ਕੁੱਟਮਾਰ ਮਾਮਲਾ: ਸਾਰਨ ਥਾਣੇ ਦਾ ਐੱਸਆਈ ਮੁਅੱਤਲ
ਫਰੀਦਾਬਾਦ (ਪੱਤਰ ਪ੍ਰੇਰਕ): ਸ਼ਿਕਾਇਤਕਰਤਾ ਨਾਲ ਕੁੱਟਮਾਰ ਦੇ ਦੋਸ਼ ਹੇਠ ਸਾਰਨ ਥਾਣੇ ਦੇ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ ਦੀਆਂ ਹਦਾਇਤਾਂ ਅਨੁਸਾਰ ਪੁਲੀਸ ਸਾਰਨ ਦੇ ਐੱਸਆਈ ਸੁਰਿੰਦਰ ਨੂੰ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਲਸ਼ਨ ਨੇ ਸ਼ਰਾਰਤੀ ਅਨਸਰਾਂ ਵੱਲੋਂ ਸਾਰਨ ਥਾਣੇ ਖੇਤਰ ਵਿੱਚ ਦੇਵਸੇਨਾ ਦਫ਼ਤਰ ਨੂੰ ਅੱਗ ਲਾਉਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਐੱਸ.ਆਈ. ਸੁਰਿੰਦਰ ਨੇ ਉਸ ਨਾਲ ਕਥਿਤ ਦੁਰਵਿਵਹਾਰ ਕੀਤਾ ਅਤੇ ਕਥਿਤ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਉਸ ਨੂੰ ਕ੍ਰਾਈਮ ਬ੍ਰਾਂਚ ਲੈ ਗਏ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਪੀੜਤ ਵਿਅਕਤੀ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚਿਆ ਜਿੱਥੇ ਉਸ ਨੇ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਉੱਚ ਅਧਿਕਾਰੀਆਂ ਨੇ ਨੇ ਦੋਸ਼ੀ ਪੁਲੀਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਪੁਲੀਸ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।