ਬੱਚਾ ਚੋਰੀ ਕਰਨ ਦੇ ਸ਼ੱਕ ਹੇਠ ਕੁੱਟਮਾਰ
ਪੱਤਰ ਪ੍ਰੇਰਕ
ਜਲੰਧਰ, 20 ਨਵੰਬਰ
ਦੋਆਬਾ ਚੌਕ ਨੇੜੇ ਲੋਕਾਂ ਨੇ ਬੱਚਾ ਚੋਰੀ ਦੇ ਦੋਸ਼ ’ਚ ਇਕ ਵਿਅਕਤੀ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ। ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਉਸ ਵਿਅਕਤੀ ਨੂੰ ਆਪਣੀ ਹਿਰਾਸਤ ’ਚ ਲੈ ਲਿਆ। ਪੁਲੀਸ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਮਗਰੋਂ ਕੇਸ ਦਰਜ ਕੀਤਾ ਜਾਵੇਗਾ।
ਇਸ ਸਬੰਧੀ ਦੋਆਬਾ ਚੌਕ ਨੇੜੇ ਰਹਿਣ ਵਾਲੀ ਪਰਵਾਸੀ ਔਰਤ ਅਨੀਤਾ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਜਲੰਧਰ ’ਚ ਰਹਿ ਰਹੀ ਹੈ। ਰੋਜ਼ ਦੀ ਤਰ੍ਹਾਂ ਉਸ ਦਾ ਬੱਚਾ ਘਰ ਤੋਂ ਬਾਹਰ ਸੀ। ਇਸ ਦੌਰਾਨ ਮੁਲਜ਼ਮ ਆ ਗਿਆ ਅਤੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਅਨੀਤਾ ਨੇ ਬੱਚੇ ਨੂੰ ਚੁੱਕਦੇ ਹੋਏ ਦੇਖ ਲਿਆ। ਇਹ ਦੇਖ ਕੇ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਵਿਅਕਤੀ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ। ਫੜੇ ਗਏ ਵਿਅਕਤੀ ਨੇ ਦੱਸਿਆ ਕਿ ਉਸ ਨੇ ਰੋਂਦੇ ਬੱਚੇ ਨੂੰ ਚੁੱਪ ਕਰਵਾਇਆ ਸੀ ਤੇ ਉਹ ਟੀਵੀ ਟਾਵਰ ਕੋਲ ਰਹਿੰਦਾ ਹੈ, ਉਸ ਦਾ ਨਾਮ ਹਰਪ੍ਰੀਤ ਹੈ। ਉਸ ਨੇ ਦੱਸਿਆ ਕਿ ਉਹ ਸਾਈਕਲ ਚੋਰੀ ਕਰਨ ਆਇਆ ਸੀ। ਸਾਈਕਲ ਚੋਰੀ ਕਰਦੇ ਸਮੇਂ ਬੱਚਾ ਚੀਕਣ ਲੱਗ ਪਿਆ। ਇਸ ਦੌਰਾਨ ਉਸ ਨੇ ਬੱਚੇ ਨੂੰ ਚੁੱਪ ਕਰਵਾਇਆ ਸੀ, ਬੱਚਾ ਚੋਰੀ ਨਹੀਂ ਸੀ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਪਾਰਟੀ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਮੰਨਿਆ ਕਿ ਉਹ ਸ਼੍ਰੀ ਦੇਵੀ ਤਾਲਾਬ ਮੰਦਰ ਆਇਆ ਸੀ। ਪੁਲੀਸ ਜਾਂਚ ਤੋਂ ਬਾਅਦ ਮਾਮਲਾ ਦਰਜ ਕਰੇਗੀ।