ਕੁੱਟਮਾਰ ਦਾ ਮਾਮਲਾ: ਕਿਸਾਨ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਨਵੰਬਰ
ਸਹਿਕਾਰੀ ਸਭਾ ਭੂਦਨ ਦੇ ਸਕੱਤਰ ਕਰਨੈਲ ਸਿੰਘ ਦੀ ਪੁਲੀਸ ਵੱਲੋਂ ਕਥਿਤ ਕੁੱਟਮਾਰ ਦੇ ਮਾਮਲੇ ’ਚ ਇਨਸਾਫ਼ ਲਈ ਕਿਸਾਨ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਦਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਬਨਭੌਰਾ ਅਤੇ ਪਟਿਆਲਾ ਡਵੀਜ਼ਨ ਦੇ ਜਨਰਲ ਸਕੱਤਰ ਮੇਜਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਪੀੜਤ ਕਰਨੈਲ ਸਿੰਘ ਦੇ ਪਿਤਾ ਮੱਘਰ ਸਿੰਘ, ਬੀਕੇਯੂ ਏਕਤਾ (ਉਗਰਾਹਾਂ) ਦੇ ਕੁਲਵਿੰਦਰ ਸਿੰਘ ਭੂਦਨ, ਕੇਵਲ ਸਿੰਘ ਭੜੀ, ਕਿਰਤੀ ਕਿਸਾਨ ਯੂਨੀਅਨ ਦੇ ਮਾਨ ਸਿੰਘ ਸੱਦੋਪੁਰ ਤੇ ਰੁਪਿੰਦਰ ਸਿੰਘ ਚੌਂਦਾ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਅਬਦੁਲ ਸਤਾਰ, ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਸੁਖਵਿੰਦਰ ਸਿੰਘ ਚੁੰਘਾਂ ਸ਼ਾਮਲ ਸਨ। ਵਫ਼ਦ ਨੇ ਮੰਗ ਕੀਤੀ ਕਿ ਬਿਨਾਂ ਵਜ੍ਹਾ ਕਰਨੈਲ ਸਿੰਘ ’ਤੇ ਤਸ਼ੱਦਦ ਕਰਨ ਵਾਲੇ ਪੁਲੀਸ ਕਰਮੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪੁਲੀਸ ਉਸ ਦੇ ਘਰੋਂ ਚੁੱਕ ਕੇ ਲਿਆਂਦੇ ਡੀਵੀਆਰ ਨੂੰ ਡੇਟਾ ਸਣੇ ਵਾਪਸ ਕੀਤਾ ਜਾਵੇ। ਜ਼ਿਲ੍ਹਾ ਪੁਲੀਸ ਮੁਖੀ ਗਗਨਅਜੀਤ ਸਿੰਘ ਨੇ ਵਫ਼ਦ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਬੈਠਕ ਕਰਕੇ ਫ਼ੈਸਲਾ ਕੀਤਾ ਕਿ ਜੇਕਰ ਪੁਲੀਸ ਵੱਲੋਂ 26 ਨਵੰਬਰ ਸ਼ਾਮ ਤੱਕ ਕਰਨੈਲ ਸਿੰਘ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਕਰਮੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਕਰਨੈਲ ਸਿੰਘ ਦੇ ਘਰੋਂ ਚੁੱਕਿਆ ਡੀਵੀਆਰ ਡੇਟਾ ਸਮੇਤ ਵਾਪਸ ਨਾ ਕੀਤਾ ਗਿਆ ਤਾਂ 27 ਨਵੰਬਰ ਨੂੰ ਦਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਧਰਨਾ ਦੇਣਗੀਆਂ। ਇਸ ਦੌਰਾਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸਕੱਤਰ ਪਰਮੇਲ ਸਿੰਘ ਹਥਨ ਅਤੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਮੁਬਾਰਕਪੁਰ ਨੇ ਦਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਯੂਨੀਅਨ ਵੱਲੋਂ ਵਿੱਢੇ ਜਾਣ ਵਾਲੇ ਸੰਘਰਸ਼ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉੱਧਰ ਅੱਜ ਜ਼ਿਲ੍ਹਾ ਮਾਲੇਰਕੋਟਲਾ ਅਤੇ ਸੰਗਰੂਰ ਦੀਆਂ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਕਰਨੈਲ ਸਿੰਘ ਉਪਰ ਹੋਏ ਪੁਲੀਸ ਤਸ਼ੱਦਦ ਵਿਰੁੱਧ ਸਹਿਕਾਰੀ ਸਭਾਵਾਂ ’ਚ ਕੰਮ-ਕਾਜ ਠੱਪ ਰੱਖਿਆ।