ਕੁੱਟਮਾਰ: ਖੇਤ ਮਜ਼ਦੂਰਾਂ ਵੱਲੋਂ ਡੀਐੱਸਪੀ ਦਫਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਲੰਬੀ, 24 ਨਵੰਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਿਠੜੀ ਬੁੱਧਗਿਰ ਵਿੱਚ ਵਿਆਹੁਤਾ ਔਰਤ ਦੀ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਮਾਮਲੇ ’ਚ ਡੀ.ਐਸ.ਪੀ. ਦਫਤਰ ਲੰਬੀ ਦੇ ਮੂਹਰੇ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਪਿੰਡ ਸਿੰਘੇ ਵਾਲਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਪਿੰਡ ਮਿਠੜੀ ਬੁੱਧਗਿਰ ਵਿਖੇ ਧੀ ਨੂੰ ਉਸ ਦੇ ਸਹੁਰੇ ਪਰਿਵਾਰ ਨੇ 28 ਜੁਲਾਈ ਨੂੰ ਕੁੱਝ ਵਿਅਕਤੀਆਂ ਦੀ ਸ਼ਹਿ ’ਤੇ ਕੁੱਟਮਾਰ ਕਰਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਰਾਤ ਨੂੰ ਥਾਣਾ ਕਿੱਲਿਆਂਵਾਲੀ ਦੇ ਦੋ ਮਲਾਜ਼ਮ ਨਾਲ ਲਿਜਾ ਕੇ ਵਿਆਹੁਤਾ ਔਰਤ ਨੂੰ ਮਿਠੜੀ ਤੋਂ ਜਾ ਕੇ ਉਸ ਦੇ ਸੁਹਰੇ ਪਰਿਵਾਰ ਕੋਲੋਂ ਛੁਡਵਾ ਕੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਪੀੜਤਾ ਨੂੰ 6 ਦਿਨ ਹਸਪਤਾਲ ਦਾਖਲ ਰੱਖਿਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਲੜਕੀ ਦੇ ਬਿਆਨਾਂ ਉਪਰੰਤ ਕੋਈ ਕਰਵਾਈ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਰਹੂਮ ਪ੍ਰਧਾਨ ਨਾਨਕ ਸਿੰਘ ਦੇ ਲੜਕੇ ਪ੍ਰਵੀਨ ਕੁਮਾਰ ਨੇ ਆਪਣੇ ਘਰ ਮੂਹਰੇ ਨਾਜਾਇਜ਼ ਸਰਾਬ ਵੇਚਣ ਤੋਂ ਰੋਕਿਆ ਤਾਂ ਨਾਜਾਇਜ਼ ਸਰਾਬ ਵੇਚਣ ਵਾਲੇ ਨੇ ਬਾਹਰ ਤੋਂ ਬੰਦੇ ਮੰਗਵਾ ਕੇ ਕੁੱਟਮਾਰ ਕਰਨ ਵਾਲੇ ਖਿਲਾਫ ਪੁਲੀਸ ਨੂੰ ਦਰਖਾਸਤ ਦੇਣ ਦੇ ਤਿੰਨ ਮਹੀਨੇ ਬਾਅਦ ਵੀ ਕੋਈ ਕਰਵਾਈ ਨਹੀਂ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇਂ, ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਬਾਜ ਸਿੰਘ ਭੁੱਟੀਵਾਲਾ, ਕਾਲਾ ਸਿੰਘ ਅਤੇ ਰਾਜਾ ਸਿੰਘ ਖੂੰਨਣ ਖੁਰਦ, ਰਾਮਪਾਲ ਗੱਗੜ ਨੇ ਕਿਹਾ ਕਿ ਪਹਿਲੀਆਂ ਅਕਾਲੀਆਂ ਤੇ ਕਾਂਗਰਸ ਸਰਕਾਰਾਂ ਵਾਂਗ ‘ਆਪ’ ਸਰਕਾਰ ਵਿੱਚ ਵੀ ਸਿਆਸੀ ਲੀਡਰਾਂ ਦੀ ਸ਼ਹਿ ’ਤੇ ਪੁਲੀਸ ਵੱਲੋਂ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਭਾਵੇਂ ਤਿੰਨ ਮਹੀਨੇ ਬੀਤਣ ਬਾਅਦ ਕੱਲ ਧਰਨੇ ਦੇ ਦਬਾਅ ਤਹਿਤ ਪੁਲਿਸ ਵੱਲੋਂ ਕੁੜੀ ਦੇ ਸੁਹਰੇ ਪਰਿਵਾਰ ਦੇ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਲੜਕੀ ਨੂੰ ਮਾਰਨ ਦੀ ਕੋਸ਼ਿਸ਼ ਦੇ ਹੋਰਨਾਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੋਵੇਂ ਮਾਮਲਿਆਂ ਵਿੱਚ ਆਗਾਮੀ ਦਿਨਾਂ ’ਚ ਜ਼ਿਲ੍ਹਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਧਰਨੇ ਦੀ ਹਮਾਇਤ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘੇ ਵਾਲਾ, ਮਲਕੀਤ ਸਿੰਘ ਗੱਗੜ, ਨਿਸ਼ਾਨ ਸਿੰਘ ਕੱਖਾਂਵਾਲੀ ਨੇ ਸੰਬੋਧਨ ਕੀਤਾ। ਦੂਜੇ ਪਾਸੇ ਪੱਖ ਜਾਣਨ ਦੀ ਕੋਸ਼ਿਸ਼ ’ਤੇ ਡੀਐੱਸਪੀ ਜਸਪਾਲ ਸਿੰਘ ਧਾਲੀਵਾਲ ਨੇ ਫੋਨ ਨਹੀਂ ਚੁੱਕਿਆ।