ ਚਾਹੀਦਾ ਹੈ।
ਕਈ ਲੋਕ ਬੇਰੰਗ ਜ਼ਿੰਦਗੀ ’ਚੋਂ ਵੀ ਰੰਗ ਭਾਲ ਲੈਂਦੇ ਹਨ ਤੇ ਕਈਆਂ ਨੂੰ ਆਪਣੀ ਚੰਗੀ ਭਲੀ ਜ਼ਿੰਦਗੀ ’ਚ ਵੀ ਕੋਈ ਰੰਗ ਨਹੀਂ ਦਿਸਦਾ। ਉਹ ਹਮੇਸ਼ਾਂ ਹਾਲਾਤ ਨਾਲ ਨਾਰਾਜ਼ ਹੀ ਰਹਿੰਦੇ ਹਨ, ਇੱਥੋਂ ਤੱਕ ਕਿ ਰੱਬ ਨਾਲ ਵੀ ਨਾਰਾਜ਼। ਜੇ ਥੋੜ੍ਹੀ ਜਿਹੀ ਠੰਢ ਜ਼ਿਆਦਾ ਪੈ ਗਈ ਤਾਂ ਵੀ ਰੱਬ ਨੂੰ ਕੋਸਣਗੇ ਤੇ ਜੇ ਥੋੜ੍ਹੀ ਜਿਹੀ ਗਰਮੀ ਵਧ ਗਈ ਤਾਂ ਵੀ ਰੱਬ ’ਤੇ ਗਿਲਾ। ਰੱਬ (ਕੁਦਰਤ) ਨਾਲ ਰੁੱਸੇ ਲੋਕ ਆਪਣੇ ਆਪ ਨਾਲ ਵੀ ਰੁੱਸੇ ਜਿਹੇ ਰਹਿੰਦੇ ਹਨ ਤੇ ਆਪਣੇ ਨੇੜੇ ਤੇੜੇ ਵਾਲਿਆਂ ਨੂੰ ਵੀ ਆਪਣੇ ਵਰਗਾ ਬਣਾ ਲੈਂਦੇ ਹਨ। ਸ਼ੁਕਰ ਮਨਾਉਣ ਵਾਲੇ, ਖ਼ੁਸ਼ ਤੇ ਹਮੇਸ਼ਾਂ ਚੜ੍ਹਦੀ ਕਲਾ ’ਚ ਰਹਿਣ ਵਾਲੇ ਲੋਕਾਂ ਦਾ ਸਾਥ ਹਰ ਕੋਈ ਚਾਹੁੰਦਾ ਹੈ। ਹਮੇਸ਼ਾਂ ਮਰੂੰ ਮਰੂੰ ਕਰਦੇ ਰਹਿਣ ਵਾਲੇ ਲੋਕਾਂ ਤੋਂ ਮਨ ਦੂਰ ਭੱਜਣ ਨੂੰ ਕਰਦਾ ਹੈ। ਇਹ ਵੀ ਹਰੇਕ ਇਨਸਾਨ ਦਾ ਆਪਣਾ ਆਪਣਾ ਰੰਗ ਹੁੰਦਾ ਹੈ, ਜਿਸ ਦਾ ਪ੍ਰਭਾਵ ਅਸੀਂ ਆਪਣੇ ਨੇੜੇ ਦੇ ਲੋਕਾਂ ’ਤੇ ਵੀ ਛੱਡਦੇ ਹਾਂ। ਅਸੀਂ ਆਪਣੇ ਰੰਗ ’ਚ ਹੋਰਾਂ ਨੂੰ ਰੰਗ ਲੈਣ ਦੀ ਸਮਰੱਥਾ ਰੱਖਦੇ ਹਾਂ।
ਹਮੇਸ਼ਾਂ ਆਪਣੀ ਜ਼ਿੰਦਗੀ ’ਚ ਸੋਹਣੇ ਸੋਹਣੇ ਰੰਗ ਲੱਭੋ। ਜਿਸ ਕੰਮ ’ਚ ਆਨੰਦ ਆਉਂਦੈ, ਉਹ ਕਰਨ ਦੀ ਕੋਸ਼ਿਸ਼ ਕਰੋ। ਹਰ ਰੋਜ਼ ਦੇ ਸਿਰਫ਼ 15 ਮਿੰਟ ਆਪਣਾ ਅੰਦਰ ਫਰੋਲੋ, ਆਪਣੇ ਆਪ ਨਾਲ ਗੱਲਾਂ ਕਰੋ, ਆਪਣੇ ਆਪ ਨੂੰ ਪਿਆਰ ਕਰੋ। ਜਦੋਂ ਸਾਹ ਲੈਂਦੇ ਹੋ ਤਾਂ ਰੱਬ ਦਾ ਸ਼ੁਕਰ ਕਰੋ ਕਿ ਤੁਹਾਡੇ ਸਾਹ ਚੱਲਦੇ ਹਨ। ਆਪਣੇ ਸਰੀਰ ਦੇ ਉਨ੍ਹਾਂ ਅੰਗਾਂ ਬਾਰੇ ਸੋਚੋ, ਜੋ ਬੜੀ ਇਮਾਨਦਾਰੀ ਤੇ ਨਿਮਰਤਾ ਨਾਲ, ਬਿਨਾਂ ਕੁਝ ਜਤਾਏ ਆਪਣਾ ਕਾਰਜ ਨਿਭਾਅ ਰਹੇ ਹਨ। ਸ਼ੁਕਰ ਕਰੋ ਕਿ ਤੁਹਾਡੇ ਇਹ ਅੰਗ ਸਲਾਮਤ ਨੇ, ਕਾਰਜਸ਼ੀਲ ਹਨ। ਆਪਣੇ ਉਨ੍ਹਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਯਾਦ ਕਰੋ, ਜੋ ਤੁਹਾਡੇ ਦੁਖ-ਸੁਖ ’ਚ ਤੁਹਾਡੇ ਨਾਲ ਖੜ੍ਹਦੇ ਹਨ। ਸ਼ੁਕਰ ਕਰੋ ਕਿ ਤੁਹਾਡੇ ਕੋਲ ਤੁਹਾਨੂੰ ਪਿਆਰ ਕਰਨ ਵਾਲੇ ਹਨ। ਤੁਹਾਨੂੰ ਜ਼ਿੰਦਗੀ ਦੇ ਸਾਰੇ ਰੰਗ ਦਿਖਾਉਣ ਲਈ ਉਸ ਕੁਦਰਤ ਦੇ ਸ਼ੁਕਰਗੁਜ਼ਾਰ ਰਹੋ। ਜੋ ਚੀਜ਼ਾਂ ਤੁਹਾਡੇ ਕੋਲ ਹਨ, ਉਨ੍ਹਾਂ ਲਈ ਸ਼ੁਕਰੀਆ ਅਦਾ ਕਰੋ।
ਇਨਸਾਨੀ ਮਨ ਦੀ ਇਹ ਫਿਤਰਤ ਹੈ ਕਿ ਇਹ ਉਨ੍ਹਾਂ ਚੀਜ਼ਾਂ ਬਾਰੇ ਸੋਚਦੇ ਹਨ ਜੋ ਸਾਡੇ ਕੋਲ ਨਹੀਂ ਹਨ, ਜਦਕਿ ਹੋਣਾ ਉਲਟ ਚਾਹੀਦਾ ਹੈ। ਅੰਗਰੇਜ਼ੀ ’ਚ ਕਹਿੰਦੇ ਹਨ ‘Count Your bessings’ ਭਾਵ ਉਨ੍ਹਾਂ ਚੀਜ਼ਾਂ ਬਾਰੇ ਸੋਚੋ, ਜੋ ਰੱਬ ਨੇ ਤੁਹਾਨੂੰ ਬਖ਼ਸ਼ੀਆਂ ਹੋਈਆਂ ਹਨ ਤੇ ਉਨ੍ਹਾਂ ਲਈ ਸ਼ੁਕਰ ਮਨਾਓ। ਇਹ ਕੁਦਰਤ ਦਾ ਨਿਯਮ ਹੈ ਕਿ ਜਦੋਂ ਅਸੀਂ ਸ਼ੁਕਰ ਕਰਨਾ ਸਿੱਖ ਲੈਂਦੇ ਹਾਂ ਤਾਂ ਖ਼ੁਸ਼ੀਆਂ ਆਪ ਸਾਡੇ ਵਿਹੜੇ ਆਉਂਦੀਆਂ ਹਨ, ਜਿਹਨੂੰ ‘Law of Attraction’ ਵੀ ਕਹਿ ਦਿੰਦੇ ਹਾਂ। ਇਸ ਨਿਯਮ ਅਨੁਸਾਰ ਨਾਸ਼ੁਕਰੇ ਲੋਕਾਂ ਦੇ ਪੱਲੇ ਹਮੇਸ਼ਾਂ ਨਿਰਾਸ਼ਾ ਹੀ ਪੈਂਦੀ ਹੈ। ਇਸ ਲਈ ਸ਼ੁਕਰ ਮਨਾਉਣਾ ਸਿੱਖੋ। ਇਹ ਜ਼ਿਆਦਾ ਔਖਾ ਕੰਮ ਨਹੀਂ ਹੈ, ਬਸ ਦਿਮਾਗ਼ ਨੂੰ ਥੋੜ੍ਹਾ ਜਿਹਾ ਟ੍ਰੇਨ ਕਰਨ ਦੀ ਲੋੜ ਹੈ, ਮਨ ਨੂੰ ਕਾਬੂ ’ਚ ਰੱਖਣ ਦਾ ਵੱਲ ਆਉਣਾ ਚਾਹੀਦੈ। ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਕ ਵਾਕ ’ਚ ਈ ਸਮਝਾ ਦਿੱਤੀ ‘ਮਨੁ ਜੀਤੇ ਜਗ ਜੀਤੁ।।’ ਬਸ ਖ਼ੁਸ਼ੀਆਂ ਦੀ ਕੁੰਜੀ ਇਸੇ ਵਾਕ ’ਚ ਹੀ ਹੈ।
ਇਨ੍ਹਾਂ ਚਾਰ ਅੱਖਰਾਂ ਨੂੰ ਪੱਲੇ ਬੰਨ੍ਹ ਲਈਏ ਤਾਂ ਜ਼ਿੰਦਗੀ ਦੇ ਰੰਗ ਹੋਰ ਗੂੜ੍ਹੇ ਲੱਗਣਗੇ। ਮਨ ’ਤੇ ਕਾਬੂ ਪਾਉਣ ਨਾਲ ਜਿਹੜੀ ਜ਼ਿੰਦਗੀ ਤੁਹਾਨੂੰ ਬੇਰੰਗ ਲੱਗਦੀ ਸੀ, ਉਹ ਖ਼ੁਸ਼ੀਆਂ ਖੇੜਿਆਂ, ਰੰਗਾਂ ਨਾਲ ਭਰ ਜਾਵੇਗੀ ਤੇ ਤੁਸੀਂ ਆਨੰਦ ਦੀ ਅਵਸਥਾ ’ਚ ਪਹੁੰਚ ਜਾਓਗੇ। ਸੋ ਆਓ ਆਪਣੇ ਆਪ ਲਈ ਸਮਾਂ ਕੱਢਿਆ ਕਰੀਏ, ਉਸ ਕੁਦਰਤ ਦੇ, ਪਰਮਾਤਮਾ ਦੇ ਹਮੇਸ਼ਾਂ ਸ਼ੁਕਰਗੁਜ਼ਾਰ ਰਹੀਏ, ਜਿਸ ਨੇ ਸਾਨੂੰ ਨਿਹਮਤਾਂ ਬਖ਼ਸ਼ੀਆਂ ਹਨ।
ਸੰਪਰਕ: +1-204-391-3623

Advertisement
Author Image

joginder kumar

View all posts

Advertisement
Advertisement
×