For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਮਾਮਲਾ: ਜਨਤਕ ਜਥੇਬੰਦੀਆਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰਾ

10:21 AM Jul 15, 2024 IST
ਕੁੱਟਮਾਰ ਮਾਮਲਾ  ਜਨਤਕ ਜਥੇਬੰਦੀਆਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰਾ
ਸੰਗਰੂਰ ਵਿੱਚ ਮੁਜ਼ਾਹਰਾ ਕਰਦੇ ਹੋਏ ਦਲਿਤ ਮਨੁੱਖੀ ਅਧਿਕਾਰ ਸਭਾ ਦੇ ਕਾਰਕੁਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜੁਲਾਈ
ਦਲਿਤ ਮਨੁੱਖੀ ਅਧਿਕਾਰ ਸਭਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਦੋ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੇਸ ’ਚੋਂ ਐੱਸਸੀ/ਐੱਸਟੀ ਕਾਨੂੰਨ ਦੀ ਧਾਰਾ ਤੋੜਨ ਦੇ ਕਥਿਤ ਮਨਸੂਬਿਆਂ, ਕੇਸ ’ਚੋਂ ਜਗਤਾਰ ਸਿੰਘ ਲੱਡੀ ਨੂੰ ਬਾਹਰ ਕੱਢਣ, ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਦੇ ਦਲਿਤ ਵਿਰੋਧੀ ਰਵੱਈਏ ਖ਼ਿਲਾਫ਼ ਇੱਥੇ ਦਿੱਲੀ-ਲੁਧਿਆਣਾ ਮਾਰਗ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਸ ’ਚੋਂ ਐੱਸਸੀ/ਐੱਸਟੀ ਕਾਨੂੰਨ ਦੀ ਧਾਰਾ ਹਟਾਈ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਦਲਿਤ ਮਨੁੱਖੀ ਅਧਿਕਾਰ ਸਭਾ ਦੇ ਆਗੂ ਐਡਵੋਕੇਟ ਅਜੈਬ ਸਿੰਘ, ਬਹਾਲ ਸਿੰਘ ਬੇਨੜਾ ਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਦੋ ਦਲਿਤ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿਸ ਵਿਚ ਭੀੜ ਕਿਸਾਨ ਆਗੂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ’ਤੇ ਐੱਸਸੀ/ਐੱਸਟੀ ਐਕਟ ਤਹਿਤ ਥਾਣਾ ਸਦਰ ਵਿਚ ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਹੋਇਆ। ਇਸ ਕੇਸ ਵਿਚ ਮਨਜੀਤ ਸਿੰਘ ਘਰਾਚੋਂ ਨੂੰ ਕਰੀਬ 24 ਦਿਨ ਗ੍ਰਿਫ਼ਤਾਰ ਹੀ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਕਿਸਾਨ ਆਗੂਆਂ ਦੀ ਭਾਕਿਯੂ ਏਕਤਾ ਉਗਰਾਹਾਂ ਨੇ ਮਦਦ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਬਚਾਉਣ ਲਈ ਐੱਸਸੀ/ਐੱਸਟੀ ਕਾਨੂੰਨ ਦੀ ਧਾਰਾ ਲਗਾਉਣ ਖ਼ਿਲਾਫ਼ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਜਾਤ-ਪਾਤ ਵਿਰੋਧੀ ਹੋਣ ਦਾ ਦਾਅਵਾ ਕਰਦੀ ਹੈ ਪਰ ਜਦੋਂ ਕਿਸਾਨ ਜਥੇਬੰਦੀ ਵਲੋਂ ਦਲਿਤਾਂ ’ਤੇ ਜਬਰ ਕਰਨ ਵਾਲਿਆਂ ਦੀ ਮਦਦ ਕੀਤੀ ਜਾਵੇਗੀ ਤਾਂ ਫ਼ਿਰ ਦਲਿਤਾਂ ਦੀ ਸੁਰੱਖਿਆ ਦਾ ਕੀ ਬਣੇਗਾ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਦੋਸ਼ ਲਾਇਆ ਕਿ ਪੁਲੀਸ, ਪ੍ਰਸ਼ਾਸਨ ਤੇ ਭਾਕਿਯੂ ਏਕਤਾ ਉਗਰਾਹਾਂ ਦਲਿਤਾਂ ਉਪਰ ਜਬਰ ਕਰਨ ਵਾਲਿਆਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਸ ’ਚ ਐੱਸਸੀ/ਐੱਸਟੀ ਐਕਟ ਬਰਕਰਾਰ ਰੱਖਿਆ ਜਾਵੇ, ਜਗਤਾਰ ਸਿੰਘ ਲੱਡੀ ਨੂੰ ਗ੍ਰਿਫਤਾਰ ਕੀਤਾ ਜਾਵੇ, ਵਾਇਰਲ ਵੀਡੀਓ ’ਚੋਂ ਹੱਲਾਸ਼ੇਰੀ ਦੇਣ ਵਾਲਿਆਂ ਦੀ ਸ਼ਨਾਖ਼ਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਪੀੜਤ ਨੌਜਵਾਨਾਂ ਨੂੰ ਕੇਸ ’ਚੋਂ ਬਾਹਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਸ ’ਚੋਂ ਐੱਸਸੀ/ਐੱਸਟੀ ਕਾਨੂੰਨ ਦੀ ਧਾਰਾ ਤੋੜੀ ਗਈ ਅਤੇ ਕੇਸ ’ਚ ਇਰਾਦਾ ਕਤਲ ਦੀ ਧਾਰਾ ਦਾ ਵਾਧਾ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਜ਼ੋਰਾ ਸਿੰਘ ਚੀਮਾ, ਨਾਜ਼ਮ ਹੱਲਾ, ਅੰਤਰਜਾਮੀ ਸਿੰਘ, ਸੇਵਾ ਖੰਡੇਬਾਦ, ਮੱਖਣ ਸ਼ਾਦੀਹਰੀ, ਸੋਨੀ ਬਹਾਦਰਪੁਰ ਆਦਿ ਸ਼ਾਮਲ ਸਨ।

Advertisement
Advertisement
Author Image

sukhwinder singh

View all posts

Advertisement
×