ਕੁੱਟਮਾਰ ਮਾਮਲੇ: ਪੁਲੀਸ ਵੱਲੋਂ ਅੱਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਕਤੂਬਰ
ਵੱਖ-ਵੱਖ ਥਾਵਾਂ ’ਤੇ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਅੱਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਜਵਾਹਰ ਨਗਰ ਕੈਂਪ ਵਿੱਚ ਸ਼ਰਾਬੀ ਹਾਲਤ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਜਤਿਨ ਵਾਸੀ ਬੇਰੀ ਕਲੋਨੀ ਧਾਂਦਰਾ ਰੋਡ ਨੇ ਦੱਸਿਆ ਕਿ ਉਹ ਮਹਿਕ ਸਵੀਟ ਜਵਾਹਰ ਨਗਰ ਕੈਂਪ ਤੋਂ ਮੋਮੋਜ਼ ਖਾਣ ਲਈ ਗਿਆ ਸੀ ਤਾਂ ਕੁੱਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਪਾਸੋਂ ਕੋਲਡ ਡਰਿੰਕ ਦੇ ਛਿੱਟੇ ਜਤਿਨ ਉਪਰ ਪੈ ਗਏ ਤਾਂ ਉਸਨੇ ਉਨ੍ਹਾਂ ਨੂੰ ਕੋਲਡ ਡਰਿੰਕ ਧਿਆਨ ਨਾਲ ਖੋਲ੍ਹਣ ਲਈ ਕਿਹਾ ਜਿਸ ’ਤੇ ਉਨ੍ਹਾਂ ਨੇ ਦਾਤ ਨਾਲ ਉਸਦੀ ਕੁੱਟਮਾਰ ਕੀਤੀ ਗਈ। ਜਤਿਨ ਵੱਲੋਂ ਰੌਲਾ ਪਾਉਣ ’ਤੇ ਉਹ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਉਸਨੂੰ ਨਿਉਰੋ ਲਾਈਫ ਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੇ ਇਲਾਕੇ ਪਿੰਡ ਬੌਂਕੜ ਗੁੱਜਰਾਂ ਵਿੱਚ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੀ ਕੁੱਟਮਾਰ ਕਰ ਕੇ ਚਾਂਦੀ ਦਾ ਕੜਾ, ਨਕਦੀ ਅਤੇ ਮੋਟਰਸਾਈਕਲ ਲੁੱਟਣ ਦਾ ਦੋਸ਼ ਹੈ। ਇਸ ਸਬੰਧੀ ਪਿੰਡ ਬੋਂਕੜ ਗੁੱਜਰਾਂ ਵਾਸੀ ਸਰਵਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁੱਧ ਦੀ ਡੇਅਰੀ ’ਤੇ ਮੌਜੂਦ ਸੀ ਤਾਂ ਦੋ ਵਿਅਕਤੀ ਆਏ ਜਿਨ੍ਹਾਂ ਨੇ ਉਸ ਨਾਲ ਗਾਲੀ ਗਲੋਚ ਕਰਕੇ 5 ਤੋਲੇ ਦਾ ਚਾਂਦੀ ਦਾ ਕੜਾ ਅਤੇ 15 ਹਜ਼ਾਰ 500 ਰੁਪਏ ਦੀ ਨਕਦੀ ਕੱਢ ਕੇ ਉਸਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।