ਕੁੱਟਮਾਰ ਮਾਮਲਾ: ਪੀੜਤਾਂ ਦੇ ਹੱਕ ਵਿੱਚ ਡਟੀਆਂ ਜਥੇਬੰਦੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜੁਲਾਈ
ਦੋ ਨੌਜਵਾਨਾਂ ਦੀ ਕੁੱਟਮਾਰ ਦੀ ਘਟਨਾ ਨੂੰ ਭਾਵੇਂ ਸਵਾ ਮਹੀਨਾ ਬੀਤ ਗਿਆ ਹੈ ਪਰ ਇਹ ਮਾਮਲਾ ਅਜੇ ਵੀ ਠੰਢਾ ਨਹੀਂ ਪਿਆ। ਅੱਜ ਜਿੱਥੇ ਵੱਖ-ਵੱਖ ਐੱਸਸੀ ਜਥੇਬੰਦੀਆਂ ’ਤੇ ਆਧਾਰਿਤ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਪੀੜਤ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਹਰ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਉਥੇ ਭਲਕੇ 14 ਜੁਲਾਈ ਨੂੰ ਦਲਿਤ ਮਨੁੱਖੀ ਅਧਿਕਾਰੀ ਸਭਾ ਪੰਜਾਬ ਵਲੋਂ ਵੀ ਸੰਗਰੂਰ ’ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਐੱਸਸੀ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਲਾਈ ਐੱਸਸੀ/ਐੱਸਟੀ ਐਕਟ ਦੀ ਧਾਰਾ ਬਰਕਰਾਰ ਰੱਖੀ ਜਾਵੇ ਜਾਵੇ ਅਤੇ ਕੇਸ ਵਿਚ ਇਰਾਦਾ ਕਤਲ ਦੀ ਧਾਰਾ ਦਾ ਵੀ ਵਾਧਾ ਕੀਤਾ ਜਾਵੇ। ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਦਰਸ਼ਨ ਸਿੰਘ ਕਾਂਗੜਾ, ਵਿੱਕੀ ਪਰੋਚਾ ਧੂਰੀ ਅਤੇ ਸ਼ਕਤੀਜੀਤ ਸਿੰਘ ਆਦਿ ਨੇ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਸੀ ਜਥੇਬੰਦੀਆਂ ਪੀੜਤ ਪਰਿਵਾਰਾਂ ਨਾਲ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਦੀ ਮੰਗ ’ਤੇ ਜ਼ਿਲ੍ਹਾ ਪੁਲੀਸ ਵਲੋਂ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ ਸੀ ਜੋ ਕਿ 15 ਜੁਲਾਈ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਕੋਲ ਜਾਂਚ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਕਿਯੂ ਏਕਤਾ ਉਗਰਾਹਾਂ ਆਪਣੇ ਆਗੂ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਲੱਗੀ ਐੱਸਸੀ/ਐੱਸਟੀ ਦੀ ਧਾਰਾ ਰੱਦ ਕਰਾਉਣਾ ਚਾਹੁੰਦੀ ਹੈ ਜੋ ਕਿ ਅਤਿ ਮੰਦਭਾਗਾ ਹੈ।
ਉਨ੍ਹਾਂ ਜਗਤਾਰ ਸਿੰਘ ਲੱਡੀ ਨੂੰ ਕੇਸ ’ਚੋਂ ਬਾਹਰ ਕਰਨ ਬਾਰੇ ਕਿਹਾ ਕਿ ਜ਼ਿਲ੍ਹਾ ਪੁਲੀਸ ਵਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮੌਕੇ ਪੀੜਤ ਨੌਜਵਾਨਾਂ ਦੇ ਪਿਤਾ ਸਤਿਗੁਰ ਸਿੰਘ ਚੱਠੇ ਸੇਖਵਾਂ ਅਤੇ ਸਤਿਗੁਰ ਸਿੰਘ ਬਾਲੀਆਂ ਵੀ ਮੌਜੂਦ ਸਨ। ਦੂਜੇ ਪਾਸੇ ਦਲਿਤ ਮਨੁੱਖੀ ਅਧਿਕਾਰ ਸਭਾ ਪੰਜਾਬ ਨੇ ਭਲਕੇ 14 ਜੁਲਾਈ ਨੂੰ ਬਰਨਾਲਾ ਕੈਂਚੀਆਂ ਸੰਗਰੂਰ ਵਿੱਚ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸਭਾ ਦੇ ਆਗੂ ਬਹਾਲ ਸਿੰਘ ਬੇਨੜਾ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਕਿਸਾਨ ਜਥੇਬੰਦੀ ਦੇ ਦਬਾਅ ਹੇਠ ਪੁਲੀਸ ਨੇ ਕੇਸ ਵਿਚੋਂ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੂੰ ਕੇਸ ’ਚੋਂ ਕੱਢ ਦਿੱਤਾ ਹੈ ਅਤੇ ਐੱਸਸੀਐੱਸਟੀ ਦੀ ਧਾਰਾ ਰੱਦ ਕਰਾਉਣ ਬਾਰੇ ਕਿਸਾਨ ਜਥੇਬੰਦੀ ਨੂੰ ਭਰੋਸਾ ਦਿੱਤਾ ਹੈ ਜੋ ਕਿ ਪੀੜਤ ਪਰਿਵਾਰਾਂ ਨਾਲ ਬੇਇਨਸਾਫ਼ੀ ਹੈ।