ਕੁੱਟਮਾਰ: ਪੁਲੀਸ ਵੱਲੋਂ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਵੱਖ ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਪੀਏਯੂ ਦੀ ਪੁਲੀਸ ਨੂੰ ਹੈਬੋਵਾਲ ਖੁਰਦ ਵਾਸੀ ਦੀਪਕ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਕਾਰ ’ਤੇ ਘਰ ਆ ਰਿਹਾ ਸੀ ਤਾਂ ਘਰ ਸਾਹਮਣੇ ਗਲੀ ਵਿੱਚ ਜਾਮ ਲੱਗਾ ਹੋਣ ਕਰ ਕੇ ਕੁੱਝ ਲੋਕਾਂ ਨੇ ਉਸ ਨੂੰ ਗੱਡੀ ਪਾਸੇ ’ਤੇ ਕਰਨ ਦਾ ਕਿਹਾ ਅਤੇ ਉਸ ਨਾਲ ਬਹਿਸਬਾਜ਼ੀ ਕਰਕੇ ਉਸ ਦੀ ਕੁੱਟ ਮਾਰ ਕੀਤੀ। ਉਨ੍ਹਾਂ ਦਾਤਰ, ਰਾਡ, ਕਿਰਪਾਨ ਅਤੇ ਬੇਸਬਾਲ ਨਾਲ ਉਸ ਦੇ ਘਰ ਅੰਦਰ ਦਾਖਲ ਹੋ ਕੇ ਘਰ ਵਿੱਚ ਖੜ੍ਹੀਆਂ ਦੋ ਕਾਰਾਂ ਦੀ ਭੰਨ੍ਹ ਤੋੜ ਕੀਤੀ ਤੇ ਕਿਰਾਏਦਾਰ ਦੇ ਰਿਸ਼ਤੇਦਾਰ ਨੀਰਜ ਅਤੇ ਮੇਰੀ ਭਰਜਾਈ ਸ਼ਵੇਤਾ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ। ਥਾਣੇਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ੰਕਰ, ਜੋ ਜੋ, ਸਹੋਤਾ, ਕੰਨੂੰ, ਰਾਜਾ ਗਿਰੀ ਤੇ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਜਗੀਰਪੁਰ ਵਾਸੀ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਪਿੰਡ ਧੌਲਾ ਤੋਂ ਪਟਾਕੇ ਲੈਣ ਲਈ ਗਿਆ ਸੀ ਤਾਂ ਦੁਕਾਨਦਾਰ ਨੇ ਪੈਸਿਆਂ ਦੇ ਲੈਣ ਦੇਣ ਕਰਕੇ ਉਸ ਦੀ ਅਤੇ ਦੋਸਤ ਅਰਸ਼ਦੀਪ ਦੀ ਬਹਿਸਬਾਜ਼ੀ ਹੋ ਗਈ। ਇਸ ਦੌਰਾਨ ਦੁਕਾਨਦਾਰ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ। ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਕਿ ਪੁਲੀਸ ਵੱਲੋਂ ਦਵਿੰਦਰ ਪਾਲ, ਸੁਧੀਰ ਕੁਮਾਰ ਅਤੇ ਸ਼ੀਤਲ ਰਾਮ ਪਿੰਡ ਧੌਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।