For the best experience, open
https://m.punjabitribuneonline.com
on your mobile browser.
Advertisement

ਖ਼ੂਬਸੂਰਤ ਪੰਛੀ ਨੀਲੀ ਸਿਰੀ ਕਸਤੂਰੀ

10:18 PM Jun 29, 2023 IST
ਖ਼ੂਬਸੂਰਤ ਪੰਛੀ ਨੀਲੀ ਸਿਰੀ ਕਸਤੂਰੀ
Advertisement

ਗੁਰਮੀਤ ਸਿੰਘ*

ਨੀਲੀ ਸਿਰੀ ਕਸਤੂਰੀ ਬਹੁਤ ਪਿਆਰਾ ਪੰਛੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਬਲਿਊ ਕੈਪਡ ਜਾਂ ਬਲਿਊ ਹੈੱਡਡ ਰੌਕ ਥਰੱਸ਼ (Blue capped or Blue headed Rock Thrush) ਅਤੇ ਹਿੰਦੀ ਵਿੱਚ ਨੀਲ ਸਿਰ ਪੇਂਗਾ ਕਹਿੰਦੇ ਹਨ। ਇਹ ਪੰਛੀ ਹਿਮਾਲਿਆ ਦੀ ਤਲਹੱਟੀ ਵਿੱਚ ਅਤੇ ਦੱਖਣੀ ਭਾਰਤ ਦੇ ਪਹਾੜੀ ਜੰਗਲਾਂ ਵਿੱਚ ਸਰਦੀਆਂ ਦੀ ਰੁੱਤੇ ਵੇਖਣ ਵਿੱਚ ਆਉਂਦਾ ਹੈ। ਇਹ ਹਿਮਾਲੀਅਨ ਪਹਾੜੀ ਸ਼੍ਰੇਣੀ ਦੀ ਤਲਹੱਟੀ ਰੇਂਜ ਵਿੱਚ ਪ੍ਰਜਣਨ ਕਰਦਾ ਹੈ। ਇਹ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਅਤੇ ਹਿਮਾਲਿਆ ਦੇ ਨਾਲ ਪਾਕਿਸਤਾਨ ਤੋਂ ਅਰੁਣਾਚਲ ਪ੍ਰਦੇਸ਼ ਤੱਕ ਗਰਮੀਆਂ ਵਿੱਚ ਪਰਵਾਸ ਕਰਦਾ ਹੈ। ਨਰ ਦਾ ਸਿਰ, ਠੋਡੀ ਅਤੇ ਗਲਾ ਨੀਲਾ ਹੁੰਦਾ ਹੈ। ਉੱਪਰਲੇ ਹਿੱਸੇ ਨੀਲੇ ਅਤੇ ਕਾਲੇ ਹੁੰਦੇ ਹਨ। ਇਸ ਪੰਛੀ ਦਾ ਪੂੰਝਾ ਅਤੇ ਹੇਠਲੇ ਹਿੱਸੇ ਲਾਖੇ ਭੂਰੇ ਰੰਗੇ ਹੁੰਦੇ ਹਨ। ਇਸ ਦੇ ਪਰ ‘ਤੇ ਇੱਕ ਚਿੱਟਾ ਨਿਸ਼ਾਨ ਹੁੰਦਾ ਹੈ ਜੋ ਉਡਾਣ ਦੌਰਾਨ ਦਿਖਾਈ ਦਿੰਦਾ ਹੈ। ਮਾਦਾ ਪੰਛੀ ਭੂਰੀ ਅਤੇ ਹੇਠੋਂ ਚਿੱਟੇ ਰੰਗ ਦੀ ਹੁੰਦੀ ਹੈ। ਇਸ ਦੀ ਲੰਬਾਈ 16 ਤੋਂ 19 ਸੈਂਟੀਮੀਟਰ ਅਤੇ ਵਜ਼ਨ 29 ਤੋਂ 41 ਗ੍ਰਾਮ ਹੁੰਦਾ ਹੈ।

Advertisement

ਇਸ ਦੀ ਖੁਰਾਕ ਕੀੜੇ, ਘੋਗੇ, ਛੋਟੀਆਂ ਕਿਰਲੀਆਂ, ਡੱਡੂ, ਬੇਰੀਆਂ ਅਤੇ ਬੀਜ ਹੁੰਦੇ ਹਨ। ਇਹ ਹਲਕੇ ਪਤਝੜ ਅਤੇ ਬਾਂਸ ਦੇ ਜੰਗਲਾਂ ਨੂੰ ਪਸੰਦ ਕਰਦਾ ਹੈ, ਪਰ ਸੰਘਣੇ ਸਦਾਬਹਾਰ ਜੰਗਲ ਦੇ ਅੰਦਰ ਜਾਣ ਤੋਂ ਕਤਰਾਉਂਦਾ ਹੈ। ਇਹ ਦਰੱਖਤਾਂ ਵਿੱਚ ਉੱਡਦਾ ਹੈ ਅਤੇ ਜਦੋਂ ਪਰੇਸ਼ਾਨ ਹੁੰਦਾ ਹੈ ਤਾਂ ਬੇਚੈਨ ਹੋ ਕੇ ਬੈਠਦਾ ਹੈ। ਕੋਈ ਵੇਲਾ ਸੀ ਜਦੋਂ ਮਾਲਟਾ ਦੇ ਲੋਕ ਸੁੰਦਰ ਨੀਲੇ ਪੰਛੀ ਨੂੰ ਪਿੰਜਰੇ ਵਿੱਚ ਰੱਖ ਕੇ ਉਸ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਦੇ ਸਨ। ਇਸ ਨੂੰ ਸ਼ੋਸ਼ਣ ਤੋਂ ਬਚਾਉਣ ਲਈ 1971 ਵਿੱਚ ਮਾਲਟਾ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ। ਇਹ ਪੰਛੀ ਹਿਮਾਲਿਆ ਦੀ ਤਲਹੱਟੀ ਵਿੱਚ ਅਤੇ ਦੱਖਣੀ ਭਾਰਤ ਦੇ ਪਹਾੜੀ ਜੰਗਲਾਂ ਵਿੱਚ ਸਰਦੀਆਂ ਵਿੱਚ ਪ੍ਰਜਣਨ ਕਰਦਾ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਸ ਪੰਛੀ ਨੂੰ ਸਭ ਤੋਂ ਘੱਟ ਚਿੰਤਾ ਵਜੋਂ ਸੂਚੀਬੱਧ ਕੀਤਾ ਹੈ। ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿੱਚ ਸ਼ਡਿਊਲ 2 ਵਿੱਚ ਰੱਖ ਕੇ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910

Advertisement
Tags :
Advertisement