ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀ ਮਹਿਲਾ ਦੀ ਕੁੱਟਮਾਰ
ਧਿਆਨ ਸਿੰਘ ਭਗਤ
ਕਪੂਰਥਲਾ, 3 ਨਵੰਬਰ
ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀ ਇੱਕ ਔਰਤ ਨੂੰ ਰਾਹ ਵਿੱਚ ਘੇਰ ਕੇ ਕੁੱਟਮਾਰ ਦੇ ਦੋਸ਼ ਹੇਠ ਥਾਣਾ ਬੇਗੋਵਾਲ ਪੁਲੀਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਬਿਆਨ ਵਿੱਚ ਪਰਮਜੀਤ ਕੌਰ (48) ਪਤਨੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਸਕੂਟਰੀ ’ਤੇ ਝੰਗੀ ਗੁਰਦੁਆਰਾ ਸਾਹਿਬ ਸਿੰਘ ਮਕਸੂਦਪੁਰ ਮੱਥਾ ਟੇਕਣ ਜਾ ਰਹੀ ਸੀ ਤੇ ਉਸ ਦੀ ਸਕੂਟਰੀ ਦੇ ਪਿੱਛੇ ਉਸ ਦੀ ਘਰੇਲੂ ਕੰਮ ਕਰਨ ਵਾਲੀ ਲੜਕੀ ਹਰਪ੍ਰੀਤ ਕੌਰ ਉਸ ਦੀ ਪੋਤਰੀ ਗੁਰਸਿਫਤ ਕੌਰ ਨੂੰ ਚੁੱਕ ਕੇ ਬੈਠੀ ਹੋਈ ਸੀ। ਰਾਹ ਵਿੱਚ ਦੋ ਅਣਪਛਾਤੇ ਲੜਕਿਆਂ ਨੇ ਉਸ ਨੂੰ ਰੋਕ ਲਿਆ। ਇੰਨੇ ਨੂੰ ਇੱਕ ਹੋਰ ਮੋਟਰਸਾਈਕਲ ’ਤੇ ਤਿੰਨ ਹੋਰ ਲੜਕੇ ਉਸਦੇ ਪਿੱਛੇ ਆ ਗਏ ਜਿਨ੍ਹਾਂ ਵਿੱਚੋਂ ਉਸ ਨੇ ਇੱਕ ਮੁਲਜ਼ਮ ਨੂੰ ਪਛਾਣ ਲਿਆ। ਸ਼ਿਕਾਇਤਕਰਤਾ ਅਨੁਸਾਰ ਕਥਿਤ ਦੋਸ਼ੀ ਗੁਰਦਿੱਤ ਸਿੰਘ ਉਰਫ ਦੀਪ ਵਾਸੀ ਕਲੋਨੀ ਭੁਲੱਥ ਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਇੱਕ ਵਿਅਕਤੀ ਨੇ ਉਸ ਦੇ ਸਿਰ ਵਿੱਚ ਦਾਤਰ ਨਾਲ ਵਾਰ ਕੀਤਾ। ਪੁਲੀਸ ਨੇ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪਟਾਕਾ ਵਪਾਰੀ ਦੀ ਕੁੱਟਮਾਰ ਮਾਮਲੇ ਵਿੱਚ ਕੇਸ ਦਰਜ
ਕਪੂਰਥਲਾ: ਮਾਮੂਲੀ ਗੱਲ ਤੋਂ ਹੋਈ ਤਲਖਕਲਾਮੀ ਤੋਂ ਬਾਅਦ ਪਟਾਕਾ ਵਪਾਰੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਕਰੀਬ ਦੋ ਦਰਜਨ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਲਰਾਮ ਢੀਂਗਰਾ 1 ਨਵੰਬਰ ਨੂੰ ਆਪਣੀ ਦੁਕਾਨ ’ਤੇ ਪਟਾਕੇ ਵੇਚ ਰਿਹਾ ਸੀ ਤਾਂ ਕੁੱਝ ਨੌਜਵਾਨ ਆਏ ਜਿਨ੍ਹਾਂ ਪਟਾਕੇ ਖਰੀਦ ਕੇ ਪੈਸੇ ਦਿੱਤੇ ਜਿਨ੍ਹਾਂ ’ਚੋਂ ਉਸਨੂੰ ਕੁੱਝ ਨੋਟ ਜਾਅਲੀ ਲੱਗੇ। ਜਦੋਂ ਦੁਕਾਨਦਾਰ ਨੇ ਉਹ ਪੈਸੇ ਵਾਪਸ ਕਰ ਦਿੱਤੇ ਤਾਂ ਪਟਾਕੇ ਖਰੀਦ ਆਇਆ ਨੌਜਵਾਨ ਤੇ ਉਸਦੇ ਸਾਥੀ ਬਹਿਸਬਾਜ਼ੀ ਕਰਨ ਲੱਗੇ ਤੇ ਉਸ ਨਾਲ ਗਾਲੀ ਗਲੋਚ ਕੀਤਾ। ਮੌਕੇ ’ਤੇ ਦੁਕਾਨਦਾਰਾਂ ਤੇ ਸਕਿਉਰਿਟੀ ਗਾਰਡ ਨੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ। ਨੌਜਵਾਨ ਸ਼ਾਮ ਨੂੰ ਮੁੜ ਆਪਣੇ ਸਾਥੀਆਂ ਸਮੇਤ ਆਏ ਤੇ ਉਸਦੇ ਭਤੀਜੇ ਜਸਕਰਨ ਸਿੰਘ ਨੂੰ ਫੜ ਲਿਆ ਤੇ ਕੁੱਟਮਾਰ ਕੀਤੀ। ਇਸ ਸਬੰਧ ’ਚ ਪੁਲੀਸ ਨੇ ਦੀਪੂ ਤੇ 15 ਤੋਂ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
ਮਜ਼ਦੂਰ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਕਪੂਰਥਲਾ: ਇੱਕ ਮਜ਼ਦੂਰ ਦੀ ਕੁੱਟਮਾਰ ਕਰਕੇ ਉਸਦੀ ਉਂਗਲੀ ਕੱਟਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਨਾਲ ਕੁੱਝ ਪਰਵਾਸੀ ਮਜ਼ਦੂਰ ਰੱਖੇ ਹੋਏ ਹਨ। ਬੀਤੀ 1 ਨਵੰਬਰ ਨੂੰ ਉਸਦਾ ਮਜ਼ਦੂਰ ਸਿਕੰਦਰ ਟਰੈਕਟਰ ’ਤੇ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਉਸਨੂੰ ਰਸਤੇ ’ਚ ਘੇਰ ਲਿਆ ਤੇ ਉਸਦੀ ਕੁੱਟਮਾਰ ਕੀਤੀ ਜਿਸ ਨਾਲ ਉਸਦੀ ਉਂਗਲੀ ਕੱਟੀ ਗਈ। ਪੁਲੀਸ ਨੇ ਸਿਕੰਦਰ ਵਾਸੀ ਬੱਲੋਚੱਕ, ਜਸਵੰਤ ਸਿੰਘ, ਜਗਤਾਰ ਸਿੰਘ ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ