ਕੁੱਟਮਾਰ ਮਾਮਲਾ: ਨਸ਼ਿਆਂ ਖਿ਼ਲਾਫ਼ ਮੁਹਿੰਮ ਵਿੱਢਣ ਵਾਲੇ ਨੂੰ ਪੁਲੀਸ ਨੇ ਨਿਰਦੋਸ਼ ਮੰਨਿਆ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਮੋਢੀ ਨੌਜਵਾਨ ਬਾਕਸਿੰਗ ਕੋਚ ਪਰਵਿੰਦਰ ਸਿੰਘ ਉਰਫ਼ ਝੋਟਾ ਨੂੰ ਮਾਨਸਾ ਪੁਲੀਸ ਵਲੋਂ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਉਸ ਦੇ ਰਿਕਾਰਡ ਵਿੱਚ ਪੁਲੀਸ ਨੇ ਖੁਦ ਮੰਨਿਆ ਕਿ ਨੌਜਵਾਨ ਦੀ ਗ੍ਰਿਫ਼ਤਾਰੀ ਝੂਠੇ ਬਿਆਨ ਦਰਜ ਕਰਵਾਉਣ ਵਜੋਂ ਹੋਈ ਹੈ। ਅਦਾਲਤ ‘ਚੋਂ ਮਿਲੇ ਰਿਕਾਰਡ ਮੁਤਾਬਕ ਪਰਵਿੰਦਰ ਸਿੰਘ ਨੂੰ ਮੁਕੱਦਮਾ ਨੰ: 131, ਮਿਤੀ 2 ਜੂਨ ਨੂੰ ਥਾਣਾ ਸਦਰ ਮਾਨਸਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਵਿਖੇ 5 ਜੂਨ ਨੂੰ ਦਿੱਤੇ ਪੁਲੀਸ ਦੇ ਪੱਖ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਪੂਰਨ ਤੌਰ ‘ਤੇ ਨਿਰਦੋਸ਼ ਦੱਸਿਆ ਗਿਆ ਹੈ। ਇਸ ਮੁਕੱਦਮੇ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਅਦਾਲਤ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕੇਸ ਦੀ ਪੈਰਵੀ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਐਡਵੋਕੇਟ ਬਲਵੰਤ ਸਿੰਘ ਭਾਟੀਆ, ਲਖਵਿੰਦਰ ਸਿੰਘ ਲਖਣਪਾਲ, ਜਸਵਤ ਸਿੰਘ ਦਾ ਪੈਨਲ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਜੱਜ ਦਲਜੀਤ ਕੌਰ ਦੀ ਅਦਾਲਤ ਵਿੱਚ ਪੁਲੀਸ ਵਲੋਂ ਪੇਸ਼ ਥਾਣਾ ਸਦਰ ਮਾਨਸਾ ਦੇ ਮੁਖੀ ਪ੍ਰਵੀਨ ਸ਼ਰਮਾ ਅਤੇ ਅਵਤਾਰ ਸਿੰਘ ਨੇ ਅਦਾਲਤ ਵਿੱਚ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਖਿਲਾਫ ਦਰਜ ਮੁਕਦਮੇ ਵਿੱਚ ਪਰਚਾ ਦਰਜ ਕਰਵਾਉਣ ਵਾਲੇ ਦਾ ਬਿਆਨ ਝੂਠਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਉਰਫ਼ ਝੋਟਾ ਨਿਰਦੋਸ਼ ਪਾਇਆ ਗਿਆ ਹੈ।