ਕੁੱਟਮਾਰ ਮਾਮਲੇ: ਪੁਲੀਸ ਵੱਲੋਂ 17 ਮੁਲਜ਼ਮਾਂ ਖ਼ਿਲਾਫ਼ ਕੇਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ ਦੋ ਔਰਤਾਂ ਸਮੇਤ 17 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਨਿਊ ਅਸ਼ੋਕ ਨਗਰ ਵਾਸੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਸੈਲੂਨ ਤੋਂ ਘਰ ਜਾ ਰਿਹਾ ਸੀ ਕਿ ਜਦੋਂ ਉਹ ਜੱਸੀਆਂ ਰੋਡ ਵੱਲੋਂ ਸ਼ਮਸ਼ਾਨਘਾਟ ਨੇੜੇ ਰੇਲਵੇ ਲਾਈਨਾਂ ਪਾਸ ਪੁੱਜਾ ਤਾਂ ਗਲੀ ਵਿੱਚ ਪਹਿਲਾਂ ਤੋਂ ਖੜ੍ਹੇ ਕੁੱਝ ਵਿਅਕਤੀਆਂ ਨੇ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਕੁੱਟਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ਤੇ ਉਸਦੇ ਪਿਤਾ ਅਤੇ ਚਾਚਾ ਉਸਨੂੰ ਛੁਡਵਾਉਣ ਲਈ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਲੋਕਾਂ ਦਾ ਇਕੱਠ ਹੁੰਦਾ ਦੇਖਕੇ ਉਹ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਰਿਸ਼ਬ, ਕਰਨ, ਕਾਰਤਿਕ, ਸਾਹਿਲ, ਬਲਰਾਮ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਛਾਉਣੀ ਮੁਹੱਲਾ ਵਾਸੀ ਮਮਤਾ ਪਤਨੀ ਜਸਵੰਤ ਨੇ ਦੱਸਿਆ ਕਿ ਉਹ ਸ਼ਰਨਵੀਰ ਸਿੰਘ ਪਾਸ ਜੌਬ ਪਲੇਸਮੈਂਟ ਦਾ ਕੰਮ ਕਰਦੀ ਹੈ। ਕੁੱਝ ਦਿਨ ਪਹਿਲਾਂ ਉਹ ਆਪਣੇ ਮਾਲਕ ਦੀ ਦੁਕਾਨ ਦੇ ਬਾਹਰ ਭਾਬੀ ਮੋਨਾ, ਹੈਨਰੀ ਕੁਮਾਰ ਅਤੇ ਸ਼ਰਨਵੀਰ ਸਿੰਘ ਨਾਲ ਗੱਲਬਾਤ ਕਰ ਰਹੀ ਸੀ ਕਿ ਪੂਜਾ ਕਪੂਰ ਅਤੇ ਉਸਦੀ ਮਾਤਾ ਮੀਨੂ ਕਪੂਰ ਨੇ ਆ ਕੇ ਉਸ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਕੀਤਾ ਅਤੇ ਉਸਨੂੰ ਅਤੇ ਉਸਦੀ ਭਾਬੀ ਨੂੰ ਜਾਤੀਸੂਚਕ ਸ਼ਬਦ ਬੋਲੇ ਜਿਸਦੀ ਉਸ ਪਾਸ ਵੀਡੀਓ ਵੀ ਹੈ। ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪੂਜਾ ਕਪੂਰ ਅਤੇ ਉਸਦੀ ਮਾਤਾ ਮੀਨੂੰ ਕਪੂਰ ਵਾਸੀ ਫਰਨੀਚਰ ਮਾਰਕੀਟ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।