ਦਸਤਾਰਧਾਰੀ ਪਾੜ੍ਹੇ ਦੀ ਕੁੱਟਮਾਰ: ਪੁਲੀਸ ਅਧਿਕਾਰੀ ਨੂੰ ਮਿਲਿਆ ਦਿੱਲੀ ਕਮੇਟੀ ਦਾ ਵਫ਼ਦ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਸਤੰਬਰ
ਇੱਥੋਂ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਦਸਤਾਰਧਾਰੀ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਫ਼ਦ ਡੀਸੀਪੀ ਉੱਤਰੀ ਸੁਧਾਂਸ਼ੂ ਵਰਮਾ ਨੂੰ ਮਿਲਿਆ। ਇਸ ਮੌਕੇ ਕਾਲਜ ਦੇ ਖਜ਼ਾਨਚੀ ਇੰਦਰਪ੍ਰੀਤ ਸਿੰਘ ਕੋਛੜ ਵੀ ਸਨ। ਵਫ਼ਦ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਬੀਤੀ ਰਾਤ ਐੱਫਆਈਆਰ ਦਰਜ ਹੋ ਗਈ ਹੈ ਜੋ ਧਾਰਾ 299 115, 391 ਅਤੇ 35 ਤਹਿਤ ਦਰਜ ਹੋਈ ਹੈ। ਉਨ੍ਹਾਂ ਦੱਸਿਆ ਕਿ ਡੀਸੀਪੀ ਨੇ ਭਰੋਸਾ ਦਿੱਤਾ ਹੈ ਕਿ ਇਸ ਵਿੱਚ ਧਾਰਾ 74 ਅਤੇ 75 ਹੋਰ ਜੋੜੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸਚਿਨ ਤੋਮਰ ਨਾਂ ਦੇ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਹੋਈ ਹੈ ਜੋ ਫ਼ਰਾਰ ਚਲ ਰਿਹਾ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਆ ਕੇ ਦਸਤਾਰਧਾਰੀ ਨੌਜਵਾਨ ਦਾ ਨਾਮਜ਼ਦਗੀ ਪੱਤਰ ਫਾੜਿਆ ਤੇ ਉਸ ਨਾਲ ਕੁੱਟਮਾਰ ਕੀਤੀ। ਕਾਲਜ ਦੇ ਪ੍ਰਿੰਸੀਪਲ ਵੱਲੋਂ ਇਸ ਸਬੰਧੀ ਵਿਦਿਆਰਥੀਆਂ ਦੀ ਰਾਏ ਨਾਲ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਪਾੜੇ ਗਏ ਤੇ ਵਿਦਿਆਰਥਣਾਂ ਨਾਲ ਵੀ ਬਦਸਲੂਕੀ ਕੀਤੀ ਗਈ। ਉਧਰ, ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਮੁਖੀ ਰਣਜੀਤ ਕੌਰ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਮਾਮਲੇ ਦਾ ਪਤਾ ਲੱਗਦੇ ਹੀ ਬੀਤੀ ਰਾਤ ਦਲ ਦੇ ਆਗੂਆਂ ਨੇ ਉੱਥੇ ਧਰਨਾ ਦਿੱਤਾ ਤੇ ਪੁਲੀਸ ਨੇ ਫਿਰ ਕੇਸ ਦਰਜ ਕੀਤਾ।