ਕਾਰ ਨੂੰ ਰਸਤਾ ਨਾ ਦੇਣ ’ਤੇ ਕੀਤੀ ਕੁੱਟਮਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਥਾਣਾ ਸਦਰ ਦੀ ਪੁਲੀਸ ਨੂੰ ਸੁਖਵੰਤ ਸਿੰਘ ਵਾਸੀ ਪਿੰਡ ਝਾਂਡੇ ਨੇ ਦੱਸਿਆ ਹੈ ਕਿ ਉਹ ਪਿੰਡਾਂ ਵਿੱਚ ਸਬਜ਼ੀ ਵੇਚ ਕੇ ਆਪਣੇ ਘਰ ਪਿੰਡ ਝਾਂਡੇ ਜਾ ਰਿਹਾ ਸੀ ਤਾਂ ਥਰੀਕੇ ਫਾਟਕ ਨੇੜੇ ਗਰੇਵਾਲ ਡੇਅਰੀ ਕੋਲੋਂ ਸਬਜ਼ੀ ਦੇ ਪੈਸੇ ਲੈਣ ਲਈ ਰੁਕਿਆ ਤਾਂ ਪਿੱਛੋ ਕਾਰ ਹੌਂਡਾ ਸਿਟੀ ਦੇ ਚਾਲਕ ਨੇ ਪਹਿਲਾਂ ਉਸ ਨੂੰ ਹਾਰਨ ਮਾਰ ਕੇ ਰੋਕਣ ਦਾ ਇਸ਼ਾਰਾ ਕੀਤਾ ਪਰ ਜਦੋਂ ਉਹ ਨਹੀਂ ਰੁਕਿਆ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਕੇ ਗਾਲੀ-ਗਲੋਚ ਕਰਦਿਆਂ ਬਿਨ੍ਹਾਂ ਕਿਸੇ ਵਜ੍ਹਾ ਤੋਂ ਉਸ ਦੀ ਕੁੱਟ ਮਾਰ ਕੀਤੀ। ਉਹ ਕਹਿ ਰਹੇ ਸਨ ਕਿ ਉਸ ਨੇ ਉਨ੍ਹਾਂ ਦੀ ਕਾਰ ਨੂੰ ਰਸਤਾ ਨਹੀਂ ਦਿੱਤਾ। ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲੀਸ ਵੱਲੋਂ ਸੁੱਖਮਨ ਸਿੰਘ ਵਾਸੀ ਬਸੰਤ ਸਿਟੀ ਅਤੇ ਸੱਚਕੀਰਤ ਸਿੰਘ ਵਾਸੀ ਜੇ ਬਲਾਕ ਭਾਈ ਰਣਧੀਰ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕੇਂਦਰੀ ਜੇਲ੍ਹ ਵਿੱਚੋਂ ਮਿਲੇ ਮੋਬਾਈਲ ਫੋਨ: ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਏ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਜੇਲ੍ਹ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀਆਂ ਚੇਤਨ ਸਹਿਦੇਵ ਪੁੱਤਰ ਸੁਦੇਸ਼ ਕੁਮਾਰ ਅਤੇ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਪਾਸੋਂ 2 ਕੀਪੈਡ ਮੋਬਾਈਲ ਫੋਨ ਫੋਨ ਵੱਖ-ਵੱਖ ਮਾਰਕਾ ਬਰਾਮਦ ਹੋਏ ਹਨ। ਇਸੇ ਤਰ੍ਹਾਂ ਪੁਲੀਸ ਨੂੰ ਜੇਲ੍ਹ ’ਚੋਂ ਚੈਕਿੰਗ ਦੋਰਾਨ 5 ਮੋਬਾਈਲ ਫੋਨ ਬਰਾਮਦ ਹੋਏ ਹਨ।
ਨਾਬਾਲਗ ਲੜਕੀ ਨਾਲ ਵਿਆਹ ਕਰਾਉਣ ਵਾਲੇ ਖ਼ਿਲਾਫ਼ ਕੇਸ ਦਰਜ: ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਵੱਲੋਂ ਇੱਕ ਨਾਬਾਲਗ ਲੜਕੀ ਨੂੰ ਵਰਗਲਾਕੇ ਜਬਰੀ ਵਿਆਹ ਕਰਾਉਣ ਦੇ ਦੋਸ਼ ਤਹਿਤ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕੂਚਾ ਨੰਬਰ 9 ਪ੍ਰੇਮ ਨਗਰ ਵਾਸੀ ਪੂਨਮ ਪਤਨੀ ਗੱਬਰ ਨੇ ਦੱਸਿਆ ਹੈ ਕਿ ਉਸਦੀ ਲੜਕੀ ਜੋ 15 ਸਾਲ 8 ਮਹੀਨੇ ਦੀ ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਗਈ ਸੀ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਗੁਆਂਢ ਵਿੱਚ ਰਹਿੰਦਾ ਰੋਹਿਤ ਨਾਗਰ ਲੜਕੀ ਨੂੰ ਵਿਆਹ ਕਰਵਾਉਣ ਦੀ ਨੀਯਤ ਨਾਲ ਫੁਸਲਾ ਕੇ ਕਿਧਰੇ ਲੈ ਗਿਆ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਤਿੰਨ ਮਹੀਨੇ ਤੋਂ ਲੜਕੀ ਨਾਲ ਵਿਆਹ ਕਰਵਾ ਕੇ ਪਤੀ ਪਤਨੀ ਦੀ ਤਰ੍ਹਾਂ ਰਹਿ ਰਿਹਾ ਹੈ। ਥਾਣੇਦਾਰ ਆਤਮਾ ਰਾਮ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।